ਨਵੀਂ ਦਿੱਲੀ (ਸਮਾਜ ਵੀਕਲੀ): ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਕਾਰਨ ਪੈਦਾ ਹੋਏ ਖਤਰੇ ਕਰ ਕੇ ਸੋਮਵਾਰ ਰਾਤ 11 ਵਜੇ ਤੋਂ ਦਿੱਲੀ ਵਿਚ ਰਾਤ ਦਾ ਕਰਫਿਊ ਪ੍ਰਭਾਵੀ ਹੋਵੇਗਾ। ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਇਕ ਆਦੇਸ਼ ਮੁਤਾਬਕ ਉਨ੍ਹਾਂ ਸਾਰੇ ਵਿਅਕਤੀਆਂ ਦੀ ਆਵਾਜਾਈ ’ਤੇ ਰੋਕ ਹੋਵੇਗੀ ਜੋ ਛੋਟ ਪ੍ਰਾਪਤ ਸ਼੍ਰੇਣੀ ਵਿਚ ਨਹੀਂ ਆਉਂਦੇ ਹਨ। ਡੀਡੀਐੱਮਏ ਨੇ ਕਿਹਾ ਕਿ ਰਾਤ ਦਾ ਕਰਫਿਊ ਅਗਲੇ ਹੁਕਮਾਂ ਤੱਕ ਰਾਤ 11 ਵਜੇ ਤੋਂ ਸਵੇਰੇ 5 ਤੱਕ ਜਾਰੀ ਰਹੇਗਾ। ਕਰਫਿਊ ਤੋਂ ਛੋਟ ਪਾਉਣ ਵਾਲਿਆਂ ਵਿਚ ਸਰਕਾਰੀ ਅਧਿਕਾਰੀ, ਜੱਜ ਅਤੇ ਨਿਆਂਇਕ ਅਧਿਕਾਰੀ, ਸਿਹਤ ਕਾਮੇ, ਗਰਭਵਤੀ ਮਹਿਲਾਵਾਂ ਅਤੇ ਮਰੀਜ਼, ਜ਼ਰੂਰੀ ਸਾਮਾਨ ਖਰੀਦਣ ਲਈ ਪੈਦਲ ਜਾਣ ਵਾਲੇ ਲੋਕ, ਮੀਡੀਆ ਕਰਮੀ ਅਤੇ ਰੇਲਵੇ ਸਟੇਸ਼ਨਾਂ, ਬੱਸ ਸਟਾਪ ਅਤੇ ਹਵਾਈ ਅੱਡਾ ਜਾਣ ਵਾਲੇ ਜਾਂ ਪਰਤਣ ਵਾਲੇ ਲੋਕ ਸ਼ਾਮਲ ਹਨ।
ਰਾਤ ਦੇ ਕਰਫਿਊ ਦੌਰਾਨ ਮੈਟਰੋ ਰੇਲਾਂ ਅਤੇ ਸਰਕਾਰੀ ਟਰਾਂਸਪੋਰਟ ਦੀਆਂ ਬੱਸਾਂ ਵਿਚ ਸਿਰਫ਼ ਛੋਟ ਪ੍ਰਾਪਤ ਸ਼੍ਰੇਣੀ ਦੇ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਦਿੱਲੀ ਵਿਚ ਐਤਵਾਰ ਨੂੰ ਕੋਵਿਡ-19 ਦੇ 290 ਕੇਸ ਦਰਜ ਕੀਤੇ ਗਏ ਜਦਕਿ ਲਾਗ ਦੀ ਦਰ 0.556 ਫੀਸਦ ਰਹੀ। ਪੜਾਅਵਾਰ ਪ੍ਰਤੀਕਿਰਿਆ ਕਾਰਜ ਯੋਜਨਾ (ਜੀਆਰਏਪੀ) ਅਨੁਸਾਰ, ਜੇਕਰ ਲਾਗ ਦੀ ਦਰ ਲਗਾਤਾਰ ਦੋ ਦਿਨਾਂ ਤੱਕ 0.5 ਫ਼ੀਸਦ ਰਹਿੰਦੀ ਹੈ ਤਾਂ ਇਕ ‘ਪੀਲੀ’ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ। ਪੀਲੀ ਚਿਤਾਵਨੀ ਜਾਰੀ ਹੁੰਦੇ ਹੀ ਰਾਤ ਦਾ ਕਰਫਿਊ, ਸਕੂਲ ਤੇ ਕਾਲਜ ਬੰਦ ਕਰਨਾ, ਮੈਟਰੋ ਰੇਲਾਂ ਤੇ ਬੱਸਾਂ ਵਿਚ ਬੈਠਣ ਦੀ ਸਮਰੱਥਾ ਅੱਧੀ ਕਰਨਾ, ਗੈਰ ਜ਼ਰੂਰੀ ਦੁਕਾਨਾਂ ਤੇ ਮਾਲ ਆਦਿ ਨੂੰ ਬੰਦ ਕਰਨ ਸਣੇ ਸਾਰੀਆਂ ਪਾਬੰਦੀਆਂ ਲਾਗੂ ਹੋ ਜਾਂਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly