~ ਰਿਤੂ ਵਾਸੂਦੇਵ
(ਸਮਾਜ ਵੀਕਲੀ) ਮੈਂ ਜਿਸ ਸਕੂਲ ਵਿੱਚ ਪੜ੍ਹਾਉਂਦੀ ਹਾਂ, ਉਹ ਪਿੰਡ ਦਾ ਛੋਟਾ ਜਿਹਾ ਸਕੂਲ ਹੈ। ਮੈਂ ਆਪਣੀ ਜਮਾਤ ਦੇ ਬੱਚਿਆਂ ਨੂੰ ਹਰ ਤਿਉਹਾਰ ਦੀ ਜਾਣਕਾਰੀ ਦਿੰਦੀ ਹੋਈ, ਉਸ ਦਾ ਮਹੱਤਵ ਦੱਸ ਕੇ, ਉਹਨਾਂ ਅੰਦਰ ਹੋਰ ਜਾਨਣ ਦੀ ਇੱਛਾ ਪੈਦਾ ਕਰਨ ਦਾ ਯਤਨ ਕਰਦੀ ਹਾਂ। ਇਸ ਵਾਰ ‘ਚਿਲਡਰਨ ਡੇ’ ਮਨਾਇਆ ਜਾਣਾ ਸੀ। ਮੈਂ ਬੱਚਿਆਂ ਨੂੰ ਛੋਟਾ ਜਿਹਾ ਨਾਟਕ ਖੇਡਣ ਲਈ ਤਿਆਰੀ ਕਰਵਾਈ। ਜਮਾਤ ਦੇ ਕਮਰੇ ਵਿੱਚ ਵੀ ‘ਚਿਲਡਰਨ ਡੇ’ ਨਾਲ ਸੰਬੰਧਿਤ ਕਲਾਕਾਰੀ ਕੀਤੀ ਗਈ, ਪਰ ਅਜੇ ‘ਚਿਲਡਰਨ ਡੇ’ ਦਾ ਪੋਸਟਰ ਬਣਨਾ ਬਾਕੀ ਸੀ। ਪੋਸਟਰ ਬਣਾਉਣ ਦਾ ਸਮਾਂ ਨਹੀਂ ਮਿਲਿਆ ਕਰਕੇ, ਮੈਂ ਪਿੰਡ ਦੇ ਵਿੱਚ ਹੀ ਇੱਕ ਚਿੱਤਰਕਾਰ ਦੀ ਦੁਕਾਨ ਤੇ ਗਈ। ਚਿੱਤਰਕਾਰ ਦਾ ਨਾਂ **ਦੇਵ* ਸੀ। ਉਹ ਬਹੁਤ ਬਜ਼ੁਰਗ ਆਦਮੀ ਸੀ। ਅੱਠ ਦਹਾਕੇ ਪਾਰ ਕਰ ਚੁੱਕਾ **ਦੇਵ*, ਸਰੀਰ ਪੱਖੋਂ ਵੀ ਮਾੜਾ ਸੀ ਤੇ ਨਜ਼ਰ ਵੀ ਕਮਜ਼ੋਰ ਹੋ ਗਈ ਸੀ। ਦੁਕਾਨ ਦੀ ਛੱਤ ਵੀ ਕੱਚੀ ਸੀ ਤੇ ਫਰਸ਼ ਵੀ। ਦੁਕਾਨ ‘ਤੇ ਸਾਰਾ ਪੁਰਾਣਾ ਤੇ ਟੁੱਟਾ ਭੱਜਾ ਸਮਾਨ ਪਿਆ ਸੀ, ਜਿਸ ਵਿੱਚ ਇੱਕ ਲੱਕੜੀ ਦੀ ਕੁਰਸੀ, ਇੱਕ ਫੱਟੇ ਜੋੜ ਕੇ ਬਣਾਇਆ ਮੇਜ, ਆਸੇ ਪਾਸੇ ਸਾਂਭੇ ਕੈਨਵਸ ਤੇ ਪਲਾਈ ਦੇ ਟੁਕੜੇ, ਨਵੇਂ ਪੁਰਾਣੇ ਬ੍ਰਸ਼, ਫੀਤਾ, ਚਪਟੀਆਂ, ਕੁਝ ਖਾਲੀ ਤੇ ਕੁਝ ਭਰੀਆਂ ਰੰਗਾਂ ਦੀਆਂ ਡੱਬੀਆਂ ਆਦਿ। ਕੱਚਾ ਫਰਸ਼ ਹੋਣ ਕਰਕੇ ਹੇਠਾਂ ਆਸੇ ਪਾਸੇ ਸੇਬੇ ਦੀਆਂ ਬੋਰੀਆਂ ਵਿਛਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਉਸ ਦੁਕਾਨ ਵਿੱਚ ਕੁਝ ਹੱਥ ਦੀਆਂ ਬਣੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜੋ ਬਹੁਤ ਹੀ ਪੁਰਾਣੀਆਂ ਸਨ ਤੇ ਉਹਨਾਂ ਦਾ ਕਾਗਜ਼ ਵੀ ਗਲ਼ ਚੁੱਕਾ ਸੀ। ਇਹ ਤਸਵੀਰਾਂ ਆਰਟਿਸਟ *ਦੇਵ* ਨੇ ਆਪਣੀ ਜਵਾਨੀ ਵੇਲੇ ਬਣਾਈਆਂ ਸਨ। ਜਦੋਂ ਮੈਂ ਦੁਕਾਨ ‘ਤੇ ਪਹੁੰਚੀ ਤਾਂ ਆਰਟਿਸਟ *ਦੇਵ** ਇਕ ਲੱਤ ਕੁਰਸੀ ਦੇ ਉੱਪਰ ਕਈ ਕ ਹੇਠਾਂ ਰੱਖੀ ਕੱਪ ਵਿੱਚ ਚਾਹ ਪੀ ਰਿਹਾ ਸੀ। ਅੱਖਾਂ ਤੋਂ ਐਨਕ ਹੇਠਾਂ ਸਰਕਾ ਕੇ ਉਸਨੇ ਮੇਰੇ ਵੱਲ ਵੇਖਿਆ ਅਤੇ ਚਾਹ ਦਾ ਘੁੱਟ ਭਰਦਿਆਂ ਕਿਹਾ, “ਆ ਬਈ ਬੀਬਾ! ਕਿੱਧਰ ਆਈ ਏ?ਕੀ ਕੰਮ ਐ ਤੈਨੂੰ !” ਮੈਂ ਉਸਨੂੰ ਇੱਕ ਵੱਡੇ ਚਾਟ ‘ਤੇ ‘ਚਿਲਡਰਨ ਡੇ’ ਲਿਖਣ ਲਈ ਕਿਹਾ। ਉਸਨੇ ਇਨਕਾਰੀ ਜਿਹੇ ਲਹਿਜੇ ਵਿੱਚ ਕਿਹਾ, “ਸ਼ਾਮ ਨੂੰ ਲੈ ਜਾਈਂ ਬੀਬਾ! ਅਜੇ ਤਾਂ ਠੰਡ ਬਾਹਲ਼ੀ ਆ! ਹੱਥ ਨੀ ਸਿੱਧੇ ਹੁੰਦੇ ਤੜਕੇ”। ਮੈਂ ਉੱਚੀ ਆਵਾਜ਼ ਵਿੱਚ ਕਿਹਾ, “ਆਰਟਿਸਟ ਸਾਹਿਬ! ਇਹ ਤਾਂ ਅੱਜ ਚਾਹੀਦਾ ਏ! ਹੁਣੇ ਹੀ ! ਮੈਂ ਸਕੂਲੇ ਲੈ ਕੇ ਜਾਣਾ ਏ! ਇਹ ਪ੍ਰੋਗਰਾਮ ਤਾਂ ਅੱਜ ਐ”। ਉਸਨੇ ਮੂੰਹ ਨਾਲ ਟਿੱਕ – ਟਿੱਕ ਕਰਦਿਆਂ ਕਿਹਾ, “ਫਿਰ ਐੰ ਕਰ! ਦੋ ਕੁ ਘੰਟੇ ਤਾਂ ਦੇਹ ਮੈਨੂੰ! ਤੂੰ ਜਾਹ, ਆਵਦਾ ਕੰਮ ਕਰਿਆ! ਮੈਂ ਬਣਾਉਣਾਂ! ਦੋ ਘੰਟਿਆਂ ਤਾਈਂ ਲੈ ਜਾਈਂ “! ਮੈਂ ਕਿਹਾ, “ਕੋਈ ਗੱਲ ਨਹੀਂ ਜੀ! ਤੁਸੀਂ ਬਣਾਓ! ਮੈਂ ਬੈਠ ਜਾਨੀ ਆ ਏਥੇ ਹੀ “! ਮੈਂ ਬੈਠੀ ਬੋਰ ਹੋ ਰਹੀ ਸੀ, ਇਸ ਲਈ ਮੈਂ ਆਪ ਹੀ ਗੱਲ ‘ਚੋਂ ਗੱਲ ਕਰਦਿਆਂ ਪੁੱਛਿਆ, “ਆਰਟਿਸਟ ਸਾਹਿਬ! ਆਹ ਤਸਵੀਰਾਂ ਤੁਸੀਂ ਬਣਾਈਆਂ ਨੇ? ” ਉਸਨੇ ਐਨਕ ਦਾ ਸ਼ੀਸ਼ਾ ਲਾ ਕੇ ਮੇਰੇ ਵੱਲ ਟਿਕਟਿਕੀ ਲਾ ਕੇ ਵੇਖਿਆ! ਸ਼ਾਇਦ ਸੋਚਦਾ ਹੋਵੇ, ਕਿ ਪਤਾ ਨਹੀਂ ਬੀਬੀ ਕਿਹੜੇ ਸਕੂਲੇ ਭੈਣਜੀ ਲੱਗੀ ਐ? ਜਿਹੜੀ ਤਸਵੀਰ ਹੇਠਾਂ ਲਿਖਿਆ ਮੇਰਾ ਨਾਂ ਨਹੀਂ ਪੜ੍ਹ ਸਕਦੀ। ਹਾਹਾ ਹਾ! ਚਲੋ ਜੋ ਵੀ ਹੈ, ਮੈਂ ਤਾਂ ਗੱਲ ਤੋਰਨੀ ਸੀ। ਉਹ ਸਕੇਲ ਨਾਲ ਪੈਂਸਿਲ ਦੀ ਲਕੀਰ ਮਾਰਦਾ ਹੋਇਆ ਬੋਲਿਆ, “ਇਹ ਮੇਰੇ ਉਹ ਗਾਹਕ ਨੇ, ਜਿਹੜੇ ਤਸਵੀਰਾਂ ਬਣਾਉਣ ਲਈ ਦੇ ਗਏ, ਪਰ ਲੈਣ ਨਹੀਂ ਆਏ, ਮੈਂ ਅੱਜ ਵੀ ਉਨ੍ਹਾਂ ਨੂੰ ਉਡੀਕਦਾ ਰਹਿਨਾ ਤੇ ਰੋਜ਼ ਹੀ ਇਹਨਾਂ ਨੂੰ ਸਾਫ਼ ਕਰਦਾ ਰਹਿਨਾ, ਤਾਂ ਹੀ ਖੌਰੇ ਮੇਰੀ ਉਮਰ ਲੰਮੀ ਹੁੰਦੀ ਜਾਂਦੀ ਏ”। ਫਿਰ ਉਸਨੇ ਕਾਲ਼ੀ ਪੱਗ ਅਤੇ ਹਰੀ ਕਮੀਜ਼ ਵਾਲੇ ਆਦਮੀ ਦੀ ਫੋਟੋ ਵੱਲ ਇਸ਼ਾਰਾ ਕਰਦਿਆਂ ਕਿਹਾ, “ਆਹ ਫੋਟੋ ਲਾਭ ਸਿਹੁੰ ਦੀ ਐ, ਇਹ ਫੌਜੀ ਸੀ, ਹੈਗਾ ਤਾਂ ਪੰਜਾਬੀ ਸੀ, ਪਰ ਦੂਰੋਂ ਕਿਤੋਂ ਆਇਆ ਸੀ, ਇਸੇ ਪਿੰਡ ਚ ਡਿਊਟੀ ਸੀ ਉਹਦੀ। ਉਹ ਸ਼ਾਮ ਢਲ਼ਦਿਆਂ ਹੀ ਮੇਰੀ ਦੁਕਾਨ ਤੇ ਆਣ ਬਹਿੰਦਾ, ਤੇ ਮੈਨੂੰ ਕੰਮ ਕਰਦਿਆਂ ਵੇਖ ਕੇ ਖੁਸ਼ ਹੁੰਦਾ ਰਹਿੰਦਾ। ਮੈਨੂੰ ਅਜੇ ਮਸੀਂ ਦਾੜੀ ਮੁੱਛ ਆਉਣ ਲੱਗੀ ਹੋਊ! ਉਦੋਂ ਮੈਂ ਆਪਣੇ ਦਾਦੇ ਕੋਲੋਂ ਕੰਮ ਸਿੱਖਦਾ ਸੀ। ਮੇਰਾ ਪਿਓ ਤਾਂ ਦਿਹਾੜੀ ਟੱਪਾ ਹੀ ਕਰਦਾ ਸੀ ਕੁੜੀਏ! ਪਰ ਮੇਰਾ ਦਾਦਾ ਵੱਡਾ ਕਲਾਕਾਰ ਸੀ। ਲਾਭ ਸਿਹੁੰ ਦੀ ਬਹੁਤੀ ਰੂਹ ਖੁਸ਼ ਹੁੰਦੀ ਮੇਰੀ ਦੁਕਾਨ ‘ਤੇ ਆ ਕੇ, ਉਹ ਕਹਿੰਦਾ ਕਲਾਕਾਰਾ! ਜੇ ਮੈਂ ਫੌਜੀ ਨਾ ਬਣਦਾ ਤਾਂ ਮੈਂ ਵੀ ਚਿੱਤਰਕਾਰ ਹੀ ਹੋਣਾ ਸੀ, ਮੈਨੂੰ ਵੀ ਬਚਪਨ ਤੋਂ ਹੀ ਝੱਸ ਹੈਗਾ ਲੀਕਾਂ ਮਾਰਨ ਦਾ “। ਮੈਂ ਵੇਖਿਆ ਲਾਭ ਸਿਹੁੰ ਦੀ ਗੱਲ ਕਰਦਿਆਂ ਆਰਟਿਸਟ ਦਾ ਗਲ਼ਾ ਭਰ ਆਇਆ, ਤੇ ਉਸਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਦੋ ਕੁ ਮਿੰਟ ਰੁਕ ਕੇ ਕੁਝ ਸੋਚਦਾ ਅਤੇ ਫਿਰ ਗੱਲ ਤੋਰ ਲੈਂਦਾ। ਕਲਾਕਾਰ ਖੰਘੂਰਾ ਜਿਹਾ ਮਾਰ ਕੇ ਗਲ਼ਾ ਸਾਫ਼ ਕਰਦਾ ਹੋਇਆ ਆਖਦਾ,” ਵੱਡੇ ਜੁੱਸੇ ਵਾਲ਼ਾ, ਸਰੀਰ ਦਾ ਤਕੜਾ, ਕੁੰਡੀਆਂ ਮੁੱਛਾਂ ਤੇ ਚੜ੍ਹਦੀ ਕਲਾ ‘ਚ ਰਹਿੰਦਾ ਸੀ ਮੇਰਾ ਲਾਭ ਸਿਹੁੰ ! ਪਹਿਲਾਂ ਕੁੜੀਏ ਬੜੀਆਂ ਰੌਣਕਾਂ ਹੁੰਦੀਆਂ ਸੀ ਆਹ ਨਿੱਕੇ ਜਿਹੇ ਬਾਜ਼ਾਰ ਵਿੱਚ। ਔਹ ਚਾਹ ਦੇ ਖੋਖੇ ਵਾਲੇ ਕਾਲ਼ੇ ਦਾ ਪਿਓ ਮੀਤਾ ਹੁੰਦਾ ਸੀ, ਪਹਿਲਾਂ ਚਾਹ ਦੇ ਖੋਖੇ ‘ਤੇ। ਮੀਤਾ ਗੁਜ਼ਰ ਗਿਆ ਤੇ ਕਾਲ਼ੇ ਨੂੰ ਆਪਣਾ ਕੰਮ ਦੇ ਗਿਆ। (ਆਰਟਿਸਟ ਫਿਰ ਚੇਤਾ ਕਰਦਾ ਹੋਇਆ ਬੋਲਿਆ) ਜਦੋਂ ਫੌਜੀ ਲਾਭ ਸਿਹੁੰ ਆਉਂਦਾ ਤੇ ਮੀਤੇ ਨੂੰ ਉੱਚੀ ਅਵਾਜ ਵਿਚ ਕਹਿੰਦਾ, ਓ ਚਾਚਾ ਮੀਤ ਸਿਹਾਂ! ਲਿਆ ਚਾਹ ਦੇ ਦੋ ਕੱਪ, ਘੜੀ ਸੰਗ ਤਰ ਕਰੀਏ” ! ਅੰਦਰ ਆਉਂਦਾ ਖਿਝ ਕੇ ਆਖਦਾ! ਬਾਹਲ਼ੀ ਨੌਕਰੀ ਔਖੀ ਚਾਚਾ ਡਾਹਢਿਆਂ ਦੀ। ਘੜੀ ਪੈਣ ਨੀ ਦਿੰਦੇ ਪਤੰਦਰ! ਜਦੋਂ ਮਰਜ਼ੀ ਸੱਦ ਲੈਂਦੇ ਡਿਊਟੀ ‘ਤੇ! ਅਖੇ’ ‘ਵਿਹਲੀ ਰੰਨ ਪ੍ਰਾਹੁਣਿਆਂ ਜੋਗੀ’। ਇੱਕ ਦਿਨ ਲਾਭ ਸਿਹੁੰ ਐਵੇਂ ਹੀ ਮਨ ਆਈ ਕਿ ਆਖਣ ਲੱਗਾ। “ਕਲਾਕਾਰਾ! ਕਿਤੇ ਮੇਰੀ ਵੀ ਫੋਟੋ ਬਣਾ ਛੱਡ! ਹੋਰ ਨੀ ਕੁਹ ਤੇ, ਹਾਰ ਪਾਉਣ ਦੇ ਹੀ ਕੰਮ ਆਊ।” ਮੇਰਾ ਉਸਤਾਦ ਦਾਦਾ ਉਹਨੂੰ ਘੂਰ ਕੇ ਆਖਦਾ! ਵਾਹਗਰੂ ਵਾਹਗਰੂ ਕਰ ਕਾਕਾ! ਤੁਸੀਂ ਤਾਂ ਸਾਡੀਆਂ ਹਿੰਮਤਾਂ ਹੋ! ਸਾਡੇ ਦੇਸ਼ ਦੇ ਪਹਿਰੇਦਾਰ! ਤੁਹਾਨੂੰ ਸਾਡੀਆਂ ਬਹੁਤ ਦੁਆਵਾਂ ਨੇ! ਤੁਹਾਡੀ ਹੋਣੀ ਤਾਂ ਸ਼ੇਰਾ ਅਸੀਂ ਆਪਣੇ ਬੂਹੇ ਡੇਗਣ ਨੂੰ ਤਿਆਰ ਹਾਂ।” ਦਾਦੇ ਦੀ ਗੱਲ ਸੁਣ ਫੌਜੀ ਜੋਸ਼ ਵਿੱਚ ਆ ਜਾਂਦਾ ਤੇ ਆਖਦਾ! ਓ ਚਾਚਾ! ਏਨਾ ਮੋਹ ਨਾ ਕਰਿਆ ਕਰ! ਕਿਤੇ ਤੇਰੇ ਮੋਹ ਦਾ ਮਾਰਿਆ ਮੈਂ ਨੌਕਰੀ ਛੱਡ ਕੇ ਸਨਿਆਸ ਨਾ ਲੈ ਲਵਾਂ।” ਓਹੋ! ਮੈਂ ਤਾਂ ਕਲਾਕਾਰ ਦੀਆਂ ਗੱਲਾਂ ਵਿੱਚ ਡੁੱਬ ਹੀ ਗਈ ਸੀ, ਪਰ ਓਧਰ ਕਲਾਕਾਰ ਵੀ ਕਮਾਲ ਕਰੀ ਜਾ ਰਿਹਾ ਸੀ, ਗੱਲਾਂ ਦੇ ਨਾਲ-ਨਾਲ ਮੇਰਾ ਕੰਮ ਵੀ ਸਿਰੇ ਲੱਗਣ ਵਾਲਾ ਸੀ। ਮੈਂ ਸੋਚ ਰਹੀ ਸੀ, ਬਾਹਲ਼ਾ ਕਾਰੀਗ਼ਰ ਹੈ ਆਰਟਿਸਟ ਤਾਂ! ਮੂੰਹ ਤੇ ਹੱਥ ਬਰਾਬਰ ਚਲਦੇ ਇਹਦੇ। ਠੰਡ ਬਹੁਤ ਜਿਆਦਾ ਸੀ, ਪਰ ਉਹਨੂੰ ਬਹੁਤੀ ਲੱਗਦੀ ਸੀ ਮਾੜੇ ਸਰੀਰ ਕਰਕੇ, ਉਹਨੇ ਉੱਠ ਕੇ ਕਾਲ਼ੇ ਨੂੰ ਚਾਹ ਦੇ ਦੋ ਕੱਪ ਆਖੇ, ਫਿਰ ਆ ਕੇ ਝਿੱਜਰ ‘ਚੋਂ ਪਾਣੀ ਕੱਢ ਕੇ, ਕੌਲੇ ਨਾਲ ਦੋ ਘੁੱਟਾਂ ਪੀਤਾ ਅਤੇ ਐਨਕ ਉਤਾਰ ਕੇ ਅੱਖਾਂ ਸਾਫ਼ ਕੀਤੀਆਂ। ਏਨੇ ਨੂੰ ਚਾਹ ਆ ਗਈ, ਕਾਲ਼ੇ ਨੇ ਇੱਕ ਕੱਪ ਮੈਨੂੰ ਫੜਾਇਆ ਤੇ ਦੂਜਾ ਆਰਟਿਸਟ ਦੇ ਲਾਗੇ ਰੱਖ ਦਿੱਤਾ। ਚਾਰਟ ਦੀ ਮਿਣਤੀ ਕਰਕੇ ਕਟਿੰਗ ਕਰਦਾ ਹੋਇਆ ਕਲਾਕਾਰ ਹੱਸਣ ਲੱਗ ਪਿਆ, ਚਾਹ ਦਾ ਕੱਪ ਫੜ੍ਹ ਕੇ ਮੈਨੂੰ ਕਹਿੰਦਾ! “ਕੁੜੀਏ! ਤੈਨੂੰ ਇੱਕ ਹੋਰ ਵਾਕਿਆ ਦੱਸਾਂ! ਪਹਿਲਾਂ ਮੈਂ ਸ਼ਟੀਲ ਤੇ ਗਲਾਹ ‘ਚ ਚਾਹ ਪੀਂਦਾ ਹੁੰਦਾ ਸੀ ਜਾਂ ਪਿੱਤਲ ਦੇ। ਆਹ ਕੱਪ’ ਚ ਚਾਹ ਪੀਣੀ ਵੀ ਮੈਨੂੰ ਲਾਭ ਸਿਹੁੰ ਨੇ ਦੱਸੀ ਏ। ਉਹ ਆਖਦਾ ਹੁੰਦਾ ਸੀ,” ਕਲਾਕਾਰਾ! ਕੱਪ ‘ਚ ਚਾਹ ਪੀਂਦੇ ਸੋਹਣੇ ਲੱਗੀਦਾ ਏ! ਚਾਹ ਕੱਪ’ ਚ ਹੀ ਪੀਣੀ ਚਾਹੀਦੀ ਏ। ਕੱਪ ਚੋਂ ਚਾਹ ਦਾ ਲੰਬਾ ਘੁੱਟ ਭਰ ਕੇ, ਗਲ਼ੇ ‘ਚ ਸੁੱਟਣ ਦਾ ਆਨੰਦ ਹੀ ਵੱਖਰਾ! ਜਿਵੇਂ ਅਸੀਂ ਜੰਨਤ ਚੋਂ ਆਬੇ ਹਯਾਤ ਪੀ ਰਹੇ ਹੋਈਏ! ਐਵੇਂ ਨਾ ਕੁਚੱਜਿਆਂ ਵਾਂਗੂੰ ਗਲਾਸਾ ਫੜ੍ਹ ਕੇ ਬਹਿ ਜਾਇਆ ਕਰ। ਬਾਹਲ਼ੀਆਂ ਡੂੰਘੀਆਂ ਗੱਲਾਂ ਕਰਦਾ ਸੀ ਮੋਹ ਮਾਰਿਆ”।” ਮੈਂ ਨੀ ਉਸ ਤੋਂ ਮਗਰੋਂ ਗਲਾਸ ‘ਚ ਚਾਹ ਪੀਤੀ। ਐਸੀ ਵਾਦੀ ਪਾ ਗਿਆ ਸੀ ਫੌਜੀ ਲਾਭ ਸਿਹੁੰ! ਜਿਸ ਦਿਨ ਮੈਂ ਫੋਟੋ ਦੀ ਗੱਲ ਕਰਦਾ ਸੀ ਉਸ ਦਿਨ ਫੋਟੋ ਵੀ ਦੇ ਗਿਆ ਸੀ, ਤੇ ਮੈਂ ਚਾਅ – ਚਾਅ ਵਿੱਚ ਬਣਾ ਵੀ ਛੇਤੀ ਦਿੱਤੀ। ਉਸ ਤੋਂ ਬਾਅਦ ਇੱਕ ਦਿਨ ਆਇਆ, ਤੇ ਮੈਂ ਕਿਹਾ, “ਫੌਜੀ ਸਾਹਬ! ਫੋਟੋ ਬਣ ਗਈ ਤੁਹਾਡੀ, ਲੈਂਦੇ ਜਾਓ”। ਹੱਸ ਕੇ ਆਖਣ ਲੱਗਾ! “ਕਲਾਕਾਰਾ! ਤੂੰ ਵੀ ਜਮਾ ਭੋਲ਼ਾ ਈ ਐਂ! ਲੈ ਜਾਵਾਂਗਾ, ਜਦੋਂ ਮੈਂ ਘਰ ਗਿਆ! ਨਹੀਂ ਤਾਂ ਤੂੰ ਰੱਖ ਲਵੀਂ! (ਗਲ਼ਾ ਜਿਹਾ ਭਰਦਾ ਬੋਲਿਆ) ਆਪਣਾ ਜੀਅ ਪਰਚਾ ਲਿਆ ਕਰੀਂ ਮੇਰੇ ਮਗਰੋਂ!” ਏਨਾ ਆਖ ਕੇ ਗਿਆ ਨੀ ਮੁੜਿਆ ਫੌਜੀ। ਮੈਨੂੰ ਮਹਿਸੂਸ ਹੋਇਆ, ਕਲਾਕਾਰ ਤੋਂ ਫੌਜੀ ਲਾਭ ਸਿਹੁੰ ਦੀਆਂ ਗੱਲਾਂ ਸੁਣ ਕੇ, ਮੈਂ ਇੰਨੀ ਕੁ ਪ੍ਰਭਾਵਿਤ ਹੋ ਗਈ ਕਿ ਚਾਹ ਦਾ ਕੱਪ ਮੂੰਹ ਨੂੰ ਲਾਈ ਬੈਠੀ ਰਹੀ, ਜਦੋਂ ਕਿ ਚਾਹ ਖਤਮ ਹੋ ਚੁੱਕੀ ਸੀ! ਚਾਰਟ ਤਿਆਰ ਹੋ ਗਿਆ। ਮੈਂ ਕਲਾਕਾਰ ਨੂੰ 500 ਦਾ ਨੋਟ ਦਿੱਤਾ। ਉਸਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਸੀ, ਇਹ ਚਮਕ 500 ਦੇ ਨੋਟ ਦੀ ਨਹੀਂ ਸੀ, ਸਗੋਂ ਫੌਜੀ ਦੀਆਂ ਯਾਦਾਂ ਸਾਂਝੀਆਂ ਕਰਨ ਦੀ ਸੀ। ਮੈਂ ਚਾਰਟ ਲੈ ਕੇ ਸਕੂਲ ਗਈ। ਪ੍ਰੋਗਰਾਮ ਹੋਇਆ। ਛੁੱਟੀ ਹੋਈ। ਘਰ ਨੂੰ ਆਈ। ਪਰ ਮੇਰੀ ਰੂਹ ਆਰਟਿਸਟ **ਦੇਵ* ਦੀ ਦੁਕਾਨ ‘ਤੇ ਹੀ ਰਹਿ ਗਈ ਸੀ। ਮੈਂ ਸਾਰੀ ਰਾਤ ਹੀ ਸੋਚਦੀ ਰਹੀ, ਕਿ ਆਖਰ ਫੌਜੀ ਲਾਭ ਸਿਹੁੰ ਨਾਲ਼ ਕੀ ਵਾਪਰਿਆ ਹੋਵੇਗਾ? ਉਹ ਕਦੇ ਵਾਪਸ ਕਿਉਂ ਨਹੀਂ ਪਰਤਿਆ। ਉਸਨੂੰ ਪਤਾ ਹੋਣਾ ਚਾਹੀਦਾ ਹੈ, ਕਿ ਕਲਾਕਾਰ **ਦੇਵ* ਕਿੰਨਾ ਬੁੱਢਾ ਹੋ ਗਿਆ ਹੈ। ਉਹ ਕਿੰਨੀ ਦੇਰ ਉਸਦੀ ਫੋਟੋ ਦੀ ਸੰਭਾਲ਼ ਕਰੇਗਾ। ਮੈਂ ਅੱਖਾਂ ਮੀਟ ਕੇ ਲੰਮੀ ਪਈ ਸੋਚੀ ਜਾਵਾਂ, ਜੇ ਕਿਤੇ ਮੇਰੇ ਸੁਪਨਿਆਂ ਦੀਆਂ ਗਲੀਆਂ ਵਿੱਚ, ਫੌਜੀ ਲਾਭ ਸਿਹੁੰ ਫਿਰਦਾ ਨਜ਼ਰ ਆਇਆ, ਤਾਂ ਮੈਂ ਉਸਨੂੰ ਕਹਾਂਗੀ, ਕਿ ਉਹ ਆਰਟਿਸਟ *ਦੇਵ* ਦੀ ਦੁਕਾਨ ‘ਤੇ ਫਿਰ ਤੋਂ ਆਣ ਬੈਠੇ, ਮੈਂ ਉਸ ਨੂੰ ਚਾਹ ਦਾ ਕੱਪ ਪੀਂਦੇ, ਸੋਹਣੇ ਲੱਗਦੇ ਵੇਖਣਾ ਹੈ। ਨਾਲੇ ਇਸ ਵਾਰ ਮੈਂ ਆਰਟਿਸਟ ਨੂੰ ਕਹਾਂਗੀ, ਕਿ ਉਹ ਫੌਜੀ ਦਾ ਪਤਾ ਟਿਕਾਣਾ ਜਰੂਰ ਪੁੱਛੇ, ਹੁਣ ਮੈਨੂੰ ਲੱਗਦਾ ਹੈ, ਕਿ ਆਰਟਿਸਟ ਦੇਵ ਦੁਨੀਆਂ ਦਾ ਸਭ ਤੋਂ ਅਮਾਨਤੀ ਬੰਦਾ ਹੈ। ਜੋ ਤਸਵੀਰਾਂ ਦੇ ਰੂਪ ਵਿੱਚ, ਕਿੰਨੀਆਂ ਹੀ ਕਹਾਣੀਆਂ ਸਾਂਭੀ ਬੈਠਾ ਹੈ। ਹੁਣ ਮੈਨੂੰ ਆਰਟਿਸਟ ਦੇਵ ਦੀ ਦੁਕਾਨ ਵਿੱਚ, ਭੀੜ ਨਜ਼ਰ ਆਉਣ ਲੱਗੀ ਹੈ, ਜਿਸ ਵਿੱਚ ਅਣਗਿਣਤ ਜਾਣੇ ਪਛਾਣੇ ਲੋਕ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly