ਰੋ ਪੈਂਦੀ ਏ…

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਉਹ ਹੱਸਦੀ-ਹੱਸਦੀ ਰੋ ਪੈਂਦੀ ਏ,
ਪਤਾ ਨੀ ਕਾਹਤੋਂ।
ਲੱਗਦਾ ਦਿਲ ਦੇ ਵਿੱਚ ਕੁੱਝ,
ਲੁਕੋ ਲੈਂਦੀ ਏ ਸਾਥੋਂ।
ਉਹ ਹੱਸਦੀ…..
ਵੈਸੇ ਤਾਂ ਉਹ ਹੱਸਦੀ ਵੱਸਦੀ,
ਫੁੱਲਾਂ ਵਾਂਗੂੰ ਖਿੜੀ ਰਹੇ।
ਪਰ ਕਦੇ ਕਦਾਈਂ ਜਾਪੇ ਜਿਓਂ,
ਸੋਚਾਂ ਦੇ ਵਿੱਚ ਘਿਰੀ ਰਹੇ।
ਆਵੇ ਫ਼ਿਕਰਾਂ ਦੀ ਖ਼ੁਸ਼ਬੋ ਜਿਹੀ,
ਓਹਦੇ ਹਰ ਇੱਕ ਸਾਹ ਤੋਂ।
ਉਹ ਹੱਸਦੀ……
ਉਹਦੀ ਅੱਖ ਦੇ ਵਿੱਚ ਚਮਕੇ,
ਮੋਤੀ ਕੋਈ ਕੋਈ।
‘ਕੱਲਿਆਂ ਬੈਠ ਕੇ ਸ਼ਾਇਦ ਹੋਣੀ,
ਰੱਜ ਕੇ ਉਹ ਰੋਈ।
ਜੀਅ ਕਰਦਾ ਪੈਰੀਂ ਵਿਛਾ ਦੇਵਾਂ,
ਖ਼ੁਸ਼ੀ ਆਵੇ ਜਿਸ ਰਾਹ ਤੋਂ।
ਉਹ ਹੱਸਦੀ…..
ਦਿਲ ਦੇ ਵਿੱਚ ਮੁਹੱਬਤਾਂ ਭਰੀਆਂ,
ਕੋਈ ਨਾ ਵੈਰ ਦਿਸੇਂਦਾ।
ਫ਼ਿਰ ਕਿਉਂ ਰੋਵੇ ਮਰਜਾਣੀ,
ਕਿਹੜਾ ਹੈ ਦਰਦ ਡਸੇਂਦਾ।
ਦੇਵੇ ਹਿੰਮਤਾਂ ਰੱਬ ‘ਮਨਜੀਤ’ ਨੂੰ,
ਪੁੱਛ ਲਵਾਂ ਫ਼ੜ ਕੇ ਬਾਂਹ ਤੋਂ।
ਉਹ ਹੱਸਦੀ……

ਮਨਜੀਤ ਕੌਰ ਧੀਮਾਨ,
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059

 

Previous articleਜੇ ਧੀਆਂ ਵਾਂਗ ਰੱਖੀਏ, ਨੂੰਹਾਂ ਪੁੱਤਾਂ ਨਾਲੋਂ ਵੱਧ ਲੋਚਦੀਆਂ ਨੇ….
Next articleआई आर ई एफ ने विवेक देवराय के बयान को किया सिरे से ख़ारिज