(ਸਮਾਜ ਵੀਕਲੀ)-ਘਰ ਦੀ ਤੰਗੀ ਤੁਰਸ਼ੀ ਨੂੰ ਭਾਂਪਦਿਆਂ ਸੁਹੱਪਣ ਆਪਣੀ ਘਰ ਵਾਲੀ ਦੁਕਾਨ ਨੂੰ ਹੁਣ ਬਦਲ ਕੇ ਸ਼ਹਿਰ ਦੀ ਮੁੱਖ ਮਾਰਕਿਟ
ਵਿੱਚ ਲੈ ਜਾਣ ਬਾਰੇ ਸੋਚ ਰਹੀ ਸੀ।ਬੜੀ ਨੱਠ-ਭੱਜ ਕਰਕੇ ਉਸ ਦੇ ਘਰ ਵਾਲੇ ਨੇ ਬਜ਼ਾਰ ਵਿਚ ਇੱਕ ਦੁਕਾਨ ਲੱਭ ਲਈ।ਦੁਕਾਨ ਭਾਵੇਂ ਛੋਟੀ ਸੀ ਅਤੇ ਕਿਰਾ।ਇਆ ਵੀ ਆਮ ਨਾਲੋਂ ਜਿਆਦਾ ਸੀ,ਪਰ ਸੁਹੱਪਣ ਨੇ ਆਪਣੀ ਸੂਝ-ਬੂਝ ਅਤੇ ਸਲੀਕੇ ਨਾਲ ਬਹੁਤ ਸੋਹਣੀ ਸਜਾਵਟ ਕਰ ਲਈ ਸੀ।ਸੁਹੱਪਣ ਦੀ ਸਾਦਗੀ, ਸੁੰਦਰਤਾ ਅਤੇ ਮਿਠਾਸ ਭਰੀ ਬੋਲੀ ਸਦਕਾ ਦਿਨਾਂ ਵਿਚ ਹੀ ਔਰਤ ਗਾਹਕਾਂ ਦਾ ਤਾਂਤਾ ਬੱਝ ਗਿਆ।ਉਹ ਵੀ ਕੰਮ ਵਿੱਚ ਐਨਾ ਮਸ਼ਰੂਫ ਹੋ ਗਈ ਕਿ ਅਤੀਤ ਵਿੱਚ ਆਪਣੇ ਘਰ ਵਾਲੇ ਦੇ ਵਪਾਰਕ ਘਾਟੇ ਨੂੰ ਚੇਤੇ ਕਰਕੇ ਬਹੁਤਾ ਨਾ ਝੂਰਦੀ,ਸਗੋਂ ਮਨ ਵਿਚ ਸੁਨਹਿਰੀ ਸੁਪਨੇ ਸੰਜੋਅ ਕੇ ਆਸਾਮਈ ਭਵਿੱਖ ਨੂੰ ਸੰਵਾਰਨ ਵਿੱਚ ਜੁਟੀ ਰਹਿੰਦੀ।ਲੀਹੋਂ ਲੱਥੀ ਗ੍ਰਹਿਸਥੀ ਦੀ ਗੱਡੀ ਹੌਲੀ-2 ਲੀਹ ਉੱਪਰ ਆਉਣੀ ਸ਼ੁਰੂ ਹੋ ਗਈ,ਉਸ ਦਾ ਘਰ ਵਾਲਾ ਸਵੇਰੇ ਉਸ ਨੂੰ ਸ਼ਹਿਰ ਦੇ ਮੁੱਖ ਚੌਂਕ ਚ ਛੱਡ ਕੇ ਆਪ ਆਪਣੇ ਕੰਮ ਤੇ ਲੰੰਘ ਜਾਂਦਾ।ਚੌਂਕ ਤੋਂ ਦੁਕਾਨ ਤੱਕ ਦਾ 10 ਮਿੰਟ ਦੀ ਵਾਟ ਉਹ ਤੁਰ ਕੇ ਕੱਢਦੀ।ਸ਼ੁਰੂ ਸ਼ੁਰੂ ਵਿੱਚ ਤਾਂ ਇਹ ਸਭ ਉਸ ਨੂੰ ਚੰਗਾ ਲੱਗਿਆ, ਪਰ ਹੌਲੀ-ਹੌਲੀ ਉਸ ਨੂੰ ਇਹ ਪੈਦਲ ਸਫ਼ਰ ਪਹਾੜ ਲੱਗਣ ਲੱਗ ਪਿਆ, ਕਿਉਂ ਕਿ ਰਸਤੇ ਵਿੱਚ ਹਰੇਕ ਦੁਕਾਨਦਾਰ ਉਸ ਨੂੰ ਤਿਰਛੀ ਅੱਖ ਨਾਲ ਦੇਖਣ ਲੱਗ ਪਿਆ।ਹਰ ਕਾਮੁਕ ਅੱਖ ਉਸ ਨੂੰ ਸਿਰ ਤੋਂ ਪੈਰਾਂ ਥਾਂਈਂ ਨਿਹਾਰਦੀ ਰਹਿੰਦੀ,ਪਹਿਲਾਂ ਤਾਂ ਉਹ ਇਸ ਨੂੰ ਸਰਸਰੀ ਜਿਹਾ ਹੀ ਸਮਝਦੀ ਰਹੀ, ਕਿ ਕੋਈ ਨਹੀਂ ਆਪੇ ਟਿਕ ਜਾਣਗੇ, ਪਰ ਸ਼ਾਇਦ ਉਸ ਦੀ ਚੁੱਪ ਨਾਲ ਸ਼ਿਕਾਰੀਆਂ ਦੀ ਵਾਸ਼ਨਾ ਪ੍ਰਵਿਰਤੀ ਹੋਰ ਵੀ ਵਧ ਗਈ।ਹੁਣ ਤਾਂ ਦੇਖਣ ਦੇ ਨਾਲ-ਨਾਲ ਭੱਦੇ ਇਸ਼ਾਰੇ ਵੀ ਹੋਣ ਲੱਗੇ,ਅਤੇ ਹੌਲੀ ਹੌਲੀ ਨਿੱਤ ਨਵੇਂ ਸੂਲਾਂ ਵਰਗੇ ਕੁਮੈਂਟ ਵੀ ਕੰਨਾਂ ਥਾਂਈ ਹੁੰਦੇ ਉਸ ਦੇ ਕੋਮਲ ਹਿਰਦੇ ਨੂੰ ਵਲੂੰਧਰੀ ਰੱਖਦੇ।ਕਦੇ-ਕਦੇ ਉਹ ਸੋਚਦੀ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਦਾ ਸੁਹੱਪਣ ਹੀ ਉਸ ਲਈ ਸ਼ਰਾਪ ਬਣ ਜਾਂਦਾ ਹੈ?
ਉਸ ਦੇ ਮਨ ਵਿਚ ਕਈ ਵਾਰੀ ਇਸ ਦੁਬਿਧਾ ਬਾਰੇ ਆਪਣੇ ਘਰ ਵਾਲੇ ਨਾਲ ਗੱਲ ਕਰਨ ਦਾ ਖਿਆਲ ਆਇਆ।ਪਰ ਫਿਰ ਉਹ ਇਹ ਸੋਚ ਕੇ ਆਪਣੇ ਖਿਆਲ ਨੂੰ ਰੱਦ ਕਰ ਦਿੰਦੀ ਕਿ ਐਂਵੇ ਘਰ ਵਾਲੇ ਦੀ ਮਾਨਸਿਕ ਪ੍ਰੇਸ਼ਾਨੀ ਹੀ ਵਧੇਗੀ ਪਹਿਲਾਂ ਹੀ ਮਸਾਂ-2 ਘਰ ਦਾ ਚੁੱਲ੍ਹਾ ਭੱਖਣ ਲੱਗਿਆ।ਕਈ ਵਾਰ ਤਾਂ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ, ਜਦੋਂ ਖੁਦ ਦਾ ਕੰਮ ਜਿਆਦਾ ਹੋਣ ਕਾਰਨ ਉਸ ਦੇ ਘਰ ਵਾਲਾ ਮੁੜਦੇ ਵੇਲੇ ਉਸ ਨੂੰ ਵਾਪਸ ਨਾਲ ਲੈ ਜਾਣ ਤੋਂ ਅਸਮਰੱਥ ਹੋ ਜਾਂਦਾ, ਤਾਂ ਉਹ ਰਿਕਸ਼ਾ ਕਰਵਾਕੇ ਮੁਸ਼ਕਿਲ ਨਾਲ ਘਰ ਵੜਦੀ,ਫਿਰ ਵੀ ਬੇਲਗਾਮ ਮੁਸ਼ਟੰਡੇ ਰਿਕਸ਼ੇ ਦੇ ਮਗਰ ਹੀ ਸਕੂਟਰ/ਮੋਟਰਸਾਈਕਲ ਲਾ ਕੇ ਉਸ ਨੂੰ ਘਰ ਤੱਕ ਛੱਡਣ ਦਾ ਫਰਜ਼ ਅਦਾ ਕਰਦੇ।ਇੱਕ ਦਿਨ ਤਾਂ ਢੀਠਪੁਣੇ ਦੀ ਹੱਦ ਹੀ ਹੋ ਗਈ,ਜਦੋਂ ਰਿਕਸ਼ੇ ਦੀ ਉਡੀਕ ਕਰ ਰਹੀ ਸੁਹੱਪਣ ਕੋਲ ਇੱਕ ਸਿਰ ਫਿਰਿਆ ਆਸ਼ਕ ਰੇਹੜੀ ਤੋਂ ਅੰਗੂਰ ਲੈ ਜਾ ਕੇ ਫਿਲਮੀ ਢੰਗ ਵਿੱਚ ਉਸ ਅੱਗੇ ਅੰਗੂਰ ਕਰਦਾ ਹੋਇਆ ਕਹਿਣਾ ਲੱਗਿਆ, ਅੰਗੂਰ ਖਾਓਗੇ ਜੀ..! ਬਸ ਫਿਰ ਕੀ ਸੀ,ਚਿਰਾਂ ਤੋਂ ਅੰਦਰ ਕੱਠਾ ਹੋਇਆ ਪਿਆ ਕ੍ਰੋਧ ਲਾਵਾ ਬਣ ਕੇ ਫੁੱਟ ਪਿਆ ।ਅੰਗੂਰ ਦੇਈੰ ਆਪਣੀ ਮਾਂ ਨੂੰ, ਆਪਣੀ ਭੈਣ ਨੂੰ ਦੱਲਿਆ…ਸੀਰਮੇ ਪੀਜੂੰ,ਜੇ ਇਹੋ ਜਿਹੀ ਨੀਚ ਹਰਕਤ ਦੁਆਰਾ ਕਦੇ ਕੀਤੀ।ਗਊ ਸਮਝੀ ਜਾਣ ਵਾਲੀ ਸੁਹੱਪਣ ਦੇ ਅੰਦਰ ਜਿਵੇਂ ਚੰਡੀ ਆ ਬੈਠੀ ਹੋਵੇ।ਉਸ ਭੂੰਡ ਆਸ਼ਕ ਦੀ ਲਾਹ-ਪਾ ਹੁੰਦੀ ਵੇਖ ਕੇ ਬਾਕੀ ਦੁਕਾਨਾਂ ਵਾਲੇ ਆਪਣੀਆਂ ਪੂਛਾਂ ਦਬਾਅ ਕੇ ਅੰਦਰ ਵੜ ਗਏ,ਕੁੱਝ ਕੁ ਉੱਤੋਂ ਸੱਚੇ ਹੋਣ ਦਾ ਢੌਂਗ ਕਰਦੇ ਸੁਹੱਪਣ ਨੂੰ ਸ਼ਾਂਤ ਕਰਨ ਦਾ ਦੰਭ ਜਿਹਾ ਕਰਨ ਲੱਗੇ।ਰਿਕਸ਼ਾ ਫੜਦੇ ਹੀ ਉਹ ਘਰ ਅੱਪੜ ਗਈ।ਉਸ ਘਟਨਾ ਬਾਅਦ ਉਹ ਦੁਕਾਨ ਦੁਬਾਰਾ ਕਦੇ ਨਹੀਂ ਖੁੱਲੀ.ਔਰਤਾਂ ਦੁਕਾਨ ਬੰਦ ਦੇਖ ਕੇ ਅਕਸਰ ਇਹ ਕਹਿੰਦਿਆਂ ਸੁਣੀਆਂ ਜਾਂਦੀਆਂ, ਕਿ ਲਗਦਾ ਵਿਚਾਰੀ ਕਰੋਨਾ ਤੋਂ ਪੀੜ੍ਹਤ ਹੋ ਗਈ ਹੈ।ਪਰ ਉਨ੍ਹਾਂ ਭੋਲੀਆਂ ਨੂੰ ਕੀ ਪਤਾ ਸੀ ? ਕਿ ਉਹ ਤਾਂ ਇਹੋ-ਜਿਹੇ ਸੌ ਕਰੋਨਿਆਂ ਨਾਲ ਲੜ ਸਕਦੀ ਹੈ,ਜਿਸ ਦੀ ਤਾਂ ਕਦੇ ਦਵਾਈ ਵੀ ਤਿਆਰ ਹੋ ਜਾਣੀ ਆ,ਪਰ ਆ ਬੰਦੇ ਦੇ ਰੂਪ ਚ ਸਮਾਜ ਚ ਸ਼ਰੇਆਮ ਦਨਦਨਾਉਂਦੇ ਫਿਰਦੇ ਕਰੋਨਿਆਂ ਦਾ ਉਹ ਕੀ ਕਰੇ? ਜਿਨ੍ਹਾਂ ਨੇ ਆਦਿ ਤੋਂ ਹੀ ਔਰਤ ਦਾ ਜੀਵਨ ਨਰਕ ਬਣਾ ਛੱਡਿਆ ਅਤੇ ਜਿੰਨ੍ਹਾਂ ਦੇ ਇਲਾਜ ਦੀ ਵੀ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ।
ਰਣਬੀਰ”ਜਖੇਪਲ”
98551-07500
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly