HOME ਸਿਰਜਣਾ ਕੇਂਦਰ ਨੇ ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਸਵਰਨਜੀਤ ਸਵੀ ਨਾਲ ਰਚਾਇਆ...

ਸਿਰਜਣਾ ਕੇਂਦਰ ਨੇ ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਸਵਰਨਜੀਤ ਸਵੀ ਨਾਲ ਰਚਾਇਆ ਭਾਵਪੂਰਤ ਰੂਬਰੂ ਸਮਾਗਮ

1
ਕੈਪਸ਼ਨ -ਸਵਰਨਜੀਤ ਸਵੀ ਚੇਅਰਮੈਨ ਕਲਾ ਪ੍ਰੀਸ਼ਦ ਚੰਡੀਗੜ੍ਹ ਦਾ ਸਨਮਾਨ ਕਰਦੇ ਹੋਏ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ, ਆਸ਼ੂ ਕੁਮਰਾ, ਮਲਕੀਤ ਮੀਤ, ਅਵਤਾਰ ਸਿੰਘ ਥਿੰਦ ਅਤੇ ਹੋਰ

ਕਿਸੇ ਵੀ ਕਲਾ ਨੂੰ ਸੂਖਮਤਾ ਦੇ ਪੱਧਰ ਉੱਤੇ ਜਾ ਕੇ ਹੀ ਜਾਣਿਆ ਜਾ ਸਕਦਾ ਹੈ – ਸਵਰਨਜੀਤ ਸਵੀ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਜ਼ਿਲ੍ਹੇ ਦੇ ਕਲਮਕਾਰਾਂ ਦੀ ਸਿਰਮੌਰ ਸੰਸਥਾ ਸਿਰਜਣਾ ਕੇਂਦਰ (ਰਜਿ.) ਵੱਲੋਂ ਆਪਣੇਂ ਦਫ਼ਤਰ ਵਿਰਸਾ ਵਿਹਾਰ ਵਿਖੇ ਨਾਮਵਰ ਕਵੀ, ਚਿੱਤਰਕਾਰ ਅਤੇ ਫ਼ੋਟੋਗ੍ਰਾਫਰ ਸਵਰਨਜੀਤ ਸਵੀ ਨਾਲ ਇੱਕ ਸੰਵਾਦ ਸਮਾਗਮ ਰਚਾਇਆ ਗਿਆ। ਇਸ ਰੂ-ਬ-ਰੂ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਸਵਰਨਜੀਤ ਸਵੀ ਅਤੇ ਬਤੌਰ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਥਿੰਦ (ਰਿਟਾ. ਐਡੀਸ਼ਨਲ, ਐੱਕਸ.ਈ.ਐੱਨ. ਬਿਜਲੀ ਵਿਭਾਗ) ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਸਰਪ੍ਰਸਤ ਰਤਨ ਸਿੰਘ ਸੰਧੂ ਸੇਵਾ ਮੁਕਤ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਅਫ਼ਸਰ ਨੇ ਕੀਤੀ। ਪ੍ਰਬੰਧਕੀ ਟੀਮ ਅਤੇ ਹਾਜ਼ਰ ਮੈਂਬਰਾਂ ਨੇ ਸਵਰਨਜੀਤ ਸਵੀ ਜੀ ਨੂੰ ਸਵਾਗਤ ਵਜੋਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਮਾਗਮ ਦੀ ਰੂਪ-ਰੇਖਾ ਦੱਸਦਿਆਂ ਸਵੀ ਜੀ ਦੇ ਸਾਹਿਤਕ ਸਫ਼ਰ, ਪ੍ਰਾਪਤੀਆਂ, ਸਨਮਾਨਾਂ ਅਤੇ ਹੁਣ ਤੱਕ ਕੀਤੇ ਸਾਹਿਤਕ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਸਾਹਿਤਕ ਰੰਗਤ ਨੂੰ ਹੋਰ ਵਧਾਉਣ ਲਈ ਸਾਵਣ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿੱਚ ਉਸਤਾਦ ਸ਼ਾਇਰ ਸੁਰਜੀਤ ਸਾਜਨ, ਗੁਰਦੀਪ ਗਿੱਲ, ਨੱਕਾਸ਼ ਚਿੱਤੇਵਾਣੀ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤ, ਜਸਵੰਤ ਸਿੰਘ ਖਡੂਰ ਸਾਹਿਬ, ਸੁਰਿੰਦਰ ਸ਼ੇਖੂਪੁਰ, ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮਹੇਸ਼ ਕੁਮਾਰ ਸ਼ਰਮਾ, ਅਵਤਾਰ ਸਿੰਘ ਗਿੱਲ, ਕਰਨ ਮਹਾਜਨ ਕੌਂਸਲਰ, ਮਨਜੀਤ ਕੌਰ ਮੀਸ਼ਾ, ਕੁਲਵਿੰਦਰ ਕੰਵਲ, ਰਮਨ ਭਾਰਦਵਾਜ ਅਤੇ ਤੇਜਬੀਰ ਸਿੰਘ ਨੇ ਰਚਨਾਵਾਂ ਪੜ੍ਹੀਆਂ।
ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਸਵਰਨਜੀਤ ਸਵੀ ਦੇ ਬਾਰੇ ਅਹਿਮ ਜਾਣਕਾਰੀ ਦਿੱਤੀ। ਇਸ ਉਪਰੰਤ ਸਵੀ ਜੀ ਦਾ ਰੂ-ਬ-ਰੂ ਸੈਸ਼ਨ ਸ਼ੁਰੂ ਹੋਇਆ। ਉਨ੍ਹਾਂ ਨੇ ਆਪਣੀ ਸਾਹਿਤਕ ਯਾਤਰਾ ਬਾਰੇ ਗੱਲ ਬਾਤ ਕਰਦਿਆਂ ਕਵਿਤਾ, ਚਿੱਤਰਕਾਰੀ ਅਤੇ ਫ਼ੋਟੋਗ੍ਰਾਫ਼ੀ ਦੇ ਆਪਣੇ ਸ਼ੌਕ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਕਲਾ ਕੋਈ ਵੀ ਹੋਵੇ, ਉਸਨੂੰ ਸੂਖ਼ਮਤਾ ਦੇ ਪੱਧਰ ਉੱਤੇ ਜਾ ਕੇ ਹੀ ਸਮਝਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਹਰ ਇੱਕ ਕਲਾ ਮਨੁੱਖ ਅੰਦਰ ਸੁਹਜ ਅਤੇ ਸੰਵੇਦਨਸ਼ੀਲਤਾ ਪੈਦਾ ਕਰਨ ਦਾ ਹੁਨਰ ਰੱਖਦੀ ਹੈ। ਹਾਜ਼ਰ ਮੈਂਬਰਾਂ ਨੇ ਸਵਰਨਜੀਤ ਸਵੀ ਜੀ ਨੂੰ ਇਸ ਗੱਲਬਾਤ ਅਤੇ ਜਿਗਿਆਸਾ ਵਿੱਚੋਂ ਉਪਜੇ ਦਿਲਚਸਪ ਸਵਾਲ ਵੀ ਕੀਤੇ। ਜ਼ਿਕਰਯੋਗ ਹੈ ਕਿ ਬਤੌਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਸਵਰਨਜੀਤ ਸਵੀ ਜੀ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਹੋਰ ਉੱਪਰ ਚੁੱਕਣ ਲਈ ਬਹੁਤ ਮਹੱਤਵਪੂਰਨ ਪ੍ਰੋਗਰਾਮ ਉਲੀਕੇ ਅਤੇ ਨੇਪਰੇ ਵੀ ਚਾੜ੍ਹੇ ਹਨ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਅਜਿਹੀਆਂ ਹੋਰ ਸਾਰਥਕ ਵਿਉਂਤਬੰਦੀਆਂ ਨਾਲ ਪੰਜਾਬੀ ਸਾਹਿਤ ਜਗਤ ਦੀ ਸੇਵਾ ਕਰਨ ਦਾ ਭਰੋਸਾ ਵੀ ਦਿਵਾਇਆ।
ਇਸ ਉਪਰੰਤ ਸਵਰਨਜੀਤ ਸਵੀ ਨੂੰ ਪ੍ਰਬੰਧਕੀ ਟੀਮ ਨੇ ਲੋਈ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਥਿੰਦ ਨੂੰ ਵੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਸਭ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਖਿਆ ਕਿ ਭਵਿੱਖ ਵਿੱਚ ਸਿਰਜਣਾ ਕੇਂਦਰ ਅਤੇ ਕੇਂਦਰ ਦੀ ਟੀਮ ਅਜਿਹੇ ਹੋਰ ਸਾਹਿਤਕ ਸਮਾਗਮ ਉਲੀਕ ਕੇ ਆਪਣੇ ਸਿਰਜਣਾਤਮਕ ਪ੍ਰੋਗਰਾਮਾਂ ਦੀ ਲੜੀ ਨੂੰ ਹੋਰ ਅੱਗੇ ਤੋਰੇਗੀ।
ਕੇਂਦਰ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਸ਼ਹਿਬਾਜ਼ ਖ਼ਾਨ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ ਅਤੇ ਰਜਨੀ ਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕੇਂਦਰ ਦੇ ਸਰਪ੍ਰਸਤ ਡਾ. ਆਸਾ ਸਿੰਘ ਘੁੰਮਣ, ਨਿਰਮਲ ਸਿੰਘ, ਜਸਪ੍ਰੀਤ ਸਿੰਘ ਧਿੰਜਣ, ਹਰਪ੍ਰੀਤ ਸਿੰਘ ਹੁੰਦਲ, ਮੰਗਲ ਸਿੰਘ ਭੰਡਾਲ (ਨੈਸ਼ਨਲ ਐਵਾਰਡੀ), ਡਾ. ਹਰਭਜਨ ਸਿੰਘ, ਮੱਸਾ ਸਿੰਘ, ਅਵਤਾਰ ਸਿੰਘ ਅਸੀਮ, ਡਾ. ਸੁਰਿੰਦਰਪਾਲ ਸਿੰਘ, ਹਰਚਰਨ ਸਿੰਘ, ਅਨਮੋਲ, ਪ੍ਰੇਮ ਸਿੰਘ ਰੱਤੜਾ, ਪਰਮਜੀਤ ਸਿੰਘ, ਮੋਹਣ ਸਿੰਘ, ਡਾ. ਅਨੁਰਾਗ ਸ਼ਰਮਾ, ਗੁਰਦੇਵ ਸਿੰਘ ਭੱਟੀ ਅਤੇ ਇੰਦਰਜੀਤ ਸਿੰਘ ਰੂਪੋਵਾਲੀ ਆਦਿ ਹਾਜ਼ਰ ਸਨ। ਸਾਵਣ ਮਹੀਨੇ ਦੀ ਆਮਦ ਨੂੰ ਖੁਸ਼-ਆਮਦੀਦ ਆਖਦਿਆਂ ਹੋਇਆਂ ਖ਼ੀਰ ਅਤੇ ਪੂੜਿਆਂ ਦਾ ਨਿਰੰਤਰ ਪਰਵਾਹ ਚਲਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਨੇ ਵਿਭਾਗ ਪੱਧਰੀ ਟੂਰਨਾਮੈਂਟ ਵਿੱਚ ਦਰਜ ਕੀਤੀਆਂ ਸ਼ਾਨਦਾਰ ਸਫਲਤਾਵਾਂ
Next articleਬਲਾਕ ਰਾਏਕੋਟ ਦੇ ਹਰਪ੍ਰੀਤ ਨੇ ਜਰੂਰਤਮੰਦ ਲਈ ਖੂਨਦਾਨ ਕੀਤਾ