ਕਪੂਰਥਲਾ , 28 ਅਗਸਤ (ਕੌੜਾ)- ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀਂ ਵਿਲੱਖਣ ਪਛਾਣ ਬਣਾਉਣ ਵਾਲੇ ਮਕ਼ਬੂਲ ਕਲਮਕਾਰ ਦੇਸ ਰਾਜ ਕਾਲੀ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਤਰਕ, ਦਲੀਲ ਤੇ ਬੇਬਾਕੀ ਨਾਲ ਗੱਲ ਕਰਨ ਵਾਲੇ ਦੇਸ ਰਾਜ ਕਾਲੀ ਨੇ ਪੰਜਾਬੀ ਭਾਸ਼ਾ ਨਾਲ ਜੁੜੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਅਤੇ ਬਾਖ਼ੂਬੀ ਨੇਪਰੇ ਵੀ ਚਾੜ੍ਹੇ। ਸਾਹਿਤ ਅਕਾਡਮੀ ਵਿੱਚ ਮੀਤ ਪ੍ਰਧਾਨ ਦੇ ਤੌਰ ਤੇ ਨਿਯੁਕਤ ਰਹੇ ਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਵੀ ਆਪਣੀ ਸੂਖਮ ਸੂਝ ਬੂਝ ਜ਼ਰੀਏ ਦੇਸ ਰਾਜ ਕਾਲੀ ਨੇ ਨਿਵੇਕਲੇ ਪ੍ਰੋਗਰਾਮਾਂ ਨੂੰ ਸਾਕਾਰ ਕੀਤਾ। “ਬਰਕਤਾਂ” ਚੈਨਲ ਰਾਹੀਂ ਦੇਸ ਰਾਜ ਕਾਲੀ ਨੇ ਲੋਕਾਂ ਵਿੱਚ ਆਪਣੀ ਆਵਾਜ਼, ਆਪਣੀ ਸਟੀਕ ਸੋਚਣ ਸ਼ਕਤੀ ਅਤੇ ਖ਼ਿਆਲਾਂ ਨਾਲ ਨਿਵੇਕਲੀ ਪਛਾਣ ਬਣਾਈ।
ਕੁਝ ਮਹੀਨੇ ਪਹਿਲਾਂ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਵਿਹੜੇ ਵਿੱਚ ਉਲੀਕੇ ਗਏ ਦੇਸ ਰਾਜ ਕਾਲੀ ਦੇ ਰੂਬਰੂ ਸਮਾਗਮ ਦੌਰਾਨ ਉਸ ਬੰਦੇ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਸਨਮੁੱਖ ਕੀਤਾ! ਕਪੂਰਥਲਾ ਜ਼ਿਲ੍ਹੇ ਦਾ ਸਾਹਿਤਕ ਅਦਾਰਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇਸ ਰਾਜ ਕਾਲੀ ਦੇ ਇਸ ਬੇਵਕਤੇ ਵਿਛੋੜੇ ਉੱਤੇ ਗਹਿਰਾ ਦੁੱਖ ਜ਼ਾਹਿਰ ਕਰਦਾ ਹੈ। ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਸੀਨੀਅਰ ਮੀਤ ਪ੍ਰਧਾਨ ਪ੍ਰਿੰ. ਕੇਵਲ ਸਿੰਘ ਰੱਤੜਾ, ਸਕੱਤਰ ਆਸ਼ੂ ਕੁਮਰਾ, ਮੀਤ ਪ੍ਰਧਾਨ ਅਵਤਾਰ ਸਿੰਘ ਭੰਡਾਲ, ਕਾਰਜਕਾਰਨੀ ਮੈਂਬਰ ਅਵਤਾਰ ਸਿੰਘ ਗਿੱਲ, ਵਿੱਤ ਸਕੱਤਰ ਮਲਕੀਤ ਸਿੰਘ ਮੀਤ ਅਤੇ ਹੋਰ ਅਹੁਦੇਦਾਰਾਂ ਨੇ ਸਾਹਿਤ ਅਤੇ ਪੱਤਰਕਾਰੀ ਖੇਤਰ ਨੂੰ ਪਏ ਇਸ ਘਾਟੇ ਉੱਤੇ ਡੂੰਘਾ ਦੁੱਖ ਵਿਅਕਤ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly