ਸਿਰਜਣਾ ਕੇਂਦਰ ਵੱਲੋਂ ਨੱਕਾਸ਼ ਚਿੱੱਤੇਵਾਣੀ ਨਾਲ ਰੂ-ਬ-ਰੂ ਸਮਾਗਮ ਆਯੋਜਿਤ

 ਸਮਾਗਮ ਦੌਰਾਨ ਸ਼ਾਇਰਾ ਕੁਲਵਿੰਦਰ ਕੰਵਲ, ਨੱਕਾਸ਼ , ਡਾ.ਗਗਨਦੀਪ ਅਤੇ ਵਿਜੇਤਾ ਰਾਜ ਦਾ ਵਿਸ਼ੇਸ਼ ਸਨਮਾਨ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਆਪਣੀਆਂ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਹੋਇਆਂ ਇਲਾਕੇ ਦੀ ਵਿਸ਼ਵ ਪ੍ਰਸਿੱਧ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਨੇ ਵਿਰਸਾ ਵਿਹਾਰ ਵਿਖੇ ਸਥਿਤ ਆਪਣੇ ਦਫਤਰ ਵਿੱਚ  “ਸ਼ਾਇਰ ਨੱਕਾਸ਼ ਚਿੱਤੇਵਾਣੀ” ਦੀ ਪੁਸਤਕ “ਣ” ਉੱਤੇ ਵਿਚਾਰ ਚਰਚਾ ਅਤੇ ਸ਼ਾਇਰ ਸੰਗ ਰੂ-ਬ-ਰੂ ਸਮਾਗਮ ਰਚਿਆ। ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਨਾਮਵਰ ਸ਼ਾਇਰਾਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਨਾਮਵਰ ਸ਼ਾਇਰਾ ਕੁਲਵਿੰਦਰ ਕੰਵਲ ਹਾਜ਼ਰ ਹੋਏ। ਬਤੌਰ ਵਿਸ਼ੇਸ਼ ਮਹਿਮਾਨ ਸਾਹਿਤ ਸਭਾ ਮਝੈਲਾਂ ਦੀ ਸੱਥ ਅੰਮ੍ਰਿਤਸਰ ਦੇ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਸ਼ਿਰਕਤ ਕੀਤੀ। ਜਦਕਿ ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਸ਼ਾਇਰ ਅਤੇ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਘੀ ਕਵਿੱਤਰੀ ਵਿਜੇਤਾ ਭਾਰਦਵਾਜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਇਸ ਵਿਸ਼ੇਸ਼ ਸਮਾਗਮ ਦੀ ਰੂਪ ਰੇਖਾ ਅਤੇ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਮਹਿਮਾਨਾਂ ਬਾਰੇ ਜਾਣਕਾਰੀ ਦਿੱਤੀ। ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਇਕੱਤਰਤਾ ਨੂੰ ਸਾਹਿਤਕ ਰੰਗਤ ਦੇਣ ਲਈ ਇੱਕ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਅਮਨ ਗਾਂਧੀ, ਮੁਖਤਿਆਰ ਸਹੋਤਾ, ਮਨਜੀਤ ਸਿੰਘ ਜਲੰਧਰ, ਜਸਪਾਲ ਚੌਹਾਨ, ਧਰਮਪਾਲ ਪੈਂਥਰ, ਜਸਵੰਤ ਸਿੰਘ ਖਡੂਰ ਸਾਹਿਬ, ਅਵਤਾਰ ਸਿੰਘ ਭੰਡਾਲ, ਤਿਰਮਾਨ ਸਿੰਘ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਸੁਰਿੰਦਰ ਸ਼ੇਖੂਪੁਰ, ਮਨਜਿੰਦਰ ਕਮਲ, ਕੁਲਵੰਤ ਸਿੰਘ ਧੰਜੂ, ਗੁਰਦੀਪ ਗਿੱਲ, ਗੀਤਕਾਰ ਦਲਜੀਤ ਚੌਹਾਨ, ਨਵਜੋਤ ਬਾਜਵਾ ਬਟਾਲਾ, ਚੰਨ ਮੋਮੀ, ਡਾ. ਸਰਦੂਲ ਸਿੰਘ ਔਜਲਾ, ਉੱਘੇ ਸੰਗੀਤਕਾਰ ਏਕਲਵ, ਮਨਦੀਪ ਸਿੰਘ ਬੋਪਾਰਾਏ, ਤੇਜਬੀਰ ਸਿੰਘ ਅਤੇ ਅਕਾਸ਼ਦੀਪ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ।
ਸਮਾਗਮ ਨੂੰ ਅੱਗੇ ਤੋਰਦਿਆਂ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਨੱਕਾਸ਼ ਚਿੱਤੇਵਾਣੀ ਦੀ ਪੁਸਤਕ “ਣ” ਅਤੇ ਸ਼ਾਇਰ ਬਾਰੇ ਵਿਸਥਾਰ ਵਿੱਚ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਆਖਿਆ ਕਿ ਸ਼ਾਇਰ ਆਪਣੀ ਸ਼ਾਇਰੀ ਰਾਹੀਂ ਆਪਣੇ ਆਪ ਨੂੰ ਪਾਠਕ ਅੱਗੇ ਰੂਪਮਾਨ ਕਰਦਾ ਹੈ ਤੇ ਇਹੀ ਨੱਕਾਸ਼ ਦੀ ਸ਼ਾਇਰੀ ਦੀ ਖ਼ੂਬਸੂਰਤੀ ਹੈ। ਇਸ ਤੋਂ ਬਾਅਦ ਨੱਕਾਸ਼ ਚਿੱਤੇਵਾਣੀ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਹੋਇਆਂ ਆਖਿਆ ਕਿ “ਣ” ਵਰਣ ਮੁੱਢ ਤੋਂ ਹੀ ਅਣਗੌਲਿਆ ਹੁੰਦਾ ਆਇਆ ਹੈ ਜਿਸਦੇ ਕਰਕੇ ਉਸਨੂੰ ਇਸ ਵਿਸ਼ੇ ਉੱਤੇ ਲੰਮੀ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ ਅਤੇ ਉਹ ਭਵਿੱਖ ਵਿੱਚ ਵੀ ਅਜਿਹੇ ਨਿਵੇਕਲੇ ਵਿਸ਼ਿਆਂ ਉੱਤੇ ਲਿਖਦਾ ਰਹੇਗਾ। ਇਸ ਰੂ-ਬ-ਰੂ ਸੈਸ਼ਨ ਦੌਰਾਨ ਹਾਜ਼ਰ ਸਰੋਤਿਆਂ ਨੇ ਪੁਸਤਕ ਦੇ ਸ਼ਾਇਰ ਨੂੰ ਉਸਦੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਨਾਲ ਜੁੜੇ ਵੱਖੋ-ਵੱਖ ਸਵਾਲ ਵੀ ਕੀਤੇ।
ਵਿਸ਼ੇਸ਼ ਮਹਿਮਾਨ ਡਾ. ਗਗਨਦੀਪ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਇੱਕ ਲੇਖਕ ਜਾਂ ਕਵੀ ਉਹੀ ਹੈ ਜਿਹੜਾ ਪਾਠਕ ਨੂੰ ਆਪਣੀ ਰਚਨਾ ਦੇ ਨਾਲ-ਨਾਲ ਤੋਰਦਾ ਹੈ। ਉਨ੍ਹਾਂ ਆਖਿਆ ਕਿ ਨੱਕਾਸ਼ ਚਿੱਤੇਵਾਣੀ ਦੀ ਸ਼ਾਇਰੀ ਦਾ ਇਹ ਇੱਕ ਅਹਿਮ ਪਹਿਲੂ ਹੈ ਕਿ ਉਹ ਪੰਜਾਬੀ ਭਾਸ਼ਾ ਦੇ ਬਹੁਤ ਨੇੜੇ ਹੋ ਕੇ ਸ਼ਬਦਾਂ ਦੀ ਚੋਣ ਕਰਦੇ ਹਨ। ਕੇਂਦਰ ਦੀ ਸਭ ਤੋਂ ਸੀਨੀਅਰ ਮਹਿਲਾ ਮੈਂਬਰ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਸ਼ਾਇਰੀ ਦੀ ਸੁਹਜਤਾ ਅਤੇ ਸੰਵੇਦਨਸ਼ੀਲਤਾ ਬਾਰੇ ਗੱਲ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੈਡਮ ਵਿਜੇਤਾ ਭਾਰਦਵਾਜ ਨੇ ਆਖਿਆ ਕਿ ਸਾਹਿਤ ਸਭਾਵਾਂ ਸਾਹਿਤ ਨੂੰ ਹੋਰ ਅੱਗੇ ਤੋਰਨ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਨੇ ਅਤੇ ਇੱਕ ਲੇਖਕ ਜਾਂ ਸ਼ਾਇਰ ਨੂੰ ਆਪਣੇ ਪਾਠਕਾਂ ਸਨਮੁੱਖ ਕਰਨ ਦਾ ਵੀ ਇਹ ਵਧੀਆ ਸ੍ਰੋਤ ਹਨ। ਮੁੱਖ ਮਹਿਮਾਨ ਮੈਡਮ ਕੁਲਵਿੰਦਰ ਕੰਵਲ ਨੇ ਨੱਕਾਸ਼ ਦੀ ਸ਼ਾਇਰੀ ਉੱਤੇ ਝਾਤ ਪਵਾਉਂਦਿਆਂ ਕਿਹਾ ਕਿ ਨੱਕਾਸ਼ ਨੇ ਪੰਜਾਬੀ ਭਾਸ਼ਾ ਦਾ ਸੇਵਾਦਾਰ ਹੋਣ ਦਾ ਪ੍ਰਮਾਣ ਦਿੱਤਾ ਹੈ। ਭਾਸ਼ਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਭਾਸ਼ਾ ਦੇ ਵਰਣ ਬਾਰੇ ਕਿਤਾਬ ਲਿਖ ਦੇਣਾ ਕਿਸੇ ਨਿਵੇਕਲੇ ਕਾਰਜ ਤੋਂ ਘੱਟ ਨਹੀਂ ਹੈ। ਇਸ ਉਪਰੰਤ ਸਨਮਾਨ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਸ਼ਾਇਰਾ ਕੁਲਵਿੰਦਰ ਕੰਵਲ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇ ਰੁਤਬੇ ਨਾਲ਼ ਨਿਵਾਜਣ ਸਦਕਾ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ, ਮਹਿਮਾਨ ਸ਼ਾਇਰਾ ਵਿਜੇਤਾ ਭਾਰਦਵਾਜ ਅਤੇ ਵਿਸ਼ੇਸ਼ ਮਹਿਮਾਨ ਡਾ. ਗਗਨਦੀਪ ਸਿੰਘ ਨੂੰ ਖ਼ੂਬਸੂਰਤ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ। ਪੁਸਤਕ ਦੇ ਸ਼ਾਇਰ ਨੱਕਾਸ਼ ਚਿੱਤੇਵਾਣੀ ਨੂੰ ਲੋਈ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਗਗਨਦੀਪ ਸਿੰਘ ਨੇ ਆਪਣੀਂ ਸੰਸਥਾ ਮਝੈਲਾਂ ਦੀ ਸੱਥ ਅੰਮ੍ਰਿਤਸਰ ਵੱਲੋਂ ਆਪਣੇ ਤੌਰ ‘ਤੇ ਕੰਵਰ ਇਕਬਾਲ ਸਿੰਘ ਅਤੇ ਨੱਕਾਸ਼ ਚਿੱਤੇਵਾਣੀ ਨੂੰ ਸਾਹਿਤਕ ਸੇਵਾਵਾਂ ਵਿੱਚ ਭਰਪੂਰ ਯੋਗਦਾਨ ਪਾਉਣ ਸਦਕਾ ਗੁਰਮੁੱਖੀ ਲਿੱਪੀ ਵਾਲੇ ਖੂਬਸੂਰਤ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਡਾ.ਸੁਰਿੰਦਰਪਾਲ ਸਿੰਘ, ਡਾ. ਰਕੇਸ਼ ਤਿਲਕਰਾਜ ਅੰਮ੍ਰਿਤਸਰ, ਅਵਤਾਰ ਸਿੰਘ ਗਿੱਲ, ਗੁਰਕੀਰਤ ਸਿੰਘ, ਮੁਨੱਜ਼ਾ ਇਰਸ਼ਾਦ, ਗੁਰਵਿੰਦਰ ਸਿੰਘ, ਜੱਸ ਧਿੰਜਣ ਆਦਿ ਸਮੇਤ ਕਈ ਹੋਰ ਕਲਮਕਾਰ ਵੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪੱਧਰੀ ਡਾ. ਬੀ ਆਰ ਅੰਬੇਦਕਰ ਬੈਸਟ ਟੀਚਰ ਐਵਾਰਡ ਸਮਾਗਮ ਫਗਵਾੜਾ ਵਿਖੇ 12 ਸਤੰਬਰ ਨੂੰ – ਸਤਵੰਤ ਟੂਰਾ
Next articleਸਾਡੇ ਸਮਾਜ ਵਿੱਚ ਕੁੜੀਆਂ ਨਾਲ ਬਹੁਤ ਹੀ ਭੇਦਭਾਵ ਹੋ ਰਿਹਾ ਹੈ।