HOME ਸਿਰਜਣਾ ਕੇਂਦਰ ਅਤੇ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਵੀ-ਦਰਬਾਰ ਕਰਵਾਇਆ ਗਿਆ

ਸਿਰਜਣਾ ਕੇਂਦਰ ਅਤੇ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਵੀ-ਦਰਬਾਰ ਕਰਵਾਇਆ ਗਿਆ

ਵਡਮੁੱਲੇ ਯੋਗਦਾਨ ਸਦਕਾ ਅਹਿਮ ਸ਼ਖ਼ਸੀਅਤਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )-ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਵੱਖ-ਵੱਖ ਸਾਹਿਤਿਕ,ਸਿਰਜਣਾਤਮਕ ਅਤੇ ਕਲਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਦੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਵੀ ਇਲਾਕੇ ਦੀ ਹੀ ਸਿਰਮੌਰ ਸਾਹਿਤਿਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਸਹਿਯੋਗ ਨਾਲ ਦਫਤਰ ਵਿਰਸਾ ਵਿਹਾਰ ਵਿਖੇ ਇੱਕ “ਸਿਰਜਣਾ ਦੇ ਪਾਂਧੀ” ਕਾਵਿ ਮਹਿਫ਼ਿਲ ਦਾ ਆਯੋਜਨ ਕੀਤਾ ਗਿਆ। ਇਸ ਕਾਵਿ ਮਹਿਫ਼ਿਲ ਵਿੱਚ ਵੱਖ-ਵੱਖ ਨਾਮਵਰ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਅਤੇ ਨਾਲ ਹੀ ਇਲਾਕੇ ਦੇ ਵੱਖ-ਵੱਖ ਕਲਮਕਾਰਾਂ ਨੇ ਵੀ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਸਰਵਣ ਸਿੰਘ ਪ੍ਰਦੇਸੀ ਅਤੇ ਵਿਸ਼ੇਸ਼ ਮਹਿਮਾਨ ਪ੍ਰਵਾਸੀ ਭਾਰਤੀ ਪ੍ਰਿੰ. ਕੇਵਲ ਸਿੰਘ ਰੱਤੜਾ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰੋ ਕੁਲਵੰਤ ਸਿੰਘ ਔਜਲਾ,  ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ,ਡਾ. ਅਮਨਦੀਪ ਸਿੰਘ, ਡਾ.ਰਾਗਿਨੀ ਸਰਮਾ ਨੇ ਕੀਤੀ।
ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਭਨਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਦੇ ਪੈਰੋਕਾਰ ਇਸਦੇ ਲਈ ਵਚਨਬੱਧ ਹਨ ਕਿ ਉਹ ਅਗਲੇਰੇ ਸਮੇਂ ਵਿੱਚ ਵੀ ਪੰਜਾਬੀ ਸਾਹਿਤ ਸਿਰਜਣ ਪ੍ਰਤੀ ਇਸੇ ਤਰ੍ਹਾਂ ਹੀ ਕਾਰਜਸ਼ੀਲ ਰਹਿਣਗੇ। ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਮਾਗਮ ਦੀ ਸ਼ੁਰੂਆਤ ਇਸ ਸਮਾਗਮ ਦੀ ਵਿਸ਼ੇਸ਼ ਖਿੱਚ “ਸਿਰਜਣਾ ਦੇ ਪਾਂਧੀ” ਕਾਵਿ ਮਹਿਫ਼ਿਲ ਰਾਹੀਂ ਕੀਤੀ, ਜਿਸ ਵਿੱਚ ਇਲਾਕੇ ਤੋਂ ਸ਼ਾਮਿਲ ਹੋਏ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਕਾਵਿ-ਮਹਿਫ਼ਿਲ ਵਿੱਚ ਕ੍ਰਮਵਾਰ ਤ੍ਰਿਮਾਨ ਸਿੰਘ, ਸੁਰਿੰਦਰ ਸ਼ੇਖੂਪੁਰ, ਮਲਕੀਤ ਸਿੰਘ ਮੀਤ, ਪ੍ਰਿੰਸੀਪਲ ਬਲਬੀਰ ਕੌਰ ਬੱਬੂ ਸੈਣੀ ਫਗਵਾੜਾ, ਸੁਖਦੇਵ ਸਿੰਘ ਗੰਢਵਾਂ, ਸੂਫ਼ੀ ਸ਼ਾਇਰ ਮੁਖਤਾਰ ਸਹੋਤਾ, ਅਮਨ ਗਾਂਧੀ, ਲਾਡੀ ਭੁੱਲਰ, ਮਨਜਿੰਦਰ ਕਮਲ, ਮੁਨੱਜ਼ਾ ਇਰਸ਼ਾਦ, ਮੰਗਲ ਸਿੰਘ ਭੰਡਾਲ, ਤੇਜਬੀਰ ਸਿੰਘ, ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ, ਡਾ. ਰਾਮ ਮੂਰਤੀ, ਡਾ. ਹਰਭਜਨ ਸਿੰਘ, ਰੁਪਿੰਦਰ ਸਿੰਘ, ਆਸ਼ੂ ਕੁਮਰਾ, ਜੱਸ ਧਿੰਜਣ ਅਤੇ ਸਰਵਣ ਸਿੰਘ ਨੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖੀਆਂ ਰਚਨਾਵਾਂ ਨਾਲ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਗ਼ਜ਼ਲ ਗਾਇਕ ਸਬੀਰ ਸਰਗਮ ਨੇ ਆਪਣੀ ਗਾਇਕੀ ਨਾਲ ਹਾਜ਼ਰ ਮਹਿਮਾਨਾਂ ਦਾ ਦਿਲ ਜਿੱਤ ਲਿਆ।
ਸਮਾਗਮ ਦੇ ਦੂਸਰੇ ਦੌਰ ਵਿੱਚ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਖਿਆ ਕਿ ਇਸ ਸਾਹਿਤਕ ਸਮਾਗਮ ਦੀ ਸਫ਼ਲਤਾ ਇਸੇ ਵਿੱਚ ਹੈ ਕਿ ਏਨੀ ਗਿਣਤੀ ਵਿੱਚ ਸ਼ਾਇਰ ਅਤੇ ਲੇਖਕ ਹਾਜ਼ਰ ਹੋਏ ਹਨ । ਜਿਸ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਸਿਰਜਣਾ ਕੇਂਦਰ ਮੁਬਾਰਕ ਦਾ ਹੱਕਦਾਰ ਹੈ। ਡਾ. ਅਮਨਦੀਪ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਸਿਰਜਣਾ ਕੇਂਦਰ ਨਾ ਸਿਰਫ਼ ਪਹਿਲਾਂ ਤੋਂ ਹੀ ਅਜਿਹੀਆਂ ਗਤੀਵਿਧੀਆਂ ਲਈ ਸਰਗਰਮ ਰਿਹਾ ਹੈ ਸਗੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਸਾਹਿਤਕ ਉੱਦਮ ਹੋਰ ਵੀ ਸਲਾਹੁਣਯੋਗ ਹੈ। ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਪ੍ਰਿੰ. ਕੇਵਲ ਸਿੰਘ ਰੱਤੜਾ ਨੇ ਕਿਹਾ ਕਿ ਪੂਰੇ ਸੂਬੇ ਅੰਦਰ ਅਜਿਹੀਆਂ ਗਤੀਵਿਧੀਆਂ ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਨਿਵੇਕਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਆਖਿਆ ਅਜੋਕੇ ਸਮੇਂ ਵਿੱਚ ਪਾਠਕ ਅਤੇ ਪੁਸਤਕ ਦੇ ਆਪਸੀ ਰਿਸ਼ਤੇ ਨੂੰ ਹੋਰ ਪੀਡਾ ਕਰਨ ਦੀ ਸਖ਼ਤ ਲੋੜ ਹੈ।
ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਵਣ ਸਿੰਘ ਪ੍ਰਦੇਸੀ ਨੇ ਸਮੁੱਚੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਚੰਗਾ ਸ਼ਾਇਰ, ਪਾਠਕ, ਸਰੋਤਾ ਅਤੇ ਚਿੰਤਕ ਹੋਣ ਦੇ ਨਾਲ-ਨਾਲ ਇੱਕ ਸੁਹਿਰਦ ਵਿਸ਼ਲੇਸ਼ਕ ਵੀ ਹੈ, ਜਿਹੜਾ ਆਪਣੇ ਆਲੇ-ਦੁਆਲੇ ਵਾਪਰ ਰਹੀ ਹਰ ਘਟਨਾ ਦੀ ਸਾਹਿਤਕ ਪੱਖ ਤੋਂ ਪੜਚੋਲ ਵੀ ਕਰਦਾ ਹੈ। ਉਹਨਾਂ ਕਿਹਾ ਕਿ ਇੱਕ ਪ੍ਰੋੜ ਲੇਖਕ ਜਾਂ ਕਵੀ ਆਪਣੇ ਅੰਦਰ ਬਹੁਤ ਸਾਰੇ ਤੱਤਾਂ ਦਾ ਭੰਡਾਰ ਲੈ ਕੇ ਅੱਖਰਾਂ ਦੇ ਰਾਹ ਉੱਤੇ ਤੁਰਦਾ ਹੈ ਜੋ ਉਸਨੂੰ ਇੱਕ ਅਤਿ ਸੰਵੇਦਨਸ਼ੀਲ ਲੇਖਕ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।
ਸਮਾਗਮ ਦੀ ਸਮਾਪਤੀ ਵੇਲੇ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਭਨਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਪਾਠਕ ਅਤੇ ਪੁਸਤਕ ਦੇ ਆਪਸੀ ਸੰਬੰਧਾਂ ਨੂੰ ਹੋਰ ਪਕੇਰਾ ਕਰਨ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਲੋਂ ਇੱਕ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕਿਤਾਬ ਮੰਚ ਕਪੂਰਥਲਾ ਵੱਲੋਂ ਡਾ. ਹਰਭਜਨ ਸਿੰਘ ਨੇ ਆਏ ਹੋਏ ਕਲਮਕਾਰਾਂ ਨੂੰ ਮੁਫ਼ਤ ਪੁਸਤਕਾਂ ਭੇਟ ਕੀਤੀਆਂ। ਸਮੁੱਚੇ ਪ੍ਰਧਾਨਗੀ ਮੰਡਲ ਨੇ ਕਵਿਤਾਵਾਂ ਨਾਲ ਹਾਜ਼ਰੀ ਲਗਵਾਉਣ ਵਾਲੇ ਸਾਰੇ ਹੀ ਕਵੀਆਂ ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਤੋਹਫ਼ੇ ਦੇ ਰੂਪ ਵਿੱਚ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ  ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਅਤੇ  ਕਾਰਜਕਾਰੀ ਟੀਮ ਵਿੱਚ ਸ਼ਾਮਿਲ ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ,  ਡਾਕਟਰ ਅਵਤਾਰ ਭੰਡਾਲ, ਗੁਰਦੀਪ ਗਿੱਲ, ਆਦਿ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਲੋਈ ਅਤੇ ਸਨਾਮਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਹਰਭਜਨ ਸਿੰਘ, ਸਵਰਾਜ ਕੌਰ, ਸੁਖਜੀਤ ਕੌਰ, ਗਗਨਦੀਪ ਸਿੰਘ,, ਕੋਮਲਪ੍ਰੀਤ ਕੌਰ, ਗੁਰਦੀਪ ਗਿੱਲ, ਕੁਲਦੀਪ ਸਿੰਘ, ਪਰਗਟ ਸਿੰਘ ਰੰਧਾਵਾ, ਮੰਗਾ ਮੋਮੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਤੋਂ ਮਨੀਸ਼ ਬਹਿਲ ਤੇ ਸਲਮਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡੀ ਐਸ ਪੀ ਸੁਖਪਾਲ ਸਿੰਘ ਨੇ ਸ਼ਾਹਕੋਟ ਵਿਖੇ ਚਾਰਜ ਸੰਭਾਲਿਆ, ਮਾੜੇ ਅਨਸਰਾਂ ਨੂੰ ਦਿੱਤੀ ਸਖਤ ਚਿਤਾਵਨੀ
Next articleਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਇਕਾਈ ਮਹਿਤਪੁਰ ਦਾ ਇਜਲਾਸ ਪਿੰਡ ਉਧੋਵਾਲ ਵਿਖੇ ਸੰਪੰਨ ਹੋਇਆ