(ਸਮਾਜ ਵੀਕਲੀ) ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਯਾਨਿ ਕਿ ਭੇਦਭਾਵ, ਰਹਿਤ ਦਿਵਸ਼ ਦੀ ਸ਼ੁਰੂਆਤ 1 ਮਾਰਚ 2014 ਤੋਂ ਕੀਤੀ ਗਈ ਸੀ। ਯੂਐਨਏਡਸ ਸੰਸਥਾ ਵੱਲੋਂ ਪਹਿਲੀ ਵਾਰ ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਮਨਾਇਆ ਗਿਆ ਸੀ। ਜਿਸ ਦਾ ਮਕਸਦ ਜ਼ਾਤੀ ,ਧਰਮ, ਲਿੰਗ ਅਤੇ ਨਸਲੀ ਵਿਤਕਰੇ ਖਿਲਾਫ ਅਵਾਜ਼ ਚੁੱਕਣਾ ਹੈ। ਇਸ ਦਾ ਮਕਸਦ ਔਰਤਾਂ ਦੀ ਸਮਾਨਤਾ ਅਤੇ ਹਿੰਸਾ ਖਿਲਾਫ ਲੜਾਈ ਲੜਨਾ ਵੀ ਹੈ’। ਮਨੁੱਖੀ ਭੇਦਭਾਵ ਸਿਰਫ ਭਾਰਤ ਵਿੱਚ ਹੀ ਨਹੀਂ ਹੋਰ ਕਈ ਦੇਸ਼ਾਂ ਵਿਚ ਵੀ ਇਸ ਦਾ ਬੋਲਬਾਲਾ ਹੈ। ਦੱਖਣੀ ਅਫ਼ਰੀਕਾ ਵਿੱਚ ਨਸਲੀ ਵਿਤਕਰਾ ਜ਼ੋਰਾਂ ਤੇ ਸੀ ਜਿਥੇ ਗੋਰਿਆਂ ਵਲੋਂ ਦੱਖਣੀ ਅਫ਼ਰੀਕਾ ਦੇ ਮੂਲਨਿਵਾਸੀ ਕਾਲੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ ਜਿਸ ਵਿਰੁੱਧ ਨੈਲਸਨ ਮੰਡੇਲਾ ਨੇ ਬਹੁਤ ਵੱਡਾ ਸੰਘਰਸ਼ ਕੀਤਾ ਅਤੇ 27 ਸਾਲ ਜੇਲ੍ਹ ਕੱਟਣ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਅੱਜ ਉਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਸਤਿਕਾਰਿਆ ਜਾਂਦਾ ਹੈ। ਜੇਕਰ ਭਾਰਤ ਦੇਸ਼ ਵਿੱਚ ਭੇਦਭਾਵ ਦੀ ਗੱਲ ਕਰੀਏ ਤਾਂ ਇਥੇ ਇਹ ਬਿਮਾਰੀ ਅਜੇ ਵੀ ਘੱਟਣ ਦਾ ਨਾਂ ਨਹੀਂ ਲੈ ਰਹੀ। ਭਾਰਤ ਵਿੱਚ ਜ਼ਾਤ, ਧਰਮ, ਗਰੀਬ,ਅਮੀਰ ਅਤੇ ਲਿੰਗ ਆਧਾਰਤ ਵਿਤਕਰਾ ਆਮ ਗੱਲ ਹੈ ਭਾਵੇਂ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਵਰਤਾਰੇ ਚੋ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਰ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ। ਗੁਰਬਾਣੀ ਵਿਚ ਵੀ ਲਿਖਿਆ ਹੈ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ” ਅਤੇ “ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਗੁਰੂਆਂ ਵੱਲੋਂ ਵਾਰ ਵਾਰ ਸਮਝਾਇਆ ਗਿਆ ਹੈ ਕਿ ਕਿ ਮਨੁੱਖ ਦੀ ਸਿਰਫ ਇਕੋ ਹੀ ਜਾਤ ਹੈ – ਮਨੁੱਖ ਜਾਤੀ। ਫਿਰ ਸਾਡਾ ਸਮਾਜ, ਸਾਡਾ ਦੇਸ਼ ਹਜ਼ਾਰਾਂ ਜਾਤੀਆਂ ਵਿੱਚ ਕਿਉਂ ਵੰਡਿਆ ਗਿਆ ? ਕਿਸ ਨੇ ਅਤੇ ਕਿਓਂ ਵੰਡਿਆ ? ਅਜਿਹੇ ਕਿੰਨੇ ਹੀ ਸਵਾਲ ਹਰ ਇਕ ਦੇ ਜ਼ਹਿਨ ਵਿਚ ਆਉਣੇ ਸੁਭਾਵਿਕ ਹਨ। ਜਾਤੀਆਂ,ਨਸਲਾਂ ਅਤੇ ਧਰਮਾਂ ਦੇ ਨਾਂ ‘ਤੇ ਵੰਡੇ ਗਏ ਕਿਸੇ ਵੀ ਦੇਸ਼ ਵਿਚ ਭੇਦਭਾਵ, ਨਫ਼ਰਤ, ਫਿਰਕਾਪ੍ਰਸਤੀ ਅਤੇ ਦੰਗੇ ਆਦਿ ਹੋਣੇ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ। ਭਾਰਤ ‘ਚ ਜਾਤ-ਪਾਤ ਦੁਨੀਆ ਦਾ ਅੱਠਵਾਂ ਅਜੂਬਾ ਹੈ। ਜਾਤ-ਪਾਤ ਮਿਹਨਤਕਸ ਮਨੁੱਖ ਨੂੰ ਗੁਲਾਮ ਬਣਾਈ ਰੱਖਣ ਲਈ ਸ਼ੋਸ਼ਕਾ ਦਾ ਛੜਯੰਤਰ ਸੀ। ਜਾਤੀਪਾਤੀ ਵਿਵਸਥਾ ‘ਚ ਹਰ ਉੱਪਰਲੀ ਜਾਤ ਥੱਲੇ ਵਾਲੀ ਜਾਤ ਨੂੰ ਨੀਵਾਂ ਸਮਝਦੀ ਹੈ ਅਤੇ ਉਸ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਛੂਆਛਾਤ, ਭੇਦਭਾਵ, ਨਫ਼ਰਤ, ਫਿਰਕਾਪ੍ਰਸਤੀ ਜਾਤ-ਪਾਤ ਦੀ ਉਪਜ ਹਨ ਜੋ ਭਾਰਤ ਵਾਸੀਆਂ ਦਾ ਰੋਜ਼ਮਰਾ ਦਾ ਜੀਵਨ ਵਰਤਾਰਾ ਹੈ। ਜਾਤ ਪਾਤ ਮਾਨਸਿਕ ਸ਼ੋਸਣ ਹੀ ਨਹੀਂ, ਸਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਵੀ ਹੈ। ਜਾਤਪਾਤ ਸਿਰਫ ਮਿਹਨਤ ਦੀ ਵੰਡ ਹੀ ਨਹੀਂ, ਮਿਹਨਤਕਸ ਦੀ ਵੀ ਅੱਗੋਂ ਵੰਡ ਹੈ। ਜਾਤ ਪਾਤ ਦੇ ਹੁੰਦਿਆਂ ਇਨਕਲਾਬ ਅਸੰਭਵ ਹੈ, ਕਿਉਂਕਿ ਜਾਤ ਲੋਕਾਂ ਨੂੰ ਇਕੱਠੇ ਨਹੀ ਹੋਣ ਦਿੰਦੀ।”ਜਾਤ-ਪਾਤੀ ਸਿਸਟਮ ਵਿਚ ਸਮਾਨਤਾ ਨੂੰ ਕੋਈ ਸਥਾਨ ਨਹੀਂ ਹੈ। ਵਰਣ ਵਿਵਸਥਾ ਵਿਚ ਉੱਪਰੋਂ, ਥੱਲੇ ਨੂੰ ਆਈਏ ਤਾਂ ਅਪਮਾਨ ਤੇ ਨਫਰਤ ਵਧਦੀ ਜਾਂਦੀ ਹੈ ਅਤੇ ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਸਨਮਾਨ ਤੇ ਪਿਆਰ ਵਧਦਾ ਜਾਂਦਾ ਹੈ। ਜੇਕਰ ਉਪਰੋਂ ਥੱਲੇ ਨੂੰ ਆਈਏ ਤਾਂ ਅਧਿਕਾਰ ਘਟਦੇ-ਘਟਦੇ ਕਰਤੱਵ ਬਣ ਜਾਂਦੇ ਹਨ। ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਕਰਤੱਵ ਘਟਦੇ ਘਟਦੇ ਅਧਿਕਾਰ ਬਣ ਜਾਂਦੇ ਹਨ। ਅੱਜ ਤੋ ਬਹੁਤ ਸਮਾਂ ਪਹਿਲਾਂ ਪ੍ਰਾਚੀਨ ਆਰੀਅਨ ਸਮਾਜ ਵਿਚ ਕੋਈ ਵੀ ਜ਼ਾਤੀ ਵਿਵਸਥਾ ਨਹੀਂ ਸੀ। ਨਾ ਕੋਈ ਬ੍ਰਾਹਮਣ ਸੀ, ਨਾ ਕਸ਼ਤਰੀ ਨਾ ਵੈਸ਼ ਅਤੇ ਨਾ ਹੀ ਕੋਈ ਸ਼ੂਦਰ ਸੀ। ਜਾਤ-ਪਾਤ ਦੀ ਕੋਈ ਹੋਂਦ ਨਹੀਂ ਸੀ। ਸਾਰੇ ਲੋਕ ਇਕੱਠੇ ਖਾਂਦੇ-ਪੀਂਦੇ, ਆਪਸੀ ਵਿਆਹ ਕਰਦੇ ਅਤੇ ਇਕਾਈ ਦੇ ਰੂਪ ਵਿਚ ਵਿਚਰਦੇ ਸਨ। ਸਾਰੇ ਲੋਕ ਆਜ਼ਾਦ ਸਨ ਅਤੇ ਔਰਤ ਵੀ ਅਜ਼ਾਦ ਸੀ ਅਤੇ ਆਪਣੀ ਮਰਜ਼ੀ ਨਾਲ ਆਪਣਾ ਪਤੀ ਚੁਣ ਸਕਦੀ ਸੀ। ਸਤੀ ਪ੍ਰਥਾ ਜਾਂ ਬਾਲ ਵਿਆਹ ਦੀ ਕੋਈ ਪ੍ਰਥਾ ਨਹੀਂ ਸੀ। ਔਰਤ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਜਾਂਦਾ ਸੀ। ਇਸ ਤੋਂ ਬਾਅਦ ਕੁਝ ਸ਼ਾਤਿਰ ਲੋਕਾਂ ਵਲੋਂ ਆਪਣੇ ਆਪ ਨੂੰ ਉਚਾ ਰੱਖਣ ਲਈ ਭਾਰਤ ਵਿੱਚ ਵਰਣ ਵਿਵਸਥਾ ਰਾਹੀਂ ਸਮਾਜ ਨੂੰ ਚਾਰ ਵਰਣਾ ਵਿਚ ਵੰਡ ਦਿੱਤਾ ਗਿਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਨ੍ਹਾਂ ਦੇ ਵੱਖ ਵੱਖ ਕੰਮ ਮਿਥ ਦਿੱਤੇ ਗਏ। ਕੰਮਾਂ ਦੀ ਕਿਸਮ ਅਨੁਸਾਰ ਬ੍ਰਾਹਮਣ ਨੂੰ ਪਹਿਲਾ ਸਥਾਨ, ਖੱਤਰੀ ਨੂੰ ਦੂਜਾ, ਵੈਸ਼ ਨੂੰ ਤੀਜਾ ਅਤੇ ਸ਼ੂਦਰ ਨੂੰ ਚੌਥਾ ਦਰਜਾ ਦਿੱਤਾ ਗਿਆ। ਬ੍ਰਾਹਮਣਾਂ ਦਾ ਕਾਰਜ ਸ਼ਾਸਤਰ ਅਧਿਐਨ, ਵੇਦਪਾਠ ਅਤੇ ਯੱਗ ਕਰਾਉਣਾ ਹੁੰਦਾ ਸੀ ਜਦੋਂ ਕਿ ਕਸ਼ਤਰੀ ਲੜਾਈ ਅਤੇ ਰਾਜ ਭਾਗ ਦੇ ਕੰਮਾਂ ਦੇ ਉੱਤਰਦਾਈ ਸਨ। ਵੈਸ਼ਾਂ ਦਾ ਕੰਮ ਖੇਤੀ ਅਤੇ ਵਪਾਰ ਅਤੇ ਸ਼ੂਦਰਾਂ ਦਾ ਕੰਮ ਸੇਵਾਦਰੀ ਸੀ। ਸਮੁੱਚਾ ਸਮਾਜ ਅੱਜ 10 ਹਜ਼ਾਰ ਜਾਤਾਂ ਅਤੇ ਉਪ ਜਾਤਾਂ ਵਿਚ ਵੰਡਿਆ ਹੋਇਆ ਹੈ। ਜਾਤੀ ਪਾਤੀ ਵਿਵਸਥਾ ਇਨ੍ਹਾਂ ਦੀ ਆਪਸ ਵਿਚ ਸਾਂਝੀ ਸਰਗਰਮੀ ਨੂੰ ਰੋਕਦੀ ਹੈ। ਵਰਣ ਅਤੇ ਜਾਤ ਦੀਆਂ ਦੀਵਾਰਾਂ ਇੰਨੀਆਂ ਪੱਕੀਆਂ ਹਨ ਕਿ ਆਮ ਆਦਮੀ ਇਨ੍ਹਾਂ ਨੂੰ ਤੋੜ ਨਹੀਂ ਸਕਦਾ। ਬਹੁਤ ਸਾਰੀਆਂ ਉਚ ਜਾਤੀਆਂ ਨੇ ਹਜ਼ਾਰਾਂ ਸਾਲ ਮੁਗਲਾਂ, ਮੁਸਲਮਾਨਾਂ, ਅੰਗ੍ਰੇਜ਼ਾਂ ਦੀ ਗੁਲਾਮੀ ਤਾਂ ਸਵੀਕਾਰ ਕਰ ਲਈ, ਪ੍ਰੰਤੂ ਜਾਤ ਪਾਤ ਦੀਆਂ ਦੀਵਾਰਾਂ ਨੂੰ ਤੋੜ ਕੇ ਦਲਿਤਾਂ ਨਾਲ ਸਮਾਜਿਕ ਭਾਈਚਾਰਾ ਬਣਾਉਣ ਲਈ ਤਿਆਰ ਨਹੀਂ ਹੋਈਆਂ। ਭਾਰਤ ਵਿਚ ਜਾਤੀ ਵਿਵਸਥਾ ਕੋਈ ਕੁਦਰਤੀ ਵਰਤਾਰਾ ਨਹੀਂ ਹੈ ਬਲਕਿ ਜਾਣ ਬੁੱਝ ਕੇ ਕੁਝ ਲੋਕਾਂ ਨੂੰ ਗੁਲਾਮ ਰੱਖਣ ਲਈ ਬਣਾਈ ਗਈ ਇੱਕ ਵਿਵਸਥਾ ਹੈ ਜੋ ਕਿ ਸਾਡੇ ਦੇਸ਼ ਲਈ ਇਕ ਕਲੰਕ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਦੀਆਂ ਤੋਂ ਗੁਲਾਮ ਅਤੇ ਲਿਤਾੜੇ ਹੋਏ ਲੋਕਾਂ ਲਈ ਬਹੁਤ ਹੀ ਕਠਿਨ ਅਤੇ ਲੰਮੀ ਲੜਾਈ ਲੜੀ ਅਤੇ ਕੁਝ ਅਧਿਕਾਰ ਦਿਵਾਉਣ ਵਿਚ ਕਾਮਯਾਬ ਵੀ ਹੋਏ। ਜੇਕਰ ਸਾਰੇ ਮਨੁੱਖ ਮਾਨਸ ਦੀ ਜ਼ਾਤ ਹਨ ਸਭ ਦਾ ਖੂਨ ਲਾਲ ਹੈ, ਸਾਰਿਆਂ ਦੇ ਅੰਗ ਇਕੋ ਜਿਹੇ ਹਨ ਸਭ ਦੀ ਸੋਚਣੀ, ਅਤੇ ਭਾਵਨਾਵਾਂ ਇਕੋ ਜਿਹੀਆਂ ਹਨ ਫੇਰ ਜਾਤੀ ਵਿਵਸਥਾ ਕਿਓਂ ?
ਅੱਜ ਬੇਸ਼ੱਕ ਵੱਡੇ-ਵੱਡੇ ਸ਼ਹਿਰਾਂ ਵਿਚ ਜਾਤੀ ਭੇਦਭਾਵ ਘਟ ਗਿਆ ਹੈ ਪਰ ਬਹੁਤ ਸਾਰੇ ਪੱਛੜੇ ਇਲਾਕਿਆਂ ਵਿਚ ਇਹ ਸਿਲਸਿਲਾ ਜਾਰੀ ਹੈ। ਕੀ ਭਾਰਤ ਵਿਚ ਕਦੇ ਕੋਈ ਸਰਕਾਰ ਜਾਤੀ ਵਿਵਸਥਾ ਖਤਮ ਕਰਨ ਲਈ ਕੋਈ ਕਾਨੂੰਨ ਲਿਆਉਣ ਦੀ ਜੁਅਰਤ ਕਰ ਸਕੇਗੀ ? ਵਿਤਕਰੇ ਵਾਲਾ ਕੋਹੜ ਬਹੁਤ ਸਾਰੇ ਲੋਕਾਂ ਦੇ ਖ਼ੂਨ ਵਿੱਚ ਰਸ ਚੁੱਕਾ ਹੈ ਇਸਨੂੰ ਨੂੰ ਦੂਰ ਕਰਨਾ ਇਨ੍ਹਾਂ ਆਸਾਨ ਨਹੀਂ ਰਹਿਆਂ ਫਿਰ ਵੀ ਸਾਨੂੰ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸਦਾ ਸਭ ਤੋਂ ਵੱਡਾ ਇਲਾਜ ਚੰਗੀ ਸਿੱਖਿਆ ਹੋ ਸਕਦੀ ਹੈ ਕਿਉਂਕਿ ਕਿ ਜਦੋਂ ਇਨਸਾਨ ਨੂੰ ਸਮਝ ਆ ਗਿਆ ਕਿ ਸਭ ਧਰਮਾਂ, ਜਾਤਾਂ,ਮਜ਼ਬਾਂ, ਦੇਸ਼ਾਂ ਦੇ ਲੋਕ ਇੱਕੋ ਜਿਹੇ ਹਨ ਤਾਂ ਇਹ ਵਿਤਕਰਾ ਆਪਣੇ ਆਪ ਹੀ ਖਤਮ ਹੁੰਦਾ ਜਾਵੇਗਾ। ਦਰਅਸਲ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਸੱਤਾ ਲਈ ਧਰਮ, ਅਤੇ ਜ਼ਾਤ ਅਧਾਰਿਤ ਖੇਡਾਂ ਖੇਡਦੀਆਂ ਰਹਿਦੀਆਂ ਹਨ ਫਿਰ ਵੀ ਲੋਕ ਜਦੋਂ ਪੂਰੀ ਤਰ੍ਹਾਂ ਜਾਗਰੂਕ ਹੋ ਗਏ ਤਾਂ ਇਹ ਫ਼ਿਰਕੂ, ਨਸਲੀ ਅਤੇ ਉਚ ਨੀਚ ਵਾਲੀ ਨਫ਼ਰਤ ਦੀ ਅੱਗ ਆਪਣੇ ਆਪ ਹੀ ਠੰਡੀ ਹੋ ਸਕਦੀ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj