(ਸਮਾਜ ਵੀਕਲੀ)
ਮਣੀਪੁਰ ਦੀ ਘਟਨਾ ਉੱਤੇ,
ਦਿਲ ਇਹ ਸੂਖ਼ਮ ਰੋਇਆ,
ਖੁੱਲ੍ਹੇ ਅੰਬਰ ਹੇਠ ਔਰਤ ਦਾ,
ਚੀਰ ਹਰਨ ਜਦ ਹੋਇਆ।
ਲੋਕ ਸਿਆਸੀ ਕਰਨ ਸਿਆਸਤ,
ਐ ਸੁਣ ਮੇਰੀਏ ਜਿੰਦੇ,
ਸ਼ਰੇਆਮ ਗਲੀਆਂ ਵਿੱਚ ਤਾਹੀਂ,
ਘੁੰਮਦੇ ਫਿਰਨ ਦਰਿੰਦੇ,
ਏਸ ਘਨਾਉਣੀ ਹਰਕਤ ਉੱਤੇ,
ਹਰ ਅੱਖ ਅੱਥਰੂ ਚੋਇਆ।
ਖੁੱਲ੍ਹੇ ਅੰਬਰ ਹੇਠ ਔਰਤ ਦਾ…।
ਹਾਲੇ ਤੱਕ ਮਹਿਫ਼ੂਜ਼ ਕਿਉਂ ਨਾ,
ਦੇਸ਼ ਮੇਰੇ ਦੀ ਨਾਰੀ,
ਕਦ ਤੱਕ ਇਸ ਅਬਲਾ ਨੇ ਜਾਣਾ,
ਹੋਰ ਏਦਾਂ ਦਰਕਾਰੀ,
ਸਤੀ ਹੋਣ ਲਈ ਜਿਸਮ ਵੀ ਜਿਸਦਾ,
ਅਗਨੀ ਵਿੱਚ ਖਲੋਇਆ।
ਖੁੱਲ੍ਹੇ ਅੰਬਰ ਹੇਠ ਔਰਤ ਦਾ…।
ਵੋਟਾਂ ਖਾਤਰ ਬੀਜ ਰਹੇ ਨੇ,
ਨੇਤਾ ਲੋਕ ਜੋ ਕੰਡੇ,
ਲੋਕਾਂ ਫਿਰ ਇਨਸਾਫ਼ ਦੀ ਖਾਤਰ,
ਚੁੱਕ ਲੈਣੇ ਨੇ ਝੰਡੇ,
ਫਿਰ ਪ੍ਰਸ਼ਾਸ਼ਨ ਜਾਗੇਗਾ ਜਦ,
ਜਨਤਾ ਝੋਕਾ ਝੋਇਆ।
ਖੁੱਲ੍ਹੇ ਅੰਬਰ ਹੇਠ ਔਰਤ ਦਾ…।
ਨਾਰੀ ਨੂੰ ਬਣਾਇਆ ਜਾਂਦਾ,
ਚਾਹੇ ਵਸਤ ਬਜ਼ਾਰੂ,
ਦੂਰ ਨਹੀਂ ਦਿਨ ‘ਮਾਲਵਿੰਦਰ’ ਜਦ,
ਵੈਰੀ ਇਹ ਲਲਕਾਰੂ,
ਸਦੀਆਂ ਤੋਂ ਇਸ ਦੇਸ਼ ‘ਚ ਜਿਸਨੇ,
ਦਰਦ ਬਥੇਰਾ ਢੋਇਆ।
ਖੁੱਲ੍ਹੇ ਅੰਬਰ ਹੇਠ ਔਰਤ ਦਾ,
ਚੀਰ ਹਰਨ ਜਦ ਹੋਇਆ…।
ਮਾਲਵਿੰਦਰ ਸ਼ਾਇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly