ਕਾਮਰੇਡ ਸੁਰਜੀਤ ਸਿੰਘ ਢੇਰ ਨਾਲ਼ ਹੋਈ ਬਦਸਲੂਕੀ ਸਬੰਧੀ ਸੀ.ਪੁ.ਆਈ. (ਐੱਮ.) ਦੀ ਅਹਿਮ ਮੀਟਿੰਗ

ਕਾਰਵਾਈ ਨਾ ਹੋਣ ‘ਤੇ 13 ਮਾਰਚ ਨੂੰ ਵਿਸ਼ਾਲ ਰੋਸ ਮਾਰਚ ਦਾ ਐਲਾਨ

ਗੁਰਬਿੰਦਰ ਸਿੰਘ ਰੋਮੀ, ਰੋਪੜ (ਸਮਾਜ ਵੀਕਲੀ): ਪਿਛਲੇ ਦਿਨੀ ਸੀਪੀਆਈ (ਐੱਮ) ਦੇ ਜਿਲ੍ਹਾ ਸਕੱਤਰ ਕਾਮਰੇਡ ਸੁਰਜੀਤ ਸਿੰਘ ਢੇਰ ਨਾਲ਼ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਚਾਚੇ ਠੇਕੇਦਾਰ ਬੱਚਿਤਰ ਸਿੰਘ ਵੱਲੋਂ ਫੋਨ ਕਾਲ ‘ਤੇ ਕੀਤੀ ਗਈ ਗਾਲ਼ੀ-ਗਲੋਚ ਅਤੇ ਧਮਕਾਉਣ ਦੇ ਮਾਮਲੇ ਸਬੰਧੀ ਇੱਕ ਅਹਿਮ ਮੀਟਿੰਗ ਅੱਜ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਸਲੇ ਬਾਬਤ ਐੱਸ.ਐੱਸ.ਪੀ. ਨੂੰ ਲਿਖਤੀ ਸ਼ਿਕਾਇਤ ਦੇਣ ਤੇ ਕਾਲ ਰਿਕਾਰਡਿੰਗ ਜਿਹਾ ਅਹਿਮ ਸਬੂਤ ਹੋਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋ ਹੁਣ ਪਾਰਟੀ ਅਤੇ ਹੋਰ ਹਮਖਿਆਲ ਜਥੇਬੰਦੀਆਂ ਵੱਲੋਂ 13 ਮਾਰਚ ਸੋਮਵਾਰ ਨੂੰ ਸਵੇਰੇ 11:00 ਵਜੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਵਿਸ਼ਾਲ ਇਕੱਠ ਕਰਕੇ ਰੋਸ ਮਾਰਚ ਕਰਦਿਆਂ ਡੀ.ਸੀ. ਦਫ਼ਤਰ ਮੂਹਰੇ ਧਰਨਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਮੋਜੂਦਾ ਅਮਨ-ਕਾਨੂੰਨ ਦੀ ਸਥਿਤੀ ਤੇ ਚਿੰਤਾ ਜਾਹਿਰ ਕਰਦਿਆਂ ਸਰਕਾਰ ਨੂੰ ਲੰਮੇ ਹੱਥੀਂ ਲਿਆ ਤੇ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਨਵੇਂ ਉਦਯੋਗਪਤੀਆਂ ਨੂੰ ਸੱਦਣ ਲਈ ਉੱਥੇ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਅਹਿਮ ਹੁੰਦੀ ਹੈ ਪਰ ਪੰਜਾਬ ਸਰਕਾਰ ਇਸ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਦੂਜਾ ਪੇਂਡੂ ਡਿਸਪੈਂਸਰੀਆਂ ਅਤੇ ਸਿਵਿਲ ਹਸਪਤਾਲਾਂ ਦੇ ਲੋੜੀਂਦੇ ਸੁਧਾਰ ਕਰਨ ਦੀ ਬਜਾਏ ਮੁੱਹਲਾ ਕਲੀਨਿਕਾਂ ਜਿਹੇ ਡਰਾਮੇ ਰਚ ਰਹੀ ਹੈ। ਜਿਸ ਦੇ ਪ੍ਰਚਾਰ ਲਈ ਜਨਤਾ ਦੇ ਕਰੋੜਾਂ ਰੁਪਏ ਅਜਾਈਂ ਖਰਚੇ ਜਾ ਰਹੇ ਹਨ।
ਪਾਰਟੀ ਦੀਆਂ ਭਵਿੱਖੀ ਗਤੀਵਿਧੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 5 ਮਾਰਚ ਐਤਵਾਰ ਨੂੰ ਕਾਮਰੇਡ ਰਘੂਨਾਥ ਦੀ ਬਰਸੀ ਉਨ੍ਹਾਂ ਦੇ ਪਿੰਡ: ਬੀਣੇਵਾਲ (ਹੁਸ਼ਿਆਰਪੁਰ) ਵਿੱਚ, 23 ਮਾਰਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਇਸੇ ਦਿਨ 23 ਮਾਰਚ ਨੂੰ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਜਨਮਦਿਨ ਵੱਡੀ ਪੱਧਰ ਤੇ ਮਨਾਏ ਜਾਣਗੇ।

ਇਸ ਮੌਕੇ ਬਲਬੀਰ ਸਿੰਘ ਜਾਡਲਾ ਤੇ ਰਾਮ ਸਿੰਘ ਨੂਰਪੁਰੀ ਸਕੱਤਰੇਤ ਮੈਂਬਰ, ਕਾ. ਗੁਰਦੇਵ ਸਿੰਘ ਬਾਗੀ ਤੇ ਪਵਨ ਚੱਕ ਕਰਮਾ ਜਿਲ੍ਹਾ ਸਕੱਤਰੇਤ ਮੈਂਬਰ, ਮਾ. ਦਲੀਪ ਸਿੰਘ ਘਨੌਲਾ, ਤਰਸੇਮ ਸਿੰਘ ਭੱਲੜੀ, ਮਹਿੰਦਰ ਸਿੰਘ ਸੰਗਤਪੁਰ, ਸਤਨਾਮ ਸਿੰਘ ਸ਼ੇਰਾ, ਬਲਬੀਰ ਸਿੰਘ ਮਹਿਦਪੁਰ, ਭਜਨ ਸਿੰਘ ਸੰਦੋਆ, ਰਾਮ ਕਿਸ਼ਨ ਦਬਖੇੜਾ, ਪ੍ਰੇਮ ਚੰਦ ਜੱਟਪੁਰਾ ਅਤੇ ਤਰਲੋਚਨ ਸਿੰਘ ਹੁਸੈਨਪੁਰ ਜਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।

 

Previous articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਅੰਤਰ-ਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ
Next articleਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਉ: ਅਮੋਲਕ ਸਿੰਘ ਗਾਖਲ ਯੂ.ਐੱਸ.ਏ.