HOME ਸੀ ਪੀ ਆਈ ਨੇ ਮਨਰੇਗਾ ਦੀ ਥਾਂ ਨਵੇਂ ਕਾਨੂੰਨ ਦਾ ਜ਼ੋਰਦਾਰ ਵਿਰੋਧ...

ਸੀ ਪੀ ਆਈ ਨੇ ਮਨਰੇਗਾ ਦੀ ਥਾਂ ਨਵੇਂ ਕਾਨੂੰਨ ਦਾ ਜ਼ੋਰਦਾਰ ਵਿਰੋਧ ਕਰਨ ਦਾ ਫ਼ੈਸਲਾ ਕੀਤਾ

ਜ਼ਿਲ੍ਹਾ ਕਾਨਫਰੰਸ ਵਿੱਚ ਕਾਮਰੇਡ ਡੀ ਪੀ ਮੌੜ ਲਗਾਤਾਰ ਤੀਜੀ ਵਾਰ ਸਰਬ ਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣੇ ਗਏ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਇੱਥੇ ਬਾਬਾ ਜਲਵੰਤ ਸਿੰਘ ਹਾਲ, ਈਸੜੂ ਭਵਨ ਵਿਖੇ ਜ਼ਿਲ੍ਹਾ ਕਾਨਫਰੰਸ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਭਰਪੂਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਡਾਕਟਰ ਰਜਿੰਦਰ ਪਾਲ ਔਲਖ ਨੇ ਕੀਤੀ। ਇਸ ਕਾਨਫਰੰਸ ਵਿੱਚ ਮਨਰੇਗਾ ਨੂੰ ਖਤਮ ਕਰਕੇ ਨਵੇਂ ਲਿਆਂਦੇ ਕਾਨੂੰਨ ਦੀ ਜ਼ੋਰਦਾਰ ਵਿਰੋਧਤਾ ਕਰਨ ਦਾ ਫ਼ੈਸਲਾ ਕੀਤਾ ਗਿਆ। ਪਾਰਟੀ ਨੇ ਫ਼ੈਸਲਾ ਕੀਤਾ ਕਿ ਪਿੰਡ-ਪਿੰਡ ਜਾ ਕੇ ਕਾਮਿਆਂ ਨੂੰ ਇਸ ਬਾਰੇ ਸੁਚੇਤ ਕਰਨਾ ਅਤੇ ਮੁੜ ਅੰਦੋਲਨ ਆਰੰਭ ਕਰਨਾ ਪ੍ਰਤੀ ਜ਼ਰੂਰੀ ਹੋ ਗਿਆ ਹੈ। ਇਸ ਤੋਂ ਇਲਾਵਾ ਨਵਾਂ ਪਰਮਾਣੂ ਬਿੱਲ, ਬਿਜਲੀ ਸੋਧ ਬਿਲ, ਬੀਜ ਬਿਲ ਦੀ ਵੀ ਵਿਰੋਧਤਾ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਇਹਨਾਂ ਉਪਰੋਕਤ ਬਾਰੇ ਮਤੇ ਪੇਸ਼ ਕੀਤੇ ਗਏ। ਇਹਨਾਂ ਤੋਂ ਇਲਾਵਾ ਪੰਜਾਬ ਵਿੱਚ ਸਿੱਖਿਆ ਤੇ ਸਿਹਤ ਦੇ ਨਿੱਜੀਕਰਨ ਦੀ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਨਿਖੇਧੀ ਕਰਦਿਆਂ ਇਸ ਨੂੰ ਠੀਕ ਕਰਨ ਵਿੱਚ ਸਰਕਾਰ ਦੀ ਅਸਫਲਤਾ ਬਾਰੇ ਵਿਚਾਰਾਂ ਦਿੱਤੀਆਂ ਗਈਆਂ। ਇਹ ਪਾਰਟੀ ਦੇ ਸਾਬਕਾ ਜ਼ਿਲ੍ਹਾ ਸਕੱਤਰ ਅਤੇ ਮਰਹੂਮ ਸਿਰਕੱਢ ਆਗੂ ਕਾਮਰੇਡ ਕਰਤਾਰ ਸਿੰਘ ਬੁਆਣੀ ਨੂੰ ਸਮਰਪਿਤ ਸੀ। ਕਾਨਫਰੰਸ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ਵਿੱਚੋਂ ਚੁਣ ਕੇ ਆਏ ਹੋਏ 110 ਡੈਲੀਗੇਟਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਕਾਮਰੇਡ ਭਰਪੂਰ ਸਿੰਘ ਨੇ ਪਾਰਟੀ ਦਾ ਝੰਡਾ ਝੁਲਾਇਆ ਅਤੇ ਡੈਲੀਗੇਟਾਂ ਨੇ ਨਾਅਰੇ ਲਾ ਕੇ ਝੰਡੇ ਨੂੰ ਸਲਾਮੀ ਦਿੱਤੀ। ਕਾਨਫ਼ਰੰਸ ਦਾ ਉਦਘਾਟਨ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ, ਜਿਨਾਂ ਨੇ ਅਜੋਕੇ ਸਮੇਂ ਦੇ ਕੌਮਾਂਤਰੀ, ਕੌਮੀ ਅਤੇ ਸੂਬਾਈ ਹਾਲਾਤਾਂ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸਥਿਤੀ ਤੇ ਚਾਨਣ ਪਾਇਆ। ਉਹਨਾਂ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਵਿਦੇਸ਼ੀ ਸਾਮਰਾਜ ਖਾਸ ਤੌਰ ਤੇ ਅਮਰੀਕਾ ਅੱਗੇ ਗੋਡੇ ਟੇਕ ਰਹੀ ਹੈ ਤੇ ਦੇਸ਼ ਦੀ ਮਲਕੀਅਤ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਵੇਚ ਰਹੀ ਹੈ। ਨਾਲ ਹੀ ਮਜ਼ਦੂਰਾਂ, ਕਿਸਾਨਾਂ , ਖੇਤ ਮਜ਼ਦੂਰਾਂ ਤੇ ਹਰ ਕਿਸਮ ਦੇ ਮਿਹਨਤਕਸ਼ ਕਾਮਿਆਂ ਦੇ ਖ਼ਿਲਾਫ਼ ਲਗਾਤਾਰ ਕਾਨੂੰਨ ਪਾਸ ਕਰਕੇ ਉਹਨਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਪਾਰਟੀ ਇਹਨਾਂ ਸਭ ਮੁੱਦਿਆਂ ਤੇ ਲਗਾਤਾਰ ਆਵਾਜ਼ ਚੁੱਕ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਜ਼ੋਰਦਾਰ ਸੰਘਰਸ਼ ਕੀਤੇ ਜਾਣਗੇ। ਪੰਜਾਬ ਕਿਸਾਨ ਸਭਾ 1936 ਦੇ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ  ਅੱਜ ਮੋਦੀ ਸਰਕਾਰ ਵੱਲੋਂ ਕਿਸਾਨੀ  ਅਤੇ ਪੇਂਡੂ ਕਾਮਿਆਂ ‘ਤੇ ਖਾਸ ਤੌਰ ਤੇ ਬੁਰੀ ਤਰ੍ਹਾਂ ਸੱਟ ਮਾਰੀ ਜਾ ਰਹੀ ਹੈ। ਭਾਵੇਂ ਮੋਦੀ ਨੇ ਕਿਸਾਨ ਅੰਦੋਲਨ ਅੱਗੇ ਗੋਡੇ ਤਾਂ ਟੇਕ ਦਿੱਤੇ ਤੇ ਤਿੰਨ ਕਾਨੂੰਨ, ਜੋ ਲੈ ਕੇ ਆਇਆ ਸੀ, ਉਨ੍ਹਾਂ ਨੂੰ ਵਾਪਸ ਲਿਆ, ਪਰ ਕਿਸਾਨਾਂ ਦੀਆਂ ਮੰਗਾਂ ਵਿੱਚੋਂ ਕਿਸੇ ਮੰਗ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਵਿੱਢਣੇ ਪੈਣਗੇ। ਕਾਮਰੇਡ ਡੀ ਪੀ ਮੌੜ ਨੇ ਕੌਮੀ, ਕੌਮਾਂਤਰੀ ਅਤੇ ਪੰਜਾਬ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਉਹਦੇ ਨਾਲ ਹੀ ਪਿਛਲੇ ਸਮੇਂ ਵਿੱਚ ਜੋ ਪਿਛਲੀ ਕਾਨਫਰੰਸ ਤਿੰਨ ਸਾਲ ਪਹਿਲਾਂ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਬਾਰੇ ਵੇਰਵਾ ਦਿੱਤਾ ਤੇ ਆਉਣ ਵਾਲੇ ਕੰਮਾਂ ਦੀ ਵਿਆਖਿਆ ਕੀਤੀ। ਉਨਾਂ ਦੀ ਰਿਪੋਰਟ ਤੇ ਆਏ ਹੋਏ ਡੈਲੀਗੇਟ ਸਾਥੀਆਂ ਨੇ ਭਰਪੂਰ ਬਹਿਸ ਕੀਤੀ ਅਤੇ ਰਿਪੋਰਟ ਵਿੱਚ ਵਾਧੇ ਕਰਾ ਕੇ ਉਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ। ਕਾਮਰੇਡ ਡੀਪੀ ਮਾਡਲ ਲਗਾਤਾਰ ਤੀਜੀ ਵਾਰ ਸਰਬ ਸੰਮਤੀ ਦੇ ਨਾਲ ਜ਼ਿਲ੍ਹਾ ਸਕੱਤਰ ਚੁਣੇ ਗਏ। ਪਾਰਟੀ ਕੰਮ ਨੂੰ ਚਲਾਉਣ ਦੇ ਲਈ 54 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ । ਇਸ ਮੌਕੇ ਤੇ ਮੰਚ ਸੰਚਾਲਨ ਕਾਮਰੇਡ ਐਮ ਐਸ ਭਾਟੀਆ ਨੇ ਕੀਤਾ।  ਜਿਨਾਂ ਸਾਥੀਆਂ ਨੇ ਇਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਵਿੱਚ ਕਾਮਰੇਡ ਗੁਲਜਾਰ ਗੋਰੀਆ, ਕਾਮਰੇਡ ਰਮੇਸ਼ ਰਤਨ, ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ ਬਰਮੀ, ਵਿਜੇ ਕੁਮਾਰ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ ਗਿਆਰਵੀਂ ਬਰਸੀ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਈ
Next articleਕਰਮਜੀਤ ਸਿੰਘ ਗਰੇਵਾਲ ਦੀਆਂ 13 ਪੁਸਤਕਾਂ ਲਾਇਬ੍ਰੇਰੀਆਂ ਲਈ ਪ੍ਰਵਾਨ