ਜਨੇਵਾ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਸਥਾ ਨੇ ਅੱਜ ਕਿਹਾ ਕਿ ਮੁੱਢਲੇ ਸਬੂਤ ਇਸ਼ਾਰਾ ਕਰਦੇ ਹਨ ਕਿ ਕੋਵਿਡ-19 ਵੈਕਸੀਨ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਤੇ ਲਾਗ ਖ਼ਿਲਾਫ਼ ਘੱਟ ਅਸਰਦਾਰ ਹੋ ਸਕਦੀਆਂ ਹਨ। ਆਲਮੀ ਸੰਸਥਾ ਨੇ ਕਿਹਾ ਕਿ ਨਵਾਂ ਸਰੂਪ ਆਪਣੇ ਨਾਲ ਮੁੜ ਲਾਗ ਚਿੰਬੜਨ ਦਾ ਵੱਡਾ ਜੋਖ਼ਮ ਚੁੱਕੀ ਫਿਰਦਾ ਹੈ। ਡਬਲਿਊਐੱਚਓ ਨੇ ਆਪਣੀ ਹਫ਼ਤਾਵਾਰੀ ਅਪਡੇਟ ਵਿੱਚ ਕਿਹਾ ਕਿ ਓਮੀਕਰੋਨ ਕਰਕੇ ਸਰੀਰ ਦੇ ਸੁਰੱਖਿਆ ਤੰਤਰ ’ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਅਜੇ ਹੋਰ ਅੰਕੜਿਆਂ ਦੀ ਲੋੜ ਹੈ। ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀਆਂ ਨੇ ਆਨਲਾਈਨ ਮੀਟਿੰਗ ਦੌਰਾਨ ਕਿਹਾ ਕਿ ਨਤੀਜੇ ਵਜੋਂ ਇਸ ਨਵੇਂ ਸਰੂਪ ਨਾਲ ਜੁੜਿਆ ਜੋਖ਼ਮ ਕਿਤੇ ਵੱਡਾ ਹੈ।
ਆਲਮੀ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਕਿ ਓਮੀਕਰੋਨ ਸਰੂਪ ਵੱਧ ਤੇਜ਼ੀ ਨਾਲ ਫੈਲਦਾ ਹੈ ਤੇ ਕੋਵਿਡ-19 ਦੇ ਪੁਰਾਣੇ ਸਰੂਪਾਂ ਵਿੱਚੋਂ ਕਿਸੇ ਵਿੱਚ ਵੀ ਇਕ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੀ ਇੰਨੀ ਰਫ਼ਤਾਰ ਨਹੀਂ ਵੇਖੀ ਗਈ। ਸੰਸਥਾ ਨੇ ਕਿਹਾ ਕਿ ਇਸ ਨਵੇਂ ਸਰੂਪ ਦੇ ਟਾਕਰੇ ਲਈ ਸਿਹਤ ਪ੍ਰਬੰਧ ਦੇ ਅਜੇ ਤਿਆਰ ਨਾ ਹੋਣ ਕਰਕੇ ਅਸਲ ਕੇਸਾਂ/ਅੰਕੜਿਆਂ ਤੋਂ ਪਰਦਾ ਉੱਠਣ ਵਿੱਚ ਸਮਾਂ ਲੱਗ ਸਕਦਾ ਹੈ। ਡਬਲਿਊਐੱੱਚਓ ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਅਧਾਨੋਮ ਨੇ ਕਿਹਾ ਕਿ ਹੁਣ ਤੱਕ 77 ਮੁਲਕਾਂ ਨੇ ਓਮੀਕਰੋਨ ਕੇਸਾਂ ਦੀ ਪੁਸ਼ਟੀ ਕੀਤੀ ਹੈ, ਪਰ ਸੱਚਾਈ ਇਹ ਹੈ ਕਿ ਜ਼ਿਆਦਾਤਰ ਮੁਲਕਾਂ ਵਿੱਚ ਓਮੀਕਰੋਨ ਸਰੂਪ ਮੌਜੂਦ ਹੋਣ ਦੀ ਸੰਭਾਵਨਾ ਹੈ, ਫਿਰ ਚਾਹੇ ਇਹ ਉਥੇ ਪਕੜ ਵਿੱਚ ਆਇਆ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਅਸੀਂ ਇਸ ਗੱਲੋਂ ਫ਼ਿਕਰਮੰਦ ਹਾਂ ਕਿ ਲੋਕ ਓਮੀਕਰੋਨ ਨੂੰ ਹਲਕੇ ਵਿੱਚ ਲੈ ਕੇ ਅਵੇਸਲੇ ਹੋ ਰਹੇ ਹਨ।’’ ਉਨ੍ਹਾਂ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ‘ਕੋਈ ਵੀ ਮੁਲਕ ਸਿਰਫ਼ ਵੈਕਸੀਨ ਦੇ ਦਮ ’ਤੇ ਇਸ ਸੰਕਟ ’ਚੋਂ ਬਾਹਰ ਨਹੀਂ ਨਿਕਲ ਸਕਦਾ। ਟੀਕਾਕਰਨ ਦੇ ਨਾਲ ਮਾਸਕ, ਸਮਾਜਿਕ ਦੂਰੀ, ਵੈਂਟੀਲੇਸ਼ਨ ਜਾਂ ਹੱਥਾਂ ਦੀ ਸਫ਼ਾਈ ਵੀ ਜ਼ਰੂਰੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly