ਕੋਿਵਡ ਸਮੀਖਿਆ: ਲੋਕਾਂ ਨੂੰ ਮਾਸਕ ਪਹਿਨਣ ਤੇ ਵੈਕਸੀਨ ਲਗਵਾਉਣ ਦੀ ਸਲਾਹ

ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ ਅਤੇ ਕੁਝ ਹੋਰ ਮੁਲਕਾਂ ’ਚ ਕੋਵਿਡ ਕੇਸ ਅਚਾਨਕ ਵਧਣ ਕਰਕੇ ਕੇਂਦਰੀ ਸਿਹਤ ਮੰਤਰੀ ਨੇ ਦੇਸ਼ ’ਚ ਹਾਲਾਤ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਭੀੜਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਸਮੇਤ ਕੋਵਿਡ ਉਚਿਤ ਵਿਵਹਾਰ ਦੇ ਪਾਲਣ ਅਤੇ ਵੈਕਸੀਨ ਲਗਵਾਉਣ ਲਈ ਕਿਹਾ। ਚੀਨ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਹਵਾਈ ਅੱਡਿਆਂ ’ਤੇ ਰੈਂਡਮ ਟੈਸਟ ਕੀਤੇ ਜਾਣਗੇ। ਕਰਨਾਟਕ ਸਰਕਾਰ ਨੇ ਬੰਗਲੂਰੂ ਹਵਾਈ ਅੱਡੇ ’ਤੇ ਕੌਮਾਂਤਰੀ ਮੁਸਾਫ਼ਰਾਂ ਦੀ ਸਕਰੀਨਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਦਿੱਲੀ ਨੇ ਵੀ ਖਦਸ਼ੇ ਜਤਾਉਂਦਿਆਂ ਕੇਸ ਵਧਣ ’ਤੇ ਉਨ੍ਹਾਂ ਦੇ ਟਾਕਰੇ ਲਈ ਤਿਆਰੀ ਦਾ ਦਾਅਵਾ ਕੀਤਾ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ,‘‘ਕੋਵਿਡ ਅਜੇ ਖ਼ਤਮ ਨਹੀਂ ਹੋਇਆ ਹੈ। ਮੈਂ ਸਾਰੀ ਸਬੰਧਤ ਧਿਰਾਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ ਹਾਂ।’’ ਮੀਟਿੰਗ ਦੌਰਾਨ ਮਾਹਿਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਮੰਤਰੀ ਨੂੰ ਦੇਸ਼ ਤੇ ਵਿਦੇਸ਼ ’ਚ ਕੋਵਿਡ-19 ਹਾਲਾਤ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਕੋਵਿਡ-19 ਦੀ ਇਹਤਿਆਤੀ ਖੁਰਾਕ ਸਿਰਫ਼ 27-28 ਫ਼ੀਸਦੀ ਅਬਾਦੀ ਵੱਲੋਂ ਲਗਵਾਏ ਜਾਣ ਦਾ ਨੋਟਿਸ ਲੈਂਦਿਆਂ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਲੋਕਾਂ ਨੂੰ ਟੀਕੇ ਲਗਵਾਉਣੇ ਅਤੇ ਭੀੜਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਮਾਸਕ ਜ਼ਰੂਰ ਲਗਾਉਣੇ ਚਾਹੀਦੇ ਹਨ। ਪੌਲ ਨੇ ਲੋਕਾਂ ਨੂੰ ਘਬਰਾਉਣ ਲਈ ਨਾ ਆਖਦਿਆਂ ਕਿਹਾ ਕਿ ਚੀਨ ਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਕ੍ਰਮਰਹਿਤ (ਰੈਂਡਮ) ਟੈਸਟ ਕੀਤੇ ਜਾਣਗੇ। ਸਰਕਾਰ ਵੱਲੋਂ ਅਗਲੇ ਹਫ਼ਤੇ ਦੁਬਾਰਾ ਮੀਟਿੰਗ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।

ਚੀਨ, ਜਪਾਨ, ਦੱਖਣੀ ਕੋਰੀਆ, ਫਰਾਂਸ ਅਤੇ ਅਮਰੀਕਾ ਜਿਹੇ ਕੁਝ ਮੁਲਕਾਂ ’ਚ ਕੋਵਿਡ-19 ਕੇਸਾਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋਏ ਹਾਲਾਤ ਦਾ ਜ਼ਿਕਰ ਕਰਦਿਆਂ ਮਾਂਡਵੀਆ ਨੇ ਆਉਂਦੇ ਤਿਉਹਾਰੀ ਮੌਸਮ ਦੌਰਾਨ ਨਵੀਆਂ ਅਤੇ ਉਭਰਦੀਆਂ ਲਾਗਾਂ ਖ਼ਿਲਾਫ਼ ਤਿਆਰ ਅਤੇ ਚੌਕਸ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਪਾਜ਼ੇਟਿਵ ਕੇਸਾਂ ਦੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਦੇ ਨਿਰਦੇਸ਼ ਦਿੱਤੇ ਤਾਂ ਜੋ ਕਰੋਨਾ ਦੀ ਕਿਸੇ ਵੀ ਨਵੀਂ ਕਿਸਮ ਦਾ ਸਮੇਂ ਸਿਰ ਪਤਾ ਲਾਇਆ ਜਾ ਸਕੇ। ਸਿਹਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸੂਬਿਆਂ/ਯੂਟੀਜ਼ ਨੂੰ ਰੋਜ਼ਾਨਾ ਆਧਾਰ ’ਤੇ ਕੋਵਿਡ-19 ਦੇ ਸਾਰੇ ਪਾਜ਼ੇਟਿਵ ਕੇਸਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਕੋਲ ਭੇਜਣੇ ਚਾਹੀਦੇ ਹਨ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਦੇਸ਼ ’ਚ ਕਰੋਨਾ ਦੇ ਔਸਤਨ ਰੋਜ਼ਾਨਾ ਕੇਸਾਂ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਿਆਨ ’ਚ ਕਿਹਾ ਗਿਆ ਕਿ ਚੀਨ ’ਚ ਓਮੀਕਰੋਨ ਦੀ ਬੀਐੱਫ.7 ਲਾਗ ਫੈਲ ਰਹੀ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੰਜ ਸੂਬਿਆਂ ਕੇਰਲਾ, ਕਰਨਾਟਕ, ਮਹਾਰਾਸ਼ਟਰ, ਤਿਲੰਗਾਨਾ ਅਤੇ ਤਾਮਿਲ ਨਾਡੂ ’ਚ ਕਰੋਨਾ ਦੇ ਨਵੇਂ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਪੰਜ ਸੂਬਿਆਂ ’ਚ 20 ਦਸੰਬਰ ਨੂੰ 84 ਫ਼ੀਸਦੀ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਨ ਫੁੱਟਬਾਲਰ ਪੇਲੇ ਦੀ ਸਿਹਤ ਵਿਗੜੀ: ਕੈਂਸਰ ਹੋਰ ਫੈਲਿਆ, ਦਿਲ ਤੇ ਗੁਰਦਿਆਂ ’ਤੇ ਵੀ ਅਸਰ
Next articleਚੀਨੀ ਘੁਸਪੈਠ ’ਤੇ ਚਰਚਾ ਨਾ ਕਰਾਉਣਾ ਲੋਕਤੰਤਰ ਦਾ ਨਿਰਾਦਰ: ਸੋਨੀਆ