ਬੰਗਲੁਰੂ (ਸਮਾਜ ਵੀਕਲੀ): ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਖ਼ਿਲਾਫ਼ ਇਕ ਵਿਸ਼ੇਸ਼ ਅਪਰਾਧਿਕ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲਾ 2006-07 ਦਾ ਹੈ ਜਦੋਂ ਯੇਦੀਯੁਰੱਪਾ ਭਾਜਪਾ-ਜਨਤਾ ਦਲ (ਸੈਕੁਲਰ) ਗੱਠਜੋੜ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ। ਇਹ ਜ਼ਮੀਨ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਾ ਹੈ।
ਕਰਨਾਟਕ ਵਿੱਚ ਚੁਣੇ ਹੋਏ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਲਈ ਬਣਾਈ ਗਈ ਵਿਸ਼ੇਸ਼ ਅਦਾਲਤ ਦੇ ਸੈਸ਼ਨ ਜੱਜ ਬੀ ਜਯੰਤ ਕੁਮਾਰ ਨੇ ਵਾਸੂਦੇਵ ਰੈੱਡੀ ਵੱਲੋਂ ਦਰਜ ਕਰਵਾਈ ਗਈ ਇਕ ਨਿੱਜੀ ਸ਼ਿਕਾਇਤ ਦੇ ਆਧਾਰ ’ਤੇ 26 ਮਾਰਚ ਨੂੰ ਇਹ ਹੁਕਮ ਜਾਰੀ ਕੀਤੇ।
ਸ਼ਿਕਾਇਤਕਰਤਾ ਅਨੁਸਾਰ ਸੂਬਾ ਸਰਕਾਰ ਨੇ ਕਰਨਾਟਕ ਸਨਅਤੀ ਖੇਤਰ ਵਿਕਾਸ ਕਾਨੂੰਨ ਤਹਿਤ ਵੱਖ-ਵੱਖ ਥਾਵਾਂ ’ਤੇ ਸੂਚਨਾ ਤਕਨਾਲੋਜੀ ਪਾਰਕ ਸਥਾਪਤ ਕਰਨ ਲਈ 434 ਏਕੜ ਜ਼ਮੀਨ ਗ੍ਰਹਿਣ ਕੀਤੀ ਸੀ। ਯੇਦੀਯੁਰੱਪ ਵੱਲੋਂ ਬਿਨਾ ਕਿਸੇ ਲੋਕ ਭਲਾਈ ਦੇ ਨਿੱਜੀ ਵਿਅਕਤੀਆਂ ਦੇ ਫਾਇਦੇ ਵਾਸਤੇ ਇਸ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਸ਼ਿਕਾਇਤਕਰਤਾ ਨੇ ਪਹਿਲੀ ਨਜ਼ਰੇ ਯੇਦੀਯੁਰੱਪਾ ਖ਼ਿਲਾਫ਼ ਇਕ ਕੇਸ ਤਿਆਰ ਕੀਤਾ, ਇਸ ਵਾਸਤੇ ਲੋੜੀਂਦੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਸੰਮਨ ਕੀਤਾ ਜਾਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly