(ਸਮਾਜ ਵੀਕਲੀ)
ਰਾਣੀ ਅੱਜ ਵੀ ਸਕੂਲ ਲੇਟ ਪਹੁੰਚੀ ਸੀ। ਅਧਿਆਪਕ ਉਸ ਨੂੰ ਹਰ ਰੋਜ਼ ਟੋਕਦੇ ਤੇ ਉਹ ਮੂੰਹ ਹੇਠਾਂ ਕਰ ਚੁੱਪਚਾਪ ਸਭ ਸੁਣ ਲੈਂਦੀ। ਸਾਰੇ ਬੱਚਿਆਂ ਦੇ ਸਾਮ੍ਹਣੇ ਉਹ ਆਪਣੀ ਮਜ਼ਬੂਰੀ ਦੱਸਦੀ ਵੀ ਕਿਵੇਂ।ਅੱਜ ਤਾਂ ਹਾਊਸ ਡਿਊਟੀ ਵਾਲੇ ਅਧਿਆਪਕ ਨੇ ਉਸਨੂੰ ਗੇਟ ਤੇ ਹੀ ਰੋਕ ਦਿੱਤਾ। ਉਹ ਸਿਰ ਨੀਵਾਂ ਕਰ ਖੜੀ ਹੋ ਗਈ। ਦੋਵੇਂ ਅਧਿਆਪਕ ਆਪਸ ਵਿੱਚ ਰਾਣੀ ਬਾਰੇ ਗੱਲ ਕਰ ਰਹੀਆਂ ਸਨ। ਇੱਕ ਨੇ ਕਿਹਾ ਇਹ ਰੋਜ਼ ਲੇਟ ਆਉਂਦੀ ਹੈ। ਅੱਜ ਇਸਨੂੰ ਇੱਥੇ ਹੀ ਖੜੀ ਰਹਿਣ ਦੇ। ਦੂਜੀ ਨੇ ਵੀ ਹਾਮੀ ਭਰੀ ਤੇ ਕਿਹਾ ਕਿ ਇਹ ਤਾਂ ਇਸਦਾ ਰੁਟੀਨ ਹੈ। ਦੋਵਾਂ ਵਿਚੋਂ ਕੋਈ ਵੀ ਉਸਦੀ ਜਮਾਤ ਨੂੰ ਪੜ੍ਹਾਉਂਦੀ ਨਹੀਂ ਸੀ।ਰਾਣੀ ਦੀਆਂ ਅੱਖਾਂ ਭਰ ਆਈਆਂ। ਇੰਨ੍ਹੇ ਵਿੱਚ ਉਸਦੀ ਪੰਜਾਬੀ ਵਾਲੀ ਮੈਡਮ ਆ ਗਈ। ਉਸਨੇ ਰਾਣੀ ਨੂੰ ਗੇਟ ਤੇ ਖੜੇ ਦੇਖਦਿਆਂ ਹੀ ਜਮਾਤ ਵਿੱਚ ਜਾਣ ਲਈ ਕਿਹਾ।
ਡਿਊਟੀ ਵਾਲੀਆ ਦੋਵੇਂ ਅਧਿਆਪਕਾਂ ਨੇ ਗੁੱਸਾ ਜ਼ਾਹਿਰ ਕੀਤਾ। ਉਹਨਾਂ ਰਾਣੀ ਨੂੰ ਸਬਕ ਸਿਖਾਉਣ ਲਈ ਸਜ਼ਾ ਦਿੱਤੀ ਸੀ। ਇੰਨ੍ਹੇ ਵਿਚ ਪ੍ਰਿੰਸੀਪਲ ਮੈਡਮ ਵੀ ਆ ਗਏ। ਓਹਨਾ ਰਾਣੀ ਦਾ ਸਿਰ ਪਲੋਸਿਆ ਤੇ ਪੁੱਛਿਆ ਕਿ ਬੇਟਾ ਸਮੇਂ ਸਿਰ ਕਿਉਂ ਨਹੀਂ ਆਉਂਦੇ। ਰਾਣੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਕੇ ਛਲਕ ਪਈਆ। ਪੰਜਾਬੀ ਵਾਲੇ ਮੈਡਮ ਨੇ ਦੱਸਿਆ ਕਿ ਰਾਣੀ ਦੀ ਮਾਂ ਕਾਫੀ ਦਿਨ ਤੋਂ ਬਿਮਾਰ ਹੈ। ਇਸਲਈ ਰਾਣੀ ਦੋ ਘਰਾਂ ਦਾ ਕੰਮ ਕਰਕੇ ਤੇ ਆਪਣੀ ਮਾਂ ਨੂੰ ਵੀ ਰੋਟੀ ਦੇ ਕੇ ਆਉਂਦੀ ਹੈ। ਉਸਨੇ ਛੋਟੇ ਭੈਣ ਭਰਾ ਜੋਕਿ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹਨ ਨੂੰ ਤਿਆਰ ਕਰਕੇ ਭੇਜਣਾ ਹੁੰਦਾ ਹੈ ਇਸਲਈ ਲੇਟ ਹੋ ਜਾਂਦੀ ਹੈ।
ਓਹਨਾਂ ਨਾਲ ਹੀ ਕਿਹਾ ਕਿ ਰਾਣੀ ਪੜ੍ਹਨ ਵਿੱਚ ਰੁਚੀ ਰੱਖਦੀ ਹੈ ਤੇ ਬਹੁਤ ਜ਼ਹਿਨ ਹੈ। ਇਹ ਸੁਣਦਿਆਂ ਹੀ ਪ੍ਰਿੰਸੀਪਲ ਮੈਡਮ ਨੇ ਰਾਣੀ ਦਾ ਸਿਰ ਪਲੋਸਿਆ ਤੇ ਕਿਹਾ ਬੇਟਾ ਘਬਰਾਉਣਾ ਨਹੀਂ। ਬੁਰਾ ਵਕਤ ਵੀ ਲੰਘ ਜਾਂਦਾ ਹੈ। ਡਿਊਟੀ ਵਾਲੀਆ ਦੋਵੇਂ ਅਧਿਆਪਕਾਂ ਨੇ ਰਾਣੀ ਨੂੰ ਦੁਲਾਰਿਆ ਤੇ ਕਿਹਾ ਕੋਈ ਲੋੜ ਹੋਵੇ ਤਾਂ ਬੇਹਿਚਕ ਦੱਸਣਾ ਬੱਚੇ। ਰਾਣੀ ਆਪਣੀ ਜਮਾਤ ਵੱਲ ਚਲੀ ਗਈ। ਤਿੰਨੋ ਅਧਿਆਪਕ ਤੇ ਪ੍ਰਿੰਸੀਪਲ ਮੈਡਮ ਬੱਚਿਆਂ ਨੂੰ ਦਰਪੇਸ਼ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਬਾਰੇ ਵਿਚਾਰ ਕਰਨ ਲੱਗੇ।ਰਾਣੀ ਨੇ ਅੱਖਾਂ ਪੂੰਝੀਆ ਤੇ ਮੁਸਕੁਰਾ ਕੇ ਜਮਾਤ ਦੇ ਕਮਰੇ ਵਿੱਚ ਆਉਣ ਦੀ ਆਗਿਆ ਮੰਗੀ। ਅੱਜ ਉਸਦਾ ਹੌਂਸਲਾ ਕਈ ਗੁਣਾ ਵੱਧ ਗਿਆ ਸੀ।
ਹਰਪ੍ਰੀਤ ਕੌਰ ਸੰਧੂ