ਓਮੀਕਰੋਨ ਦੇ ਟਾਕਰੇ ਲਈ ਮੁਲਕਾਂ ਨੇ ਤਿਆਰੀ ਖਿੱਚੀ

ਬ੍ਰੱਸਲਜ਼/ਲੰਡਨ, (ਸਮਾਜ ਵੀਕਲੀ) : ਦੱਖਣੀ ਅਫ਼ਰੀਕਾ ਵਿੱਚ ਪਿਛਲੇ ਹਫ਼ਤੇ ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਦਾ ਕੇਸ ਰਿਪੋਰਟ ਹੋਣ ਮਗਰੋਂ ਕੁੱਲ ਆਲਮ ਨੂੰ ਹੱਥਾਂ ਪੈਰਾਂ ਦੀ ਪੈਣ ਲੱਗੀ ਹੈ। ਕਰੋਨਾ ਦੀ ਇਸ ਨਵੀਂ ਕਿਸਮ ਤੋਂ ਬਚਾਅ ਲਈ ਮੁਲਕਾਂ ਵੱਲੋਂ ਚੌਕਸੀ ਵਜੋਂ ਯਾਤਰਾ ਪਾਬੰਦੀਆਂ ਸਮੇਤ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਜਾਪਾਨ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਸਾਰੇ ਵਿਦੇਸ਼ੀ ਯਾਤਰੀਆਂ ਦੇ ਦਾਖ਼ਲੇ ’ਤੇ ਰੋਕ ਲਾ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਦੱਖਣੀ ਅਫ਼ਰੀਕਾ ਤੇ ਬੋਤਸਵਾਨਾ ਵੱਲੋਂ ਕੁੱਲ ਆਲਮ ਨੂੰ ਕਰੋਨਾ ਦੀ ਇਸ ਨਵੀਂ ਕਿਸਮ ਤੋਂ ਚੌਕਸ ਕਰਨ ਲਈ ਸ਼ਲਾਘਾ ਕੀਤੀ ਹੈ। ਉਧਰ 27 ਮੁਲਕੀ ਯੂਰੋਪੀਅਨ ਯੂਨੀਅਨ ਨੇ ਸੱੱਤ ਦੱਖਣ ਅਫਰੀਕੀ ਮੁਲਕਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਫੌਰੀ ਰੋਕ ਲਾ ਦਿੱਤੀ ਹੈ। ਬੈਲਜੀਅਮ, ਡੈਨਮਾਰਕ ਤੇ ਨੀਦਰਲੈਂਡਜ਼ ਮਗਰੋਂ ਪੁਰਤਗਾਲ ਵਿੱਚ ਵੀ ਓਮੀਕਰੋਨ ਦੇ 13 ਨਵੇਂ ਕੇਸਾਂ ਦੀ ਪਛਾਣ ਹੋਈ ਹੈ।

ਜਾਪਾਨ ਵਿੱਚ ਭਾਵੇਂ ਅਜੇ ਤੱਕ ਇਸ ਨਵੀਂ ਕਿਸਮ ਦਾ ਕੋਈ ਕੇਸ ਨਹੀਂ ਹੈ, ਪਰ ਅਥਾਰਿਟੀਜ਼ ਨੇ ਇਹਤਿਆਤ ਵਜੋਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਕਿਹਾ ਕਿ ਹੰਗਾਮੀ ਚੌਕਸੀ ਵਜੋਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਹਾਲਾਤ ਬਦ ਤੋਂ ਬਦਤਰ ਨਾ ਹੋਣ। ਉਧਰ ਇਜ਼ਰਾਈਲ ਨੇ ਵੀ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਭਾਵੇਂ 9 ਦੱਖਣੀ ਅਫ਼ਰੀਕੀ ਮੁਲਕਾਂ ਦੇ ਯਾਤਰੀਆਂ ’ਤੇ ਪਾਬੰਦੀਆਂ ਲਾਈਆਂ ਹਨ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਹੋਰ ਪਾਬੰਦੀਆਂ ਲਾਏ ਜਾਣ ਦੇ ਆਸਾਰ ਨਹੀਂ ਹਨ ਤੇ ਵੀਰਵਾਰ ਤੋਂ ਬਾਰ, ਰੈਸਟੋਰੈਂਟ ਤੇ ਜਿਮ ਆਦਿ ਖੋਲ੍ਹ ਦਿੱਤੇ ਜਾਣਗੇ। ਨਿਊਜ਼ੀਲੈਂਡ ਵਿੱਚ ਅਗਸਤ ਤੋਂ ਲੱਗਾ ਲੌਕਡਾਊਨ ਹੁਣ ਖ਼ਤਮ ਹੋਣ ਲੱਗਾ ਹੈ। ਸਕੌਟਲੈਂਡ ਵਿੱਚ ਵੀ ਕੋਵਿਡ-19 ਦੀ ਨਵੀਂ ਕਿਸਮ ਦੇ 6 ਕੇਸ ਰਿਪੋਰਟ ਹੋਏ ਹਨ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਚਾ ਤੋਂ ਭੱਜਦੀ ਹੈ ਕੇਂਦਰ ਸਰਕਾਰ: ਰਾਹੁਲ ਗਾਂਧੀ
Next articleਆਸਟਰੇਲੀਆ ’ਚ ਕੌਮਾਂਤਰੀ ਪਾੜ੍ਹਿਆਂ ਅਤੇ ਹੋਰ ਵੀਜ਼ਾ ਧਾਰਕਾਂ ਦੇ ਆਉਣ ’ਤੇ ਰੋਕ