ਜਨੇਵਾ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਦੱਸਿਆ ਕਿ ਪਿਛਲੇ ਹਫ਼ਤੇ ਦੁਨੀਆ ਭਰ ’ਚ ਕਰੋਨਾ ਕੇਸਾਂ ਦੀ ਗਿਣਤੀ ਉਸ ਤੋਂ ਪਿਛਲੇ ਹਫ਼ਤੇੇ ਦੇ ਮੁਕਾਬਲੇ 17 ਫ਼ੀਸਦੀ ਘਟੀ ਹੈ, ਜਿਸ ਵਿੱਚ ਅਮਰੀਕਾ ਵਿੱਚ ਘਟੇ 50 ਫ਼ੀਸਦੀ ਕੇਸ ਵੀ ਸ਼ਾਮਲ ਹਨ। ਜਦਕਿ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ 7 ਫ਼ੀਸਦੀ ਘਟੀ ਹੈ।
ਇਹ ਖੁਲਾਸਾ ਯੂਐੱਨ ਸਿਹਤ ਏਜੰਸੀ ਦੀ ਮੰਗਲਵਾਰ ਦੇਰ ਰਾਤ ਜਾਰੀ ਹਫ਼ਤਾਵਾਰੀ ਮਹਾਮਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਜੀਆਈਐੱਸਏਆਈਡੀ ਵੱਲੋਂ ਕੌਮਾਂਤਰੀ ਪੱਧਰ ’ਤੇ ਇਕੱਠੇ ਅੰਕੜਿਆਂ ਮੁਤਾਬਕ ਕਰੋਨਾ ਦਾ ਓਮੀਕਰੋਨ ਰੂਪ ਬਹੁਤ ਤੇਜ਼ੀ ਨਾਲ ਫੈਲਿਆ, ਜਿਸ ਦੇ 97 ਫ਼ੀਸਦੀ ਕੇਸ ਪਾਏ ਗਏ। ਜਦਕਿ ਕਰੋਨਾ ਦੇ ਡੈਲਟਾ ਰੂਪ ਦੇ ਕੇਸ 3 ਫ਼ੀਸਦੀ ਤੋਂ ਕੁਝ ਜ਼ਿਆਦਾ ਸਨ।
ਡਬਲਿਊਐੱਚਓ ਨੇ ਕਿਹਾ, ‘‘ਓਮੀਕਰੋਨ ਰੂਪ ਦਾ ਪਸਾਰ ਆਲਮੀ ਪੱਧਰ ’ਤੇ ਹੋ ਚੁੱਕਾ ਹੈ ਅਤੇ ਹੁਣ ਇਹ ਲਗਪਗ ਹਰ ਮੁਲਕ ਵਿੱਚ ਪਾਇਆ ਜਾ ਰਿਹਾ ਹੈ।’’ ਰਿਪੋਰਟ ਮੁਤਾਬਕ, ‘‘ਭਾਵੇਂਕਿ, ਬਹੁਤੇ ਮੁਲਕਾਂ ਵਿੱਚ ਓਮੀਕਰੋਨ ਦੇ ਕੇਸਾਂ ਵਿੱਚ ਪਹਿਲਾਂ ਬਹੁਤ ਜ਼ਿਆਦਾ ਵਾਧਾ ਦਰਜ ਹੋਇਆ ਪਰ ਜਨਵਰੀ 2022 ਦੇ ਸ਼ੁਰੂ ਤੋਂ ਲੈ ਕੇ ਕੁੱਲ ਨਵੇਂ ਕੇਸਾਂ ਦੀ ਗਿਣਤੀ ਘੱਟ ਦਰਜ ਹੋਈ ਹੈ।’’ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ 31 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ ਹਫ਼ਤੇ ਦੌਰਾਨ ਇੱਕ ਕਰੋੜ 90 ਲੱਖ ਤੋਂ ਵੱਧ ਨਵੇਂ ਕਰੋਨਾ ਕੇਸ ਮਿਲੇ ਅਤੇ 68 ਹਜ਼ਾਰ ਤੋਂ ਘੱਟ ਮੌਤਾਂ ਹੋਈਆਂ ਹਨ। ਡਬਲਿੳਐੱਚਓ ਦੇ ਛੇ ਜ਼ੋਨਾਂ ਵਿੱਚ ਕੇਸ ਘਟੇ ਹਨ ਜਦਕਿ ਪੂਰਬੀ ਭੂ-ਮੱਧ ਜ਼ੋਨ ਵਿੱਚ ਕੇਸਾਂ ’ਚ 36 ਫ਼ੀਸਦ ਵਾਧਾ ਹੋਇਆ ਹੈ, ਜਿੱਥੇ ਅਫ਼ਗਾਨਿਸਤਾਨ, ਇਰਾਨ ਅਤੇ ਜੌਰਡਨ ਵਿੱਚ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ। ਯੂਰੋਪ ਵਿੱਚ ਕੇਸਾਂ ਦੀ ਗਿਣਤੀ 7 ਫ਼ੀਸਦੀ ਘਟੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly