ਮੱਕੀ ਦੀ ਫ਼ਸਲ ਦੀ ਰਹਿੰਦ – ਖੂਹੰਦ (ਨਾੜ) ਨੂੰ ਅੱਗ ਲਾ ਕੇ ਕਿਸਾਨ ਵਾਤਾਵਰਣ ਨੂੰ ਅਸ਼ੁੱਧ ਅਤੇ ਤਾਪਮਾਨ ਵਿਚ ਹੋਰ ਵਾਧਾ ਕਰ ਰਹੇ ਹਨ- ਸੰਤ ਸੀਚੇਵਾਲ

ਸੰਤ ਬਲਵੀਰ ਸਿੰਘ ਜੀ ਸੀਚੇਵਾਲ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )- ਦਿਨੋ ਦਿਨ ਵੱਧ ਰਹੇ ਤਾਪਮਾਨ ਅਤੇ ਅਸ਼ੁੱਧ ਹੋ ਰਹੇ ਵਾਤਾਵਰਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪ੍ਰਸਿੱਧ ਵਾਤਾਵਰਨ ਪ੍ਰੇਮੀ ਮੈਂਬਰ ਰਾਜਸਭਾ ਅਤੇ ਪਦਮਸ਼੍ਰੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਨੇ ਆਖਿਆ ਕਿ ਮੱਕੀ ਦੀ ਫ਼ਸਲ ਦੀ ਰਹਿੰਦ – ਖੂਹੰਦ (ਨਾੜ) ਨੂੰ ਅੱਗ ਲਾ ਕੇ ਕਿਸਾਨ ਵਾਤਾਵਰਣ ਨੂੰ ਅਸ਼ੁੱਧ ਅਤੇ ਤਾਪਮਾਨ ਵਿਚ ਹੋਰ ਵਾਧਾ ਕਰ ਰਹੇ ਹਨ। ਓਹਨਾਂ ਆਖਿਆ ਕਿ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਯੁਗ ਦੇ ਪਦਾਰਥਵਾਦੀ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਆਖਿਆ ਕਿ ਮਨੁੱਖ ਦੇ ਸਵਾਰਥੀਪੁਣੇ ਨੇ ਕੁਦਰਤੀ ਸਰੋਤ ਨਦੀਆਂ , ਨਹਿਰਾਂ ਦੇ ਪਾਣੀਆਂ ਨੂੰ ਗੰਧਲਾ ਤੇ ਜ਼ਹਿਰੀਲਾ ਕਰਨ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਅਸ਼ੁੱਧ ਕਰਨ ਵਿੱਚ ਕੋਈ ਕਸਰ ਅਧੂਰੀ ਨਹੀ ਛੱਡੀ। ਉਹਨਾਂ ਆਖਿਆ ਕੀ ਧਰਤੀ ਹੇਠਲਾ ਪਾਣੀ ਦਿਨੋ ਦਿਨ ਖਤਮ ਹੁੰਦਾ ਜਾ ਰਿਹਾ ਹੈ ਦੇ ਬਾਵਜੂਦ ਵੀ ਅਸੀਂ ਧਰਤੀ ਹੇਠੋਂ ਪਾਣੀ ਕੱਢਣ ਲਈ ਦਿਨ- ਰਾਤ ਅੰਨੇਵਾਹ ਮੋਟਰਾਂ ਚਲਾ ਰਹੇ ਹਾਂ। ਇਸੇ ਤਰ੍ਹਾਂ ਰੁੱਖ ਲਗਾਉਣ ਦੀ ਥਾਂ , ਅੰਨੇ ਵਾਹ ਬਿਨਾਂ ਸੋਚੇ ਸਮਝੇ ਰੁੱਖਾਂ ਦੀ  ਕਟਾਈ ਕਰ ਰਹੇ ਹਾਂ । ਸ਼ਾਇਦ ਇਸੇ ਕਰਕੇ ਧਰਤੀ ਉੱਪਰ ਅੱਜ 50 ਡਿਗਰੀ ਸੈਲਸੀਅਸ ਤਾਪਮਾਨ ਤੋਂ ਵੀ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਰੁੱਖਾਂ ਦੀ ਘਾਟ ਕਾਰਨ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਾਰਨ ਇਨੀ ਦਿਨੀ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਮੌਤਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਓਹਨਾਂ ਆਖਿਆ ਕਿ ਪਾਣੀ ਅਸੀਂ ਖ਼ਤਮ ਕਰਨ ਕੰਢੇ ਪਹੁੰਚ ਗਏ ਹਾਂ, ਹਵਾ ਅਤੇ ਧਰਤੀ ਨੂੰ ਵੀ ਅਸੀਂ ਪ੍ਰਦੂਸ਼ਿਤ ਕਰ ਲਿਆ ਹੈ। ਅਤੇ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕੀ ਛੱਡ ਕੇ ਜਾ ਰਹੇ।
         ਸੰਤ ਬਲਵੀਰ ਸਿੰਘ ਜੀ ਸੀਚੇਵਾਲ ਨੇ ਆਖਿਆ ਕਿ ਮਨੁੱਖ ਦੇ ਸਵਾਰਥੀਪੁਣੇ ਸੁਭਾਅ ਕਾਰਨ ਅੱਜ ਕੁਦਰਤੀ ਆਫਤਾਂ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਜ਼ਿੰਦਗੀ ਦੇ ਅਸਲ ਸੱਚ ਤੋਂ ਨਜ਼ਰ ਚੁਰਾ ਰਿਹਾ ਹੈ ਅਤੇ ਵੱਧ ਪੜਿਆ ਲਿਖਿਆ ਹੁਣ ਅਤੇ ਵਿਗਿਆਨਿਕ ਸੋਚ ਦਾ ਧਾਰਨੀ ਹੋਣ ਦਾ ਦਾਅਵਾ ਕਰਦਾ ਹੋਇਆ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਿਆਂ ਹੋਇਆਂ ਦਿਨ ਪ੍ਰਤੀ ਦਿਨ ਪਲ ਪਲ ਮੌਤ ਵੱਲ ਵਧ ਰਿਹਾ ਹੈ । ਓਹਨਾਂ ਆਖਿਆ ਕਿ ਆਪਣੇ ਹੱਥੀ ਆਪ ਹੀ ਆਪਣੇ ਆਸ਼ੀਆਂਨੇ ਫੂਕਣ ਵਾਲਾ ਮਨੁੱਖ ਜੇ ਹੁਣ ਵੀ ਨਾ ਸਮਝਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਖ਼ੁਦ ਬਰਬਾਦੀ ਦੀ ਦਲਦਲ ਵਿੱਚ ਐਨਾ ਫਸ ਜਾਵੇਗਾ, ਫਿਰ ਉਸ ਦਾ ਪਿੱਛੇ ਮੁੜਨਾ ਸੰਭਵ ਨਹੀਂ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article” ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ
Next articleਮਲਟੀਪਰਪਜ਼ ਹੈਲਥ ਵਰਕਰ (ਮੇਲ) ਅਸਾਮੀ ਦਾ ਪਦ ਨਾਮ ਬਦਲਣ ਦੀ ਮੰਗ