ਬਿਮਸਟੈਕ ਦੇਸ਼ਾਂ ਵਿਚਾਲੇ ਸਹਿਯੋਗ ਸਮੇਂ ਦੀ ਲੋੜ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ):   ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੌਜੂਦਾ ਹਾਲਾਤ ਨੇ ਕੌਮਾਂਤਰੀ ਵਿਵਸਥਾ ਦੀ ਸਥਿਰਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਿਮਸਟੈਕ ਦੇਸ਼ਾਂ ਵਿਚਾਲੇ ਸਹਿਯੋਗ ਦਾ ਹੋਕਾ ਦਿੰਦਿਆਂ ਕਿਹਾ ਕਿ ਖੇਤਰੀ ਸੁਰੱਖਿਆ ਨੂੰ ਪਹਿਲ ਦੇਣਾ ਜ਼ਰੂਰੀ ਹੋ ਗਿਆ ਹੈ। ਬਿਮਸਟੈਕ (ਬਹੁਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਦੀ ਪਹਿਲ) ਦੇ ਆਨਲਾਈਨ ਹੋਏ ਪੰਜਵੇਂ ਸਿਖਰ ਸੰਮੇਲਨ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਖਿੱਤੇ ਵਿੱਚ ਸਿਹਤ ਤੇ ਸੁਰੱਖਿਆ ਦੀਆਂ ਚੁਣੌਤੀਆਂ ਵਿਚਾਲੇ ਇੱਕਜੁੱਟਤਾ ਅਤੇ ਸਹਿਯੋਗ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅੱਜ ਸਮਾਂ ਹੈ ਕਿ ਬੰਗਾਲ ਦੀ ਖਾੜੀ ਨੂੰ ਸੰਪਰਕ, ਖੁਸ਼ਹਾਲੀ ਅਤੇ ਸੁਰੱਖਿਆ ਦਾ ਪੁਲ ਬਣਾਇਆ ਜਾਵੇ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਬਿਮਸਟੈਕ ਸਕੱਤਰੇਤ ਦਾ ਅਪਰੇਸ਼ਨਲ ਬਜਟ ਵਧਾਉਣ ਲਈ ਸਹਿਯੋਗ ਵਜੋਂ 10 ਲੱਖ ਅਮਰੀਕੀ ਡਾਲਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਖਿੱਤਾ ਅੱਜ ਦੇ ਵਿਸ਼ਵ ਭਰ ਦੇ ਚੁਣੌਤੀਪੂਰਨ ਹਾਲਾਤ ਨਾਲੋਂ ਅਣਛੂਹਿਆ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਡੇ ਅਰਥਚਾਰੇ, ਸਾਡੇ ਲੋਕ ਅਜੇ ਵੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨਾਲ ਜੂਝ ਰਹੇ ਹਨ।’’ਰੂਸ-ਯੂਕਰੇਨ ਜੰਗ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਯੂਰੋਪ ’ਚ ਹੋਏ ਘਟਨਾਕ੍ਰਮ ਨਾਲ ‘‘ਕੌਮਾਂਤਰੀ ਵਿਵਸਥਾ ਦੀ ਸਥਿਰਤਾ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।’’ ਉਨ੍ਹਾਂ ਕਿਹਾ, ‘‘ਇਸ ਸਬੰਧ ਵਿੱਚ, ਇਹ ਜ਼ਰੂਰੀ ਹੋ ਗਿਆ ਹੈ ਕਿ ਬਿਮਸਟੈਕ ਖੇਤਰੀ ਸਹਿਯੋਗ ਨੂੰ ਹੋਰ ਵਧੇਰੇ ਸਰਗਰਮ ਕੀਤਾ ਜਾਵੇ।’’ ਸ੍ਰੀ ਮੋਦੀ ਨੇ ਕਿਹਾ, ‘‘ਇਹ ਜ਼ਰੂਰੀ ਹੋ ਗਿਆ ਹੈ ਕਿ ਸਾਡੀ ਖੇਤਰੀ ਸੁਰੱਖਿਆ ਨੂੰ ਹੋਰ ਵਧੇਰੇ ਪਹਿਲ ਦਿੱਤੀ ਜਾਵੇ।’’ ਉਨ੍ਹਾਂ ਕਿਹਾ ਕਿ ਸਿਖ਼ਰ ਸੰਮੇਲਨ ਵਿੱਚ ਬਿਮਸਟੈਕ ਚਾਰਟਰ ਨੂੰ ਅਪਣਾਇਆ ਜਾਣਾ ਸੰਸਥਾਗਤ ਸੰਰਚਨਾ ਨੂੰ ਸਥਾਪਤ ਕਰਨ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਸਿਖ਼ਰ ਸੰਮੇਲਨ ਦੇ ਨਤੀਜੇ ਬਿਮਸਟੈਕ ਦੇ ਇਤਿਹਾਸ ਵਿੱਚ ਇਕ ਸੁਨਹਿਰੀ ਅਧਿਆਏ ਲਿਖਣਗੇ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੀਆਂ ਆਸਾਂ ’ਤੇ ਖਰਾ ਉਤਰਨ ਲਈ ਬਿਮਸਟੈਕ ਸਕੱਤਰੇਤ ਦੀ ਸਮਰੱਥਾ ਵਧਾਉਣਾ ਵੀ ਜ਼ਰੂਰੀ ਹੈ।’’ ਉਨ੍ਹਾਂ ਬਿਮਸਟੈਕ ਦੇ ਸਕੱਤਰ ਜਨਰਲ ਨੂੰ ਇਸ ਟੀਚੇ ਨੂੰ ਹਾਸਲ ਕਰਨ ਲਈ ਇਕ ਰੋਡਮੈਪ ਬਣਾਉਣ ਦਾ ਸੁਝਾਅ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ‘ਮੌਸਮ ਤੇ ਜਲਵਾਯੂ ਲਈ ਬਿਮਸਟੈਕ ਕੇਂਦਰ’ ਆਪਦਾ ਪ੍ਰਬੰਧਨ ਵਿੱਚ ਸਹਿਯੋਗ ਵਾਸਤੇ ਇਕ ਅਹਿਮ ਸੰਗਠਨ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਸਰਗਰਮ ਬਣਾਉਣ ਲਈ ਬਿਮਸਟੈਕ ਦੇਸ਼ਾਂ ਵਿਚਾਲੇ ਸਹਿਯੋਗ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਕੇਂਦਰ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਲਈ 30 ਲੱਖ ਡਾਲਰ ਦੇਣ ਨੂੰ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਮਸਟੈਕ ਦੇ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਵਪਾਰ ਵਧਾਉਣ ਲਈ ਬਿਮਸਟੈਕ ਐੱਫਟੀਏ ਪ੍ਰਸਤਾਵ ’ਤੇ ਅੱਗੇ ਵਧਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਸਾਡੇ ਦੇਸ਼ਾਂ ਦੇ ਉੱਦਮੀਆਂ ਅਤੇ ਸਟਾਰਟਅੱਪ ਵਿਚਲੇ ਆਦਾਨ-ਪ੍ਰਦਾਨ ਨੂੰ ਵਧਾਉਣ ਦੀ ਵੀ ਲੋੜ ਹੈ। ਇਸ ਦੇ ਨਾਲ ਹੀ ਸਾਨੂੰ ਵਪਾਰ ਸਹਿਯੋਗ ਦੇ ਖੇਤਰ ਵਿੱਚ ਕੌਮਾਂਤਰੀ ਨੇਮਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ।’’ ਇਸ ਸਬੰਧੀ, ਕੌਮਾਂਤਰੀ ਆਰਥਿਕ ਸਬੰਧਾਂ ’ਤੇ ਭਾਰਤੀ ਖੋਜ ਕੌਂਸਲ, ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨਾਲ ਮਿਲ ਕੇ ਸਾਡੇ ਅਧਿਕਾਰੀਆਂ ਦੀ ਜਾਗਰੂਕਤਾ ਵਧਾਉਣ ਵਾਸਤੇ ਇਕ ਪ੍ਰੋਗਰਾਮ ਸ਼ੁਰੂ ਕਰੇਗੀ।’’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ਦੇ ਫੀਸ ਵਧਾਉਣ ’ਤੇ ਲਗਾਈ ਰੋਕ
Next articleਇਸ ਸਾਲ ‘ਪ੍ਰੀਕਸ਼ਾ ਪੇ ਚਰਚਾ’ ਨੂੰ ਲੈ ਕੇ ਕਮਾਲ ਦਾ ਉਤਸ਼ਾਹ: ਮੋਦੀ