ਲੁਪਤ ਹੋ ਰਹੀ ਗੱਲਬਾਤ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਕੁਝ ਦਿਨ ਪਹਿਲਾਂ ਹੀ ਅਸੀਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਹੈ। ਬਹੁਤੀਆਂ ਭਾਸ਼ਾਵਾਂ ਹੌਲੀ ਹੌਲੀ ਲੁਪਤ ਹੋ ਰਹੀਆਂ ਹਨ ਅਤੇ ਯਕੀਨ ਮੰਨੋ ਇਕ ਦਿਨ ਅਜਿਹਾ ਆਏਗਾ ਜਦੋਂ ਬੋਲੀ ਖ਼ਤਮ ਹੋ ਜਾਏਗੀ ਲਿਪੀ ਰਹੇਗੀ।ਇਕ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਗੱਲਬਾਤ ਕੀਤੀ ਜਾਂਦੀ ਸੀ ਤੇ ਗੱਲਬਾਤ ਦਾ ਬਹੁਤ ਮਹੱਤਵ ਸੀ।

ਅੱਜ ਦੀ ਨਵੀਂ ਪੀੜ੍ਹੀ ਵਿੱਚ ਗੱਲਬਾਤ ਬਹੁਤ ਘੱਟ ਕੀਤੀ ਜਾਂਦੀ ਹੈ।ਨੌਜਵਾਨ ਪੀੜ੍ਹੀ ਫੋਨ ਕਰਨਾ ਵੀ ਜ਼ਿਆਦਾ ਪਸੰਦ ਨਹੀਂ ਕਰਦੀ।ਇੱਕ ਅੰਤਰਰਾਸ਼ਟਰੀ ਸਰਵੇਖਣ ਇਹ ਕਹਿੰਦਾ ਹੈ ਕਿ ਨਵੀਂ ਪੀੜ੍ਹੀ ਟੈਕਸਟ ਮੈਸੇਜ ਕਰਨਾ ਜ਼ਿਆਦਾ ਪਸੰਦ ਕਰਦੀ ਹੈ।ਇੱਥੋਂ ਤਕ ਕਿ ਇੱਕ ਦੋਸਤ ਦੂਜੇ ਦੋਸਤ ਦੇ ਘਰ ਜਾ ਕੇ ਬੈੱਲ ਨਹੀਂ ਵਜਾਉਂਦਾ ਨਾ ਹੀ ਫੋਨ ਕਰਦਾ ਹੈ ਸਗੋਂ ਇਕ ਟੈਕਸਟ ਮੈਸੇਜ ਕਰਦਾ ਹੈ।ਯਾਦ ਕਰੋ ਅਕਸਰ ਅਜਿਹਾ ਹੀ ਹੁੰਦਾ ਹੈ ਸਾਡੇ ਘਰਾਂ ਵਿੱਚ ਵੀ ਜਦੋਂ ਸਾਡਾ ਨੌਜਵਾਨ ਬੱਚਾ ਉੱਠ ਕੇ ਕਹਿੰਦਾ ਹੈ ਕਿ ਬਾਹਰ ਮੇਰਾ ਦੋਸਤ ਆਇਆ ਹੈ।ਅਸੀਂ ਹੈਰਾਨ ਹੁੰਦੇ ਹਾਂ ਕਿੰਨਾ ਬੈੱਲ ਵੱਜੀ ਨਾ ਫ਼ੋਨ ਆਇਆ ਇਹਨੂੰ ਕਿਵੇਂ ਪਤਾ ਲੱਗਾ।ਦਰਅਸਲ ਇਕ ਟੈਕਸਟ ਮੈਸੇਜ ਦਾ ਕੰਮ ਹੈ।

ਇੱਕ ਪਰਿਵਾਰ ਵਿੱਚ ਅਗਰ ਚਾਰ ਜੀਅ ਹਨ ਤਾਂ ਉਨ੍ਹਾਂ ਵਿੱਚੋਂ ਦੋ ਤਾਂ ਜ਼ਰੂਰ ਆਪਣਾ ਆਪਣਾ ਫੋਨ ਲੈ ਕੇ ਬੈਠੇ ਹੁੰਦੇ ਹਨ।ਫੋਨ ਤੇ ਕੋਈ ਗੱਲਬਾਤ ਨਹੀਂ ਕਰ ਰਹੇ ਹੁੰਦੇ ਫੇਸਬੁੱਕ ਜਾਂ ਵਟਸਐਪ ਤੇ ਚੈਟ ਕਰ ਰਹੇ ਹੁੰਦੇ ਹਨ।ਬੱਚੇ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ।ਤੁਸੀਂ ਆਪਣੇ ਬੱਚੇ ਦੇ ਕਮਰੇ ਵਿੱਚ ਕੁਝ ਦੇਰ ਬੈਠੋ ਉੱਥੋਂ ਦੀਆਂ ਗੱਲਾਂ ਦਾ ਹੂੰ ਹਾਂ ਵਿਚ ਜਵਾਬ ਦਏਗਾ।ਕੁਝ ਤੇ ਪਾਤਰ ਨੂੰ ਆਪ ਹੀ ਲੱਗੇਗਾ ਕਿ ਤੁਸੀਂ ਉੱਠ ਕੇ ਚਲੇ ਜਾਓ ਤਾਂ ਬਿਹਤਰ ਹੈ।

ਅਸੀਂ ਪਰਵਾਸੀ ਭਾਰਤੀਆਂ ਤੋਂ ਅਕਸਰ ਸੁਣਦੇ ਸੀ ਵਿਦੇਸ਼ਾਂ ਵਿੱਚ ਲੋਕ ਬਹੁਤ ਘੱਟ ਬੋਲਦੇ ਹਨ।ਸਫ਼ਰ ਵਿੱਚ ਉਹ ਆਪਣੀ ਕਿਤਾਬ ਪੜ੍ਹਦੇ ਹਨ ਉਨ੍ਹਾਂ ਆਪਣਾ ਫੋਨ ਦੇਖਦੇ ਹਨ।ਸਾਨੂੰ ਅਕਸਰ ਸ਼ਿਕਾਇਤ ਰਹਿੰਦੀ ਸੀ ਕਿ ਸਾਡੇ ਲੋਕ ਬਹੁਤ ਬੋਲਦੇ ਹਨ।ਬੱਸ ਵਿੱਚ ਨਾਲ ਬੈਠੀ ਸਵਾਰੀ ਨਾਲ ਐਵੇਂ ਹੀ ਗੱਲਬਾਤ ਸ਼ੁਰੂ ਕਰ ਦਿੰਦੇ ਹਨ।ਖ਼ਾਸ ਤੌਰ ਤੇ ਪੰਜਾਬੀਆਂ ਦਾ ਤਾਂ ਇਹ ਗੁਣ ਮੰਨਿਆ ਜਾਂਦਾ ਸੀ।

ਪਰ ਅੱਜ ਹਾਲਾਤ ਬਹੁਤ ਵੱਖਰੇ ਹਨ।ਸਾਡਾ ਹਾਲ ਵੀ ਇਹ ਹੋ ਗਿਆ ਹੈ ਜੇ ਹਰ ਕੋਈ ਆਪਣੀ ਦੁਨੀਆਂ ਵਿੱਚ ਮਸਤ ਹੈ।ਉਹ ਦੁਨੀਆਂ ਜੋ ਇਕ ਮੋਬਾਇਲ ਫੋਨ ਵਿੱਚ ਸਿਮਟ ਕੇ ਰਹਿ ਗਈ ਹੈ।ਤੁਸੀਂ ਕਿਸੇ ਬੀਮਾਰ ਦਾ ਹਾਲ ਪੁੱਛਣ ਜਾਂਦੇ ਹੋ ਤਾਂ ਉੱਥੇ ਵੀ ਕੁਝ ਰਸਮੀ ਗੱਲਾਂ ਤੋਂ ਬਾਅਦ ਆਪਣਾ ਫੋਨ ਦੇਖਣਾ ਸ਼ੁਰੂ ਕਰ ਦਿੰਦੇ ਹੋ।ਸੜਕ ਤੇ ਤੁਰੇ ਜਾਂਦੇ ਹੋਏ ਇਹ ਸ਼ਾਮ ਨੂੰ ਸੈਰ ਕਰਦੇ ਹੋਏ ਹਰ ਬੰਦਾ ਆਪਣੇ ਮੋਬਾਇਲ ਫੋਨ ਵਿੱਚ ਹੀ ਗੁਆਚਿਆ ਹੁੰਦਾ ਹੈ।

ਅੱਜ ਹਾਲਾਤ ਇਹ ਹਨ ਕਿ ਸਾਨੂੰ ਸਾਰੀ ਦੁਨੀਆਂ ਦੀ ਖ਼ਬਰ ਹੈ ਪਰ ਆਪਣੀ ਘਰ ਦੀ ਹੀ ਖ਼ਬਰ ਨਹੀਂ।ਅਸੀਂ ਚ ਇੱਕ ਦਿਨ ਫੇਸਬੁੱਕ ਦੇਖਣਾ ਭੁੱਲ ਜਾਈਏ ਆਪਣੇ ਪਿਆਰਿਆਂ ਨੂੰ ਜਨਮਦਿਨ ਦੀ ਮੁਬਾਰਕਬਾਦ ਵੀ ਨਹੀਂ ਦੇ ਸਕਦੇ।ਇਸ ਸਾਨੂੰ ਯਾਦ ਹੀ ਸੋਸ਼ਲ ਮੀਡੀਆ ਕਰਵਾਉਂਦਾ ਹੈ।ਫੇਸਬੁੱਕ ਤੇ ਪੰਜ ਹਜਾਰ ਦੋਸਤ ਹੋਣਗੇ ਨਿੱਜੀ ਜ਼ਿੰਦਗੀ ਵਿੱਚ ਸ਼ਾਇਦ ਇੱਕ ਵੀ ਦੋਸਤ ਨਹੀਂ।

ਭਾਸ਼ਾਵਾਂ ਵੱਲੋਂ ਸਾਡਾ ਇਹ ਲਾਪ੍ਰਵਾਹ ਵਤੀਰਾ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰੇਗਾ।ਡਾਕਟਰਾਂ ਦਾ ਕਹਿਣਾ ਹੈ ਕਿ ਗੱਲਬਾਤ ਜ਼ਿੰਦਗੀ ਦਾ ਅਹਿਮ ਹਿੱਸਾ ਹੈ।ਸਾਡੇ ਮਾਨਸਿਕ ਵਿਕਾਸ ਲਈ ਗੱਲਬਾਤ ਬਹੁਤ ਜ਼ਰੂਰੀ ਹੈ।ਭਾਸ਼ਾ ਦਾ ਪ੍ਰਯੋਗ ਘੱਟ ਕਰਨਾ ਤੇ ਲਿਪੀ ਦਾ ਪ੍ਰਯੋਗ ਕਰਨਾ ਭਾਵ ਬੋਲਣਾ ਘੱਟ ਤੇ ਲਿਖਣਾ ਜ਼ਿਆਦਾ ਇਕ ਖ਼ਤਰਨਾਕ ਰੁਝਾਨ ਹੈ।ਆਪਣੇ ਆਪ ਵਿੱਚ ਹੀ ਗੁਆਚਿਆ ਰਹਿਣ ਨਾਲ ਮਨੁੱਖ ਸਮਾਜ ਨਾਲੋਂ ਟੁੱਟਦਾ ਹੈ।

ਭਾਸ਼ਾ ਸਾਨੂੰ ਸਮਾਜ ਨਾਲ ਜੋੜਨ ਵਾਲੀ ਇੱਕ ਅਹਿਮ ਕੜੀ ਹੈ।ਅਸੀਂ ਪੰਜਾਬੀ ਜੋ ਕੰਧ ਕੋਲ ਖੜ੍ਹੇ ਗੁਆਂਢੀਆਂ ਨਾਲ ਘੰਟਾ ਘੰਟਾ ਗੱਲਾਂ ਕਰਦੇ ਰਹਿੰਦੇ ਸੀ,ਸੱਥ ਵਿੱਚ ਘੰਟਿਆਂ ਬੱਧੀ ਗੱਲਾਂ ਕਰਦੇ ਸੀ,ਗੁਆਂਢੀ ਦਾ ਹਾਲ ਪੁੱਛਣ ਗਏ ਨਾਨਕੇ ਦਾਦਕੇ ਸਭ ਦਾ ਹਾਲ ਪੁੱਛ ਕੇ ਘਰ ਮੁੜਦੇ ਸੀ ਅੱਜ ਗੁਆਂਢੀਆਂ ਨੂੰ ਤਿਉਹਾਰ ਤੇ ਵਧਾਈ ਵੀ ਟੈਕਸਟ ਮੈਸੇਜ ਨਾਲ ਦਿੰਦੇ ਹਾਂ।

ਜ਼ਰੂਰਤ ਹੈ ਸਾਨੂੰ ਬੋਲ ਚਾਲ ਦੇ ਮਹੱਤਵ ਨੂੰ ਸਮਝਣ ਦੀ।ਆਪਣੇ ਬੱਚਿਆਂ ਵਿੱਚ ਕਲਾਤਮਕ ਪ੍ਰਵਿਰਤੀਆਂ ਦਾ ਵਿਕਾਸ ਕਰਨ ਦੀ ਤਾਂ ਜੋ ਉਹ ਮਾਨਸਿਕ ਤੌਰ ਤੇ ਵਿਕਸਤ ਹੋ ਸਕਣ।ਸਾਹਿਤ ਵਿਚ ਕਵਿਤਾ ਦੇ ਨਾਲ ਨਾਲ ਵਾਰਤਕ ਦੇ ਵੱਲ ਰੁਚੀ ਵਿਕਸਿਤ ਕਰਨ ਦੀ ਤਾਂ ਜੋ ਸਾਡਾ ਬੌਧਿਕ ਵਿਕਾਸ ਕਰਨ ਲਈ ਨਿਬੰਧ ਸਹਾਈ ਹੋ ਸਕਣ। ਬੇਸ਼ੱਕ ਭਾਸ਼ਾ ਵਿਚ ਲਿਪੀ ਦਾ ਬਹੁਤ ਮਹੱਤਵ ਹੈ।ਪਰ ਬੋਲ ਚਾਲ ਤੋਂ ਬਿਨਾਂ ਸਿਰਫ਼ ਲਿਪੀ ਕੁਛ ਨਹੀਂ ਕਰ ਸਕਦੀ।

ਆਪਣੇ ਦੋਸਤਾਂ ਨੂੰ ਫੋਨ ਕਰੋ।ਆਪਣੇ ਬੱਚਿਆਂ ਨਾਲ ਗੱਲਬਾਤ ਕਰੋ।ਕਹਾਣੀਆਂ ਸੁਣਾਉਣ ਦੀ ਪ੍ਰੰਪਰਾ ਆਪਣੇ ਘਰਾਂ ਵਿੱਚ ਫਿਰ ਤੋਂ ਸ਼ੁਰੂ ਕਰੋ।ਇਸੇ ਤਰੀਕੇ ਨਾਲ ਅਸੀਂ ਆਪਣੀ ਭਾਸ਼ਾ ਨੂੰ ਬਚਾ ਸਕਾਂਗੇ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਵੀ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮਾਂ ਦਾ ਗੀਤ ‘ਸੰਗਰੂਰ ਦੇ ਕਸੂਰ’ ਰਿਲੀਜ਼
Next articleਅਮਰੀਕਾ ਨੇ ਬੇਲਾਰੂਸ ਵਿਚ ਦੂਤਾਵਾਸ ਬੰਦ ਕੀਤਾ