ਕਿਸਾਨੀ ਮੋਰਚੇ ਨੂੰ ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਦਾ ਯੋਗਦਾਨ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮੋਦੀ ਸਰਕਾਰ ਨੇ ਕਰੋਨਾ ਦਾ ਸਹਾਰਾ ਲੈਂਦੇ ਹੋਏ ਕਈ ਫੈਸਲੇ ਲਏ, ਜੋ ਸਿਰਫ਼ ਉਸ ਅਤੇ ਉਸ ਦੀ ਪਾਰਟੀ ਦੇ ਹਿੱਤਾਂ ਤੇ ਅਧਾਰਿਤ ਹਨ ,ਜਿਵੇਂ ਧਾਰਾ 370 ਹਟਾਉਣਾ, ਮੁਸਲਮਾਨਾਂ ਦੇ ਤੀਨ ਤਲਾਕ ਖ਼ਿਲਾਫ਼ ਫ਼ੈਸਲਾ ਲੈਣਾ ਅਤੇ ਤਿੰਨ ਕਾਲ਼ੇ ਖੇਤੀ ਕਾਨੂੰਨ ਪਾਸ ਕਰਨਾ ਆਦਿ।ਇਹ ਸਾਰੇ ਫੈਸਲੇ ਲਗਭਗ ਜ਼ਬਰਦਸਤੀ ਲਾਗੂ ਕੀਤੇ ਗਏ। ਇਹ ਸਾਰੇ ਕਾਨੂੰਨਾਂ ਨੇ ਧਾਰਮਿਕ ਅਤੇ ਸਮਾਜਿਕ ਅਰਾਜਕਤਾ ਫੈਲਾਈ ਕਿਉਂ ਕਿ ਇਹ ਨਿਰੋਲ ਸੱਤਾਧਾਰੀ ਧਿਰ ਵੱਲੋਂ ਦੂਜੇ ਧਰਮਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜੀ ਕਰਨਾ, ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਦੇਣਾ ਅਤੇ ਕਿਸਾਨੀ ਉੱਤੇ ਸਿੱਧਾ-ਸਿੱਧਾ ਹਮਲਾ ਸੀ। ਅੰਦਰੋਗਤੀ ਤਾਂ ਸਰਕਾਰ ਕਿਸਾਨਾਂ ਨਾਲ ਪੰਗਾ ਲੈ ਕੇ ਪਛਤਾ ਰਹੀ ਹੈ ਪਰ ਸਬੰਧਤ ਰਾਜਨੀਤਕ ਪਾਰਟੀ ਦੇ ਆਗੂਆਂ ਲਈ ਪਿੱਛੇ ਹਟਿਆਂ ਉਹਨਾਂ ਦੀ ਹਾਉਮੈ ਨੂੰ ਠੇਸ ਵੱਜਦੀ ਹੈ। ਉਹਨਾਂ ਨੂੰ ਸ਼ਾਇਦ ਕਿਸਾਨਾਂ ਦੇ ਇਤਿਹਾਸ ਬਾਰੇ ਤਾਂ ਪਤਾ ਹੋਵੇਗਾ ਹੀ ਪਰ ਅਮਲੀ ਤੌਰ ਤੇ ਉਹਨਾਂ ਦੀ ਅਣਖ ਅਤੇ ਤਾਕਤ ਤੋਂ ਅਣਜਾਣ ਸਨ। ਉਹਨਾਂ ਦੀ ਹਾਉਮੈ ਕਾਰਨ ਹੀ ਕਿਸਾਨਾਂ ਨਾਲ ਵਾਰ ਵਾਰ ਗੱਲਾਂਬਾਤਾਂ ਦਾ ਸਿਲਸਿਲਾ ਬੇਸਿੱਟਾ ਰਿਹਾ ਹੈ।

ਲਗਭਗ ਪਿਛਲੇ ਇੱਕ ਸਾਲ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ।ਕਰੋਨਾ ਦੀ ਪੂਰੀ ਕ੍ਰੋਪੀ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਹੈ। ਇਸ ਮੋਰਚੇ ਰਾਹੀਂ ਸਹਿਜਤਾ ਅਤੇ ਧੀਰਜਤਾ ਨੂੰ ਬਲ ਤਾਂ ਮਿਲਿਆ ਹੀ ਹੈ ,ਨਾਲ ਹੀ ਆਪਸੀ ਭਾਈਚਾਰਕ ਪਿਆਰ ਦੀਆਂ ਤੰਦਾਂ ਨੂੰ ਜੋ ਮਜ਼ਬੂਤੀ ਮਿਲੀ ਹੈ, ਉਹ ਜੱਗ ਜ਼ਾਹਰ ਹੈ। ਕਿਸਾਨੀ ਸੰਘਰਸ਼ ਨੇ ਸਿਦਕ, ਸਿਰੜ ਤੇ ਕੌਮੀ ਅਣਖ਼ ਦੀਆਂ ਨਵੀਆਂ ਪਿਰਤਾਂ ਕਾਇਮ ਕੀਤੀਆਂ ਹਨ। ਬਜ਼ੁਰਗਾਂ ਤੇ ਨੌਜੁਆਨਾਂ ਦਾ ਉਤਸ਼ਾਹ ਤੇ ਸੇਵਾ ਭਾਵਨਾ ਵੇਖ ਕੇ ਹਰ ਦੇਸੀ-ਵਿਦੇਸੀ ਸਿਜਦਾ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਇਦ ਇਤਿਹਾਸਕ ਪ੍ਰੰਪਰਾਵਾਂ ਨੂੰ ਦੁਹਰਾਇਆ ਜਾ ਰਿਹਾ ਹੈ ਅਤੇ ਬਹੁਤ ਕੁੱਝ ਨਵਾਂ ਵੀ ਸਿਰਜਿਆ ਹੈ। ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਕਿਸਾਨਾਂ ਨੇ ਜ਼ਾਬਤੇ ਵਿਚ ਰਹਿ ਕੇ, ਆਪਣੇ ਪਿਤਾ-ਪੁਰਖੀ ਕਿੱਤੇ ਦਾ ਮਾਣ ਰੱਖਦੇ ਹੋਏ ਉਹਨਾਂ ਦੇ ਕਿਰਦਾਰ ਨੂੰ ਉਜਾਗਰ ਕੀਤਾ ਹੈ। ਕਿਸਾਨ ਅਪਣੀ ਮਾਂ ਵਰਗੀ ਜ਼ਮੀਨ ਅਤੇ ਆਪਣੇ ਕਿੱਤੇ ਖੇਤੀ ਨੂੰ ਦਿੱਲੋਂ ਪਿਆਰਦਾ ਅਤੇ ਸਨਮਾਨਿਤ ਕਰਦਾ ਹੈ। ਖੇਤੀ ਨੂੰ ਇਸ ਆਸ ਨਾਲ ਬੀਜਦਾ ਹੈ ਕਿ ਜਿਥੇ ਉਸ ਦੇ ਧੀ-ਪੁੱਤ ਢਿੱਡ ਭਰਨਗੇ, ਉਥੇ ਸੰਸਾਰ ਦੇ ਲੋਕ ਵੀ ਢਿੱਡ ਭਰਨਗੇ। ਉਸ ਦੀ ਮਿਹਨਤ ਨਿਸਵਾਰਥ ਸੇਵਾ ਨਾਲੋਂ ਘੱਟ ਨਹੀਂ ਹੁੰਦੀ। ਐਵੇਂ ਨਹੀਂ ਉਹ ਮਿੱਟੀ ਨਾਲ ਮਿੱਟੀ ਹੁੰਦਾ ,ਕੋਰਿਆਂ ਵਾਲੀਆਂ ਠੰਡੀਆਂ ਰਾਤਾਂ ,ਜੇਠ ਹਾੜ ਦੀਆਂ ਧੁੱਪਾਂ ਉਹ ਸਿਰ ਤੇ ਹੰਢਾਉਂਦਾ। ਉਸ ਦੀ ਮਿਹਨਤ ਦਾ ਮੁੱਲ ਕੀ ਪੈਂਦਾ ਹੈ? ਸਾਡੀਆਂ ਸਰਕਾਰਾਂ ਚਾਹੇ ਮੁੱਲ ਪਾਉਣ ਜਾਂ ਨਾ ਪਰ ਸਾਡੇ ਸਮਾਜ ਦਾ ਹਰ ਵਰਗ ਕਿਸਾਨ ਹਿਮਾਇਤੀ ਹੈ ਅਤੇ ਉਸ ਨਾਲ ਖੜ੍ਹਾ ਹੈ।

ਕਿਸਾਨੀ ਸੰਘਰਸ਼ ਵਿੱਚ ਸਾਹਿਤ ਨਾਲ ਜੁੜੇ ਬੁੱਧੀਜੀਵੀਆਂ, ਗਾਇਕਾਂ, ਲਿਖਾਰੀਆਂ ਨੇ ਖੂਬ ਯੋਗਦਾਨ ਪਾਇਆ। ਧਰਨਿਆਂ ਵਿੱਚ ਸਰੀਰਕ ਤੌਰ ਤੇ ਚਾਹੇ ਉਹਨਾਂ ਨੇ ਇੱਕ-ਦੋ ਦਿਨ ਦੀ ਸ਼ਮੂਲੀਅਤ ਕੀਤੀ ਜਾਂ ਨਹੀਂ ਪਰ ਉਹਨਾਂ ਵੱਲੋਂ ਮੋਰਚੇ ਨੂੰ ਸਮਰਥਨ ਦੇਣ ਦੇ ਖੁੱਲ੍ਹੇ ਐਲਾਨ ਨੇ ਮੋਰਚੇ ਨੂੰ ਬਲ ਦਿੱਤਾ। ਸਾਹਿਤਕ ਸਭਾਵਾਂ ਵੱਲੋਂ ਮਿਲੇ ਵੱਖ-ਵੱਖ ਸਨਮਾਨ ਮੋੜੇ ਜਾਣ ਦਾ ਜਦ ਸਿਲਸਿਲਾ ਸ਼ੁਰੂ ਹੋਇਆ ਤਾਂ ਵਿਰੋਧੀਆਂ ਨੂੰ ਅੰਗੂਠਾ ਦਿਖਾਉਣ ਲਈ ਕਾਫ਼ੀ ਸੀ।ਇਸ ਨਾਲ ਸਮੇਂ ਸਮੇਂ ਤੇ ਕਿਸਾਨਾਂ ਦਾ ਮਨੋਬਲ ਵਧਾਉਣ ਵਿੱਚ ਵੀ ਮਦਦ ਮਿਲਦੀ ਰਹੀ। ਗਾਇਕਾਂ ਵੱਲੋਂ ਵੀ ਧਰਨਿਆਂ ਦੀਆਂ ਸਟੇਜਾਂ ਤੇ ਕਿਸਾਨ ਹਮਾਇਤੀ ਗੀਤ ਪੇਸ਼ ਕੀਤੇ ਜਾਂਦੇ ਹਨ, ਲਿਖਾਰੀਆਂ ਵੱਲੋਂ ਮੋਰਚੇ ਦੇ ਸਮਰਥਨ ਵਿੱਚ ਗੀਤ, ਕਵਿਤਾਵਾਂ ਅਤੇ ਲੇਖ ਲਿਖੇ ਜਾਂਦੇ ਹਨ ਅਤੇ ਪੇਸ਼ ਕੀਤੇ ਜਾਂਦੇ ਹਨ ਤਾਂ ਜੋ ਸਮੇਂ ਸਮੇਂ ਤੇ ਉਹਨਾਂ ਦਾ ਉਤਸ਼ਾਹ ਵਧਾਇਆ ਜਾ ਸਕੇ। ਦੂਜਾ ਕਾਰਨ ਇਹ ਵੀ ਹੈ ਕਿ ਬਹੁਤਿਆਂ ਦਾ ਪਿਛੋਕੜ ਸ਼ਾਇਦ ਕਿਰਸਾਨੀ ਪਰਿਵਾਰਾਂ ਨਾਲ ਸਬੰਧਤ ਹੈ।ਇਸ ਤੋਂ ਇਲਾਵਾ ਮੋਰਚੇ ਨੂੰ ਡਾਕਟਰ ਵਰਗ ਦੀ ਪੂਰੀ ਹਮਾਇਤ ਮਿਲੀ। ਡਾਕਟਰਾਂ ਵੱਲੋਂ ਕਈ ਸੇਵਾਵਾਂ ਵੀ ਨਿਭਾਈਆਂ ਗਈਆਂ ਜਿਵੇਂ ਮੋਰਚੇ ਵਿੱਚ ਜਾ ਕੇ ਮੈਡੀਕਲ ਕੈਂਪ ਲਗਾਉਣੇ,ਫਰੀ ਦਵਾਈਆਂ ਦੀ ਸਹੂਲਤ ਪ੍ਰਦਾਨ ਕਰਨਾ ਆਦਿ।ਇਸ ਨਾਲ਼ ਵੀ ਕਿਸਾਨਾਂ ਨੂੰ ਸਿਹਤ ਸੁਵਿਧਾਵਾਂ ਦੇ ਨਾਲ ਨਾਲ ਮਾਨਸਿਕਤਾ ਨੂੰ ਵੀ ਬਲ ਮਿਲਿਆ ਹੈ।

ਸਾਹਿਤਕ ਖੇਤਰ ਨਾਲ ਜੁੜੇ ਲੋਕਾਂ ਤੋਂ ਇਲਾਵਾ ਰਾਜਨੀਤਿਕ ਵਰਗ, ਨਾਲ ਜੁੜੇ ਲੋਕਾਂ ਵੱਲੋਂ ਅਤੇ ਖਿਡਾਰੀਆਂ ਵੱਲੋਂ ਮਿਲੇ ਐਵਾਰਡ ਅਤੇ ਸਨਮਾਨ ਵਾਪਸ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕ ਵਿੱਚ ਨਿਤਰਦਿਆਂ ਆਪਣਾ ‘ਪਦਮ ਵਿਭੂਸ਼ਣ’, ਸਾਬਕਾ ਕੇਂਦਰੀ ਮੰਤਰੀ ਨੇ ‘ਪਦਮ ਸ਼੍ਰੀ’ ਸਨਮਾਨ ਵਾਪਸ ਕਰ ਦਿੱਤਾ ।ਪੰਜਾਬ ਦੇ ਕਈ ਸਾਬਕਾ ਓਲੰਪੀਅਨਾਂ ਅਤੇ ਕੌਮੀ ਖੇਡ ਕੋਚਾਂ ਨੇ ਆਪਣੇ ਐਵਾਰਡ ਵਾਪਸ ਕਰ ਦਿੱਤੇ ਹਨ।ਇਸ ਨਾਲ ਸਰਕਾਰ ਨੂੰ ਅਸਿੱਧੇ ਤੌਰ ਤੇ ਢਾਅ ਲੱਗੀ ਹੈ। ਦਲਿਤ ਵਰਗ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦੇਣ ਲਈ ਐਲਾਨਿਆ ਗਿਆ। ਇਸ ਤਰ੍ਹਾਂ ਮੋਦੀ ਸਰਕਾਰ ਦੀ ਦਹਾੜ ਸਿਰਫ਼ ਲਿਫਾਫੇ ਵਿੱਚ ਹਵਾ ਵਾਂਗ ਹੀ ਰਹਿ ਗਈ ਹੈ।

ਇਸ ਤਰ੍ਹਾਂ ਕਿਸਾਨਾਂ ਪੱਖੀ ਮਾਹੌਲ ਸਿਰਜਣ ਲਈ ਸਾਡੀਆਂ ਸਾਰੀਆਂ ਸਾਹਿਤਕ ਅਤੇ ਸਮਾਜਕ ਜਥੇਬੰਦੀਆਂ ਸਮੇਂ ਸਮੇਂ ਤੇ ਯਤਨਸ਼ੀਲ ਰਹੀਆਂ ਹਨ । ਸਮੇਂ- ਸਮੇਂ ਤੇ ਉਹਨਾਂ ਵੱਲੋਂ ਕਿਸਾਨੀ ਮੋਰਚੇ ਦੀਆਂ ਸਟੇਜਾਂ ਤੇ ਹਾਜ਼ਰ ਹੋ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਹੈ। ਉਹਨਾਂ ਦੇ ਭਰਪੂਰ ਯੋਗਦਾਨ ਕਾਰਨ ਹੀ ਸੰਘਰਸ਼ ਐਨੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚੱਲਦਾ ਆ ਰਿਹਾ ਹੈ।ਆਸ ਹੈ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਮਿਹਨਤ ਰੰਗ ਲਿਆਵੇਗੀ ਅਤੇ ਕਿਸਾਨੀ ਮੋਰਚਾ ਫ਼ਤਿਹ ਹਾਸਲ ਜ਼ਰੂਰ ਕਰੇਗਾ।

ਬਰਜਿੰਦਰ ਕੌਰ ਬਿਸਰਾਓ…

9988901324

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS designates N.Korea as state violator of religious freedom
Next articleਰੁੱਖ ਲਗਾਓ