ਪੰਜਾਬ ’ਚ ਠੇਕਾ ਬੱਸ ਕਾਮਿਆਂ ਵੱਲੋਂ ਦੋ ਘੰਟੇ ਲਈ ਚੱਕਾ ਜਾਮ, ਨਿੱਤ ਦੀ ਹੜਤਾਲ ਤੋਂ ਲੋਕ ਪ੍ਰੇਸ਼ਾਨ

ਬਠਿੰਡਾ (ਸਮਾਜ ਵੀਕਲੀ):  ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਇਥੇ ਦੋ ਘੰਟਿਆਂ ਲਈ ਬੱਸਾਂ ਦਾ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਕਿਹਾ ਕਿ ਨਿੱਤ ਦੀ ਹੜਤਾਲ ਦਾ ਸਰਕਾਰ ਤੇ ਮੁਲਾਜ਼ਮਾਂ ਨੂੰ ਛੇਤੀ ਹੱਲ ਕੱਢਣਾ ਚਾਹੀਦਾ ਹੈ। ਅੱਜ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਚੋਖੀ ਕਮਾਈ ਕੀਤੀ।

ਠੇਕਾ ਕਾਮਿਆਂ ਨੇ ਇਥੇ ਧਰਨਾ ਦੇ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਰੱਖੀ। ਲੰਮੇ ਅਰਸੇ ਤੋਂ ਪੜਾਅਵਾਰ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੇ ਫ਼ਲੀਟ ’ਚ ਇਜ਼ਾਫ਼ਾ ਕੀਤਾ ਜਾਵੇ ਤਾਂ ਜੋ ਸਰਕਾਰੀ ਅਦਾਰਿਆਂ ’ਤੇ ਹਾਵੀ ਹੁੰਦੀ ਜਾ ਰਹੀ ਨਿੱਜੀ ਟਰਾਂਸਪੋਰਟ ਨੂੰ ਨੱਥ ਪੈ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਸਫ਼ਰ ਮੁਫ਼ਤ ਕੀਤੇ ਜਾਣ ਕਰਕੇ ਸਰਕਾਰੀ ਬੱਸਾਂ ’ਚ ਭੀੜ ਵਧੀ ਹੈ ਅਤੇ ਨਤੀਜੇ ਵਜੋਂ ਸਵਾਰੀਆਂ ਦੀ ਕੰਡਕਟਰਾਂ ਨਾਲ ਨਾਰਾਜ਼ਗੀ ਦਾ ਮੁੱਢ ਬੱਝਾ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਠੇਕਾ ਕਾਮਿਆਂ ਦੀਆਂ ਸੇਵਾਵਾਂ ਨਿਯਮਤ ਕਰਨ ’ਚ ਬੇਲੋੜੀ ਦੇਰੀ ਕੀਤੀ ਤਾਂ ਠੇਕਾ ਕਾਮੇ ਸਰਕਾਰ ਵਿਰੁੱਧ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਬਾਰੇ ਮਤਾ ਪੇਸ਼, ਭਾਰਤ ਨਾਰਾਜ਼
Next articleਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਉੱਪਰ ਸਥਿਤ ਬੈਂਕ ਨੂੰ ਅੱਗ ਲੱਗੀ