ਇਲਾਜ ਨਾਲੋਂ ਪਰਹੇਜ਼ ਚੰਗਾ, ਕਿਉੰਕਿ ਬਚਾਓ ਵਿੱਚ ਹੀ ਸਮਝਦਾਰੀ ਹੈ: ਸਿਵਲ ਸਰਜਨ ਡਾ ਪਵਨ ਕੁਮਾਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸੰਬੰਧੀ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਮੁਤਾਬਿਕ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਐਡਵਾਜ਼ਰੀ ਜਾਰੀ ਕੀਤੀ ਗਈ ਹੈ।ਸਿਵਲ ਸਰਜਨ ਨੇ ਕਿਹਾ ਕਿ ਗਰਮੀਆਂ ਵਿੱਚ ਖਾਸ ਕਰ ਬਰਸਾਤੀ ਮੌਸਮ ਵਿੱਚ ਦਸਤ, ਉਲੱਟੀਆਂ, ਪੇਚਸ ਅਤੇ ਪੀਲੀਆ ਆਦਿ ਬਿਮਾਰੀਆਂ ਫੈਲਣ ਦਾ ਡਰ ਬਣਿਆਂ ਰਹਿੰਦਾ ਹੈ ਜਿਸਦਾ ਮੁੱਖ ਕਾਰਨ ਹੈ ਦੂਸ਼ਿਤ ਪੀਣ ਵਾਲੇ ਪਾਣੀ ਦੀ ਵਰਤੋ, ਦੂਸ਼ਿਤ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਣ ਕਰਨਾ, ਗੰਦਗੀ ਦੇ ਢੇਰ ਲੱਗੇ ਹੋਣੇ ਅਤੇ ਆਲੇ-ਦੁਆਲੇ ਦੀ ਸਾਫ ਸਫਾਈ ਨਾ ਹੋਣਾ ਆਦਿ ਹੈ। ਇਹਨਾਂ ਬਿਮਾਰੀਆਂ ਤੋਂ ਬਚਾਓ ਲਈ ਜਿਲਾ ਨਿਵਾਸੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆ ਸਿਵਲ ਸਰਜਨ ਨੇ ਕਿਹਾ ਕਿ ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆ ਜਾਵੇ ਅਤੇ ਪਾਣੀ ਪੁਣਕੇ, ਉਬਾਲ ਕੇ ਠੰਡਾਂ ਕਰਕੇ ਪੀਣਾ ਯਕੀਨੀ ਬਣਾਇਆ ਜਾਵੇ। ਪੀਣ ਦਾ ਪਾਣੀ ਸਾਫ ਬਰਤਨ ਵਿੱਚ ਢੱਕ ਕੇ ਰੱਖਿਆ ਜਾਵੇ ਅਤੇ ਪੀਣ ਦੇ ਭਾਂਡੇ ਵਿੱਚ ਹੱਥ ਨਾ ਪਾਇਆ ਜਾਵੇ। ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਖਾਨਿਆਂ ਦੀ ਹੀ ਵਰਤੋਂ ਕਰਨ, ਖੁੱਲੇ ਮੈਦਾਨ ਵਿੱਚ ਪਖਾਨਾ ਨਾ ਜਾਣ।ਜਰੂਰੀ ਹੈ ਕਿ ਪ੍ਰਤੀਦਿਨ ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ, ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਤੇ ਜਾਣ। ਗਲੇ-ਸੜੇ, ਜਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਧੇ ਜਾਣ।ਸਬਜੀਆਂ ਨੂੰ ਟੋਭਿਆਂ, ਛੱਪੜਾਂ ਅਤੇ ਨਾਲਿਆਂ ਦੇ ਪਾਣੀ ਨਾਲ ਨਾ ਧੋਵੋ।ਉਹਨਾਂ ਕਿਹਾ ਕਿ ਕੀਟਨਾਸ਼ਕਾਂ ਦੇ ਡਰੱਮਾਂ/ਡੱਬਿਆਂ ਨੂੰ ਨਹਿਰਾਂ/ਟੋਭਿਆਂ ਵਿੱਚ ਨਾ ਧੋਵੋ। ਇਸ ਤਰ੍ਹਾਂ ਕੀਟ ਨਾਸ਼ਕਾਂ ਦੇ ਜਹਿਰੀਲੇ ਤੱਤ ਪਾਣੀ ਵਿੱਚ ਰਲਕੇ ਪਾਣੀ ਨੂੰ ਮਨੁੱਖ ਲਈ ਨੁਕਸਾਨਦੇਹ ਬਣਾ ਦਿੰਦੇ ਹਨ। ਸਿਵਲ ਸਰਜਨ ਨੇ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਦੂਸ਼ਿਤ ਪਾਣੀ ਜਾਂ ਦੂਸ਼ਿਤ ਭੋਜਨ ਦੀ ਵਰਤੋਂ ਕਾਰਣ ਉਲਟੀਆਂ, ਟੱਟੀਆਂ ਦਾ ਲੱਗਣਾ, ਪੇਟ ਵਿੱਚ ਦਰਦ ਹੋਣਾ, ਭੁੱਖ ਘੱਟ ਲੱਗਣਾ ਅਤੇ ਥਕਾਵਟ ਮਹਿਸੂਸ ਹੋਣਾ, ਅੱਖਾਂ ਅਤੇ ਪਿਸ਼ਾਬ ਦਾ ਰੰਗ ਪੀਲਾ ਹੋਣਾ, ਪਖਾਨੇ ਦਾ ਰੰਗ ਸਫੈਦ/ਚੀਕਣੀ ਮਿੱਟੀ ਵਰਗਾ ਹੋਣਾ ਆਦਿ ਹੋ ਸਕਦੇ ਹਨ। ਜੇਕਰ ਕਿਸੇ ਨੂੰ ਉਪਰੋਕਤ ਲੱਛਣ ਹਨ ਤਾਂ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਜਾਂ ਸਿਹਤ ਸੰਸਥਾ ਨਾਲ ਸਪੰਰਕ ਕੀਤਾ ਜਾਵੇ ਕਿਉੰਕਿ ਬਚਾਓ ਵਿੱਚ ਹੀ ਸਮਝਦਾਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



