ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਨਹੀਂ ਹੈ ਬੱਚਿਆਂ ਦੇ ਭਵਿੱਖ ਦਾ ਕੋਈ ਫਿਕਰ – ਲਾਇਨ ਬਬਿਤਾ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸਰਕਾਰੀ ਸਕੂਲ ਦੇ ਮੁੱਦੇ ਨੇ ਲਗਭਗ ਦੋ ਦਹਾਕਿਆਂ ਤੋਂ ਨੂਰਮਹਿਲ ਇਲਾਕੇ ਦੇ ਬੱਚਿਆਂ ਦੇ ਭਵਿੱਖ ਨੂੰ ਧੁੰਧਲਾਇਆ ਹੋਇਆ ਹੈ। ਸਰਕਾਰੀ ਸਕੂਲ ਵਿਵਾਦਾਂ ਵਿੱਚ ਹੈ। ਅਕਾਲੀ-ਭਾਜਪਾ ਦੇ ਤਤਕਾਲੀਨ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਇਲਾਕੇ ਦੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਨੂੰ ਮੁੱਖ ਰੱਖਦਿਆਂ ਆਪਣੀ ਸਰਕਾਰ ਕੋਲੋਂ 1 ਕਰੋੜ 17 ਲੱਖ ਦੀ ਸਰਕਾਰੀ ਗ੍ਰਾਂਟ ਜਾਰੀ ਕਰਵਾਈ ਸੀ ਜਿਨ੍ਹਾਂ ਵਿੱਚੋਂ 57 ਲੱਖ 15 ਹਜ਼ਾਰ 500 ਰੁਪਏ ਦੀ ਰਾਸ਼ੀ ਨਾਲ ਸਕੂਲ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਕਰਵਾਇਆ ਪਰ ਬਦਕਿਸਮਤੀ ਕਾਰਣ ਇਹ ਨਿਰਮਾਣ ਅੱਧ ਵਿਚਾਲੇ ਹੀ ਰਹਿ ਗਿਆ। ਸਰਕਾਰੀ ਸਕੂਲ ਰਾਜਨੀਤਕ ਲੀਡਰਾਂ ਅਤੇ ਮਾੜੀ ਸੋਚ ਵਾਲੇ ਲੋਕਾਂ ਦੀ ਮਾੜੀ ਸੋਚ ਕਾਰਣ ਅੱਜ ਵੀ ਅਧੂਰਾ ਪਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕੀਤਾ। ਉਹਨਾਂ ਕਿਹਾ ਕਿ ਉਹ ਸਰਕਾਰੀ ਸਕੂਲ ਦੇ ਨਿਰਮਾਣ ਨੂੰ ਮੁਕੰਮਲ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ। ਇਸੇ ਕਾਰਣ ਉਹਨਾਂ ਪਹਿਲਾਂ ਡੀ.ਸੀ. ਜਲੰਧਰ ਸ਼੍ਰੀ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕੀਤੀ ਅਤੇ ਫਿਰ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਰਲ ਸ਼੍ਰੀ ਵਿਨੈ ਬੁਬਲਾਨੀ ਆਈ.ਏ.ਐਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਨੂਰਮਹਿਲ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਕੋਆਰਡੀਨੇਟਰ ਲਾਇਨ ਬਬਿਤਾ ਸੰਧੂ, ਪੀ.ਆਰ.ਓ ਲਾਇਨ ਰੋਹਿਤ ਸੰਧੂ ਨੇ ਦੱਸਿਆ ਕਿ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਡਾਇਰੈਕਟਰ ਜਨਰਲ ਵਿਨੈ ਬੁਬਲਾਨੀ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਉਹਨਾਂ ਦੇ ਹੁਕਮਾਂ ‘ਤੇ ਸਕੂਲ ਨਾਲ ਸੰਬੰਧਤ ਸਾਰਾ ਰਿਕਾਰਡ ਦੇਖਿਆ। ਸਿੱਟੇ ਵੱਜੋਂ ਇਹ ਪਾਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਸਕੂਲ ਦੇ ਮਸਲੇ ਨੂੰ ਅਣਗੌਲਿਆ ਕੀਤਾ ਹੋਇਆ ਹੈ। ਸਿੱਖਿਆ ਵਿਭਾਗ ਪਾਸ ਸਰਕਾਰੀ ਫੰਡ ਦੀ ਵੀ ਕੋਈ ਨਹੀਂ ਹੈ, ਕਮੀ ਹੈ ਤਾਂ ਸਿਰਫ ਸਕੂਲ ਨਿਰਮਾਣ ਵਿੱਚ ਅੜਿੱਕਾ ਢਾਹੁਣ ਦੀ। ਜ਼ਿਲ੍ਹਾ ਪ੍ਰਧਾਨ ਸੰਧੂ ਨੇ ਕਿਹਾ ਕਿ ਜੇਕਰ ਸਾਬਕਾ ਹਲਕਾ ਵਿਧਾਇਕ ਵਡਾਲਾ ਸਕੂਲ ਨਿਰਮਾਣ ਲਈ ਉੱਦਮ ਕਰਕੇ ਸਵਾ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾ ਸਕਦੇ ਹਨ, ਬਿਲਡਿੰਗ ਬਣਵਾ ਸਕਦੇ ਹਨ ਫਿਰ ਮੌਜੂਦਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਬਣੀ ਬਣਾਈ ਬਿਲਡਿੰਗ ਨੂੰ ਮੁਕੰਮਲ ਕਿਉਂ ਨਹੀਂ ਕਰਵਾ ਸਕਦੇ ਜਦਕਿ ਸਕੂਲ ਵਾਸਤੇ ਵਿਭਾਗ ਪਾਸ ਫੰਡ ਵੀ ਬੇਸ਼ੁਮਾਰ ਹਨ। ਉਸਾਰੂ ਸੋਚ ਵਾਲੇ ਲੋਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਧਰਨੇ ਲਗਾ ਰਹੇ ਹਨ, ਕੋਰਟ ਕਚਹਿਰੀਆਂ ਦੇ ਦਰਵਾਜ਼ੇ ਖੜਕਾ ਰਹੇ ਹਨ, ਵੱਡੀਆਂ ਵੱਡੀਆਂ ਫਲੈਕਸਾਂ ਲਗਾ ਰਹੇ ਹਨ ਪਰ ਮੌਜੂਦਾ ਆਪ ਸਰਕਾਰ ਅਤੇ ਉਹਨਾਂ ਦੇ ਵਿਧਾਇਕ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਹਲਕਾ ਵਿਧਾਇਕ ਨਕੋਦਰ ਵਾਅਦੇ ਤਾਂ ਕਰਦੇ ਹਨ ਪਰ ਝੂਠੇ। ਇਹਨਾਂ ਝੂਠੇ ਵਾਅਦਿਆਂ ਤੋਂ ਅੱਕ ਕੇ ਨੰਬਰਦਾਰ ਯੂਨੀਅਨ ਵੱਲੋਂ 26 ਜਨਵਰੀ 2023 ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਪੁੱਤਲਾ ਫੂਕ ਪ੍ਰਦਰਸ਼ਨ ਕਰਨਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲ ਨਿਰਮਾਣ ਮੁੜ ਸ਼ੁਰੂ ਕਰਵਾਉਣ ਦਾ ਵਾਅਦਾ ਕੀਤੇ ਜਾਣ ਉਪਰੰਤ ਇਹ ਪ੍ਰਦਰਸ਼ਨ ਰੋਕਣਾ ਪਿਆ ਸੀ। ਸੰਧੂ ਨੇ ਕਿਹਾ ਕਿ ਹੁਣ ਨਿੱਤ ਹੋਣ ਵਾਲਾ ਪ੍ਰਦਰਸ਼ਨ ਹਲਕਾ ਵਿਧਾਇਕ ਦੀਆਂ ਅਤੇ ਪ੍ਰਸ਼ਾਸਨ ਦੀਆਂ ਜੜ੍ਹਾਂ ਹਿਲਾ ਦੇਵੇਗਾ। ਸਕੂਲ ਨਿਰਮਾਣ ਹੋ ਕੇ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly