ਦ੍ਰਿੜਤਾ ਦੀ ਫ਼ਤਹਿ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਆਕਾਲਪੁਰਖ਼ ਨੇ ਕਿਰਤੀਆਂ ਦੀਆਂ ਅਰਦਾਸਾਂ ਸੁਣੀਆਂ, ਆਪਣੀ ਦਇਆ ਆਪਣੀ ਮਿਹਰ ਕੀਤੀ। ਕਿਰਤੀ ਲੋਕਾਂ ਦੀਆਂ ਮਨੋ ਭਾਵਨਾਵਾਂ ਤੇ ਰਹਿਮ ਕਰ ਹਰ ਔਕੜ ਹਰ ਮੁਸੀਬਤ ਵਿੱਚ ਹਾਜ਼ਰ ਨਾਜ਼ਰ ਹੋ ਕੇ ਅੰਗ ਸੰਗ ਸਹਾਈ ਹੋ ਕੇ ਅੰਦੋਲਨ ਦਾ ਮਾਰਗ ਦਰਸ਼ਨ ਕੀਤਾ।
ਲੋਕ ਸੰਘਰਸ਼ ਨੇ ਆਪਣੀ ਫ਼ਤਹਿ ਦੇ ਝੰਡੇ ਲਹਿਰਾ ਦਿੱਤੇ। ਜਾਬਰਾਂ ਦੀਆਂ ਕੋਝੀਆਂ ਲੋਕ ਮਾਰੂ ਨੀਤੀਆਂ ਨੂੰ ਦਫ਼ਨ ਕਰਨ ਲਈ ਇਕ ਕਦਮ ਹੋਰ ਦਿੱਲੀ ਦੀ ਸੰਸਦ ਵੱਲ ਲੋਕ ਲਹਿਰ ਬਣ ਵਧੇ ਹਾਂ। ਹਰ ਕਿਰਤੀ ਹਰ ਮਜ਼ਦੂਰ ਹਰ ਸਾਥੀ ਜੱਸਾ ਸਿੰਘ ਰਾਮਗੜ੍ਹੀਆ ਸੀ, ਹਰ ਕਿਸਾਨ ਜੱਸਾ ਸਿੰਘ ਆਹਲੂਵਾਲੀਆ ਸੀ। ਇਹਨਾਂ ਦੀ ਅਗਵਾਈ ਆਪ ਪਰਮੇਸ਼ਵਰ ਭਗਵਾਨ ਕ੍ਰਿਸ਼ਨ ਦੀ ਤਰ੍ਹਾਂ ਸਾਰਥੀ ਬਣ ਕਰ ਰਿਹਾ ਸੀ।

ਸੋਸਲ ਮੀਡੀਆ ਤੇ ਜੋ ਵੀ ਵੀਡੀਓ ਰਾਂਹੀ ਜਾਂ ਲਾਈਵ ਚੈਨਲਾਂ ਰਾਂਹੀ ਘਰਾਂ ਦੀਆਂ ਚਾਰ ਦੀਵਾਰੀਆਂ ਵਿੱਚ ਅੰਦੋਲਨ ਦੇ ਦਿੱਲੀ ਵੱਲ ਪੂਰੇ ਜੋਸ਼ ਨਾਲ ਵੱਧਦੇ ਕਦਮ ਦੇ ਦੇਖੇ ਤਾਂ ਇਕ ਸਹਿਮ ਦੇਖਣ ਵਾਲਿਆਂ ਨੂੰ ਸੀ ਕਿ ਦਿੱਲੀ ਦੀ ਸਰਕਾਰ ਗੋਲੀ ਦਾ ਹੁਕਮ ਦੇ ਕੇ ਸਿੱਖ ਨਸਲਕੁਸ਼ੀ ਦਾ ਇਕ ਹੋਰ ਖੂਨੀ ਸਾਕਾ ਨਾ ਰਚ ਦੇਵੇ। ਨੌਜਵਾਨਾਂ ਦਾ ਹਜ਼ੂਮ ਬਜ਼ੁਰਗ਼ਾਂ ਦੀ ਰਣ ਨੀਤੀ ਦੇ ਮੁਤਾਬਿਕ ਚੇਤੰਨ ਹੋ ਕੇ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਬੜੀ ਗਰਮ ਜੋਸ਼ੀ ਨਾਲ਼ ਭਵਿੱਖ ਦਾ ਚਿੰਤਨ ਲੈ ਕੇ ਵੱਧ ਰਿਹਾ ਸੀ। ਆਪਣੀ ਹੀ ਤਾਨਾਸ਼ਾਹ ਬਣੀ ਸਰਕਾਰ ਦਾ ਹਰ ਚੈਲੰਜ ਸਵੀਕਾਰਦੇ ਅੰਦੋਲਨਕਾਰੀਆਂ ਦੇ ਜਥੇ ਮੌਤ ਦੇ ਡਰ ਤਿਆਗ਼ ਬੇਪਰਵਾਹ ਹੋਏ ਦਿੱਲੀ ਦਿਆਂ ਬਾਡਰਾਂ ਤੇ ਡੱਟ ਕੇ ਅੜ ਕੇ ਬੈਠੇ ਰਹੇ। ਕਿਸਾਨ ਅੰਦੋਲਨ ਦੇ ਹਰ ਜੁਝਾਰੂ ਦੇ ਮਨ ਵਿੱਚ ਸਰਕਾਰ ਦਾ ਖੌਫ਼ ਨਹੀਂ ਬਲਕਿ ਰੋਹ ਦੀ ਭਾਵਨਾ ਆਪਣੇ ਪੂਰੇ ਜਾਹੋ-ਜਲਾਲ ਤੇ ਸੀ।

ਅੰਦੋਲਨ ਵਿੱਚ ਸ਼ਾਮਿਲ ਲੋਕਾਂ ਨੇ ਕੁਦਰਤੀ ਰੁੱਤਾਂ ਦੀਆਂ ਕਰੋਪੀਆਂ ਸਹੀਆਂ। ਤੱਪਦੀਆਂ ਗਰਮੀਆਂ , ਕੋਰੇ ਪੈਂਦੀਆਂ ਸਰਦੀਆਂ ਤੇ ਵਰਦੀਆਂ ਬਾਰਿਸ਼ਾਂ ਵੀ ਲੋਕ ਸੰਘਰਸ਼ ਦਾ ਮਨੋਬਲ ਨਹੀਂ ਤੋੜ ਸਕੀਆਂ। ਦਿੱਲੀ ਦੇ ਸ਼ਹਿਰੀ ਲੋਕਾਂ ਨੇ ਅੰਦੋਲਨ ਦਾ ਜੋ ਨਿਡਰ ਹੋ ਕੇ ਸਾਥ ਦਿੱਤਾ, ਉਹ ਸਲਾਹੁਣਯੋਗ ਹੈ । ਅੰਦੋਲਨ ਦੇ ਹਰ ਸਾਥੀ ਨੇ ਵੀ ਬਾਹਰੋਂ ਸੇਵਾ ਭਾਵਨਾ ਨਾਲ਼ ਆਏ ਸ਼ਹਿਰੀ ਨਾਗਰਿਕਾਂ ਨੂੰ ਦਿਲੋਂ ਸਤਿਕਾਰ ਦਿੱਤਾ । ਇਕ ਸਾਲ ਦੇ ਅਰਸੇ ਨੂੰ ਪਾਰ ਕਰਦਾ ਅੰਦੋਲਨ ਆਪਣੀ ਮੰਜ਼ਿਲ ਤਹਿ ਕਰਨ ਲਈ ਕਾਨੂੰਨੀ ਪ੍ਕਿਰਿਆ ਦੀ ਅੰਤਮ ਕਾਰਵਾਈ ਤੱਕ ਜੱਦੋ-ਜਹਿਦ ਵਿੱਚ ਹੈ। ਸਰਕਾਰ ਅਤੇ ਪ੍ਧਾਨ ਮੰਤਰੀ ਦੇ ਜੁਬਾਨੀ ਬਿਆਨਾਂ ਦਾ ਭਾਂਵੇ ਸੰਯੁਕਤ ਮੋਰਚੇ ਦੇ ਨੇਤਾਵਾਂ ਨੇ ਸਵਾਗਤ ਕੀਤਾ ਹੈ ਪਰ ਸੰਸਦ ਵਿੱਚ ਸੰਸਦ ਮੈਂਬਰਾਂ ਵੱਲੋ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਤੱਕ ਸਬਰ ਰੱਖਣਾ ਵੀ ਜਰੂਰੀ ਹੈ। ਸਰਕਾਰ ਦੀਆਂ ਚੋਰ ਮੋਰੀਆਂ ਤੇ ਨਜ਼ਰ ਰੱਖਣੀ ਥੇ ਹਰ ਪੈਂਤੜੇ ਨੂੰ ਵਿਚਾਰਣਾ ਅਤਿ ਜਰੂਰੀ ਹੈ।

ਇਹ ਆਕਾਲ ਪੁਰਖ ਦੀ ਹੀ ਕਿਰਪਾ ਸੀ ਕਿ ਤਾਨਾਸ਼ਾਹ ਸਰਕਾਰ ਦੀਆਂ ਤਸ਼ੱਦਦ ਭਰੀਆਂ ਚਾਲਾਂ ਵੀ ਸਰਕਾਰ ਦੇ ਹੀ ਉਲਟ ਪੈਦੀਂਆ ਗਈਆਂ। ਕਿਸਾਨਾਂ ਮਜਦੂਰਾਂ ਦੇ ਇਰਾਦੇ ਹੋਰ ਦ੍ਰਿੜ ਹੁੰਦੇ ਗਏ । ਸਿਰੜ ਹੋਰ ਪੱਕਾ ਹੁੰਦਾ ਗਿਆ। ਕੇਂਦਰ ਸਰਕਾਰ, ਹਰਿਆਣਾ ਤੇ ਉਤਰ ਪ੍ਦੇਸ਼ ਸਰਕਾਰ ਦੀਆਂ ਕਿਸਾਨ-ਮਜ਼ਦੂਰ ਜਥਿਆਂ ਨੂੰ ਰੋਕਣ ਦੀਆਂ ਪੁਲਿਸ ਕਾਰਵਾਈਆਂ ਹਮੇਸ਼ਾਂ ਅਸਫ਼ਲ ਸਾਬਿਤ ਹੋਈਆਂ। ਦਿੱਲੀ ਜਾਂਦੇ ਹਰ ਮੁੱਖ ਮਾਰਗ ਤੇ ਕੰਕਰੀਟ ਦੇ ਭਾਰੀ ਬੈਰੀਕੇਡ ਲਾਏ ਗਏ। ਕੰਡਿਆਲ਼ੀਆਂ ਤਾਰਾਂ ਲਾ ਕੇ ਲੋਕ ਰੋਹ ਦਾ ਹੌਸਲ਼ਾ ਤੋੜਨਾ ਚਾਹਿਆ। ਸਰਕਾਰੀ ਸ਼ਾਹ ਮਾਰਗ ਤੇ ਸੜਕਾਂ ਨੂੰ ਪੁੱਟ ਖੱਡੇ ਕੀਤੇ ਗਏ । ਕਿੱਲਾਂ ਨੂੰ ਸੂਲਾਂ ਦੀ ਤਰ੍ਹਾਂ ਖੜਾ ਕੀਤਾ ਗਿਆ। ਠੰਡੇ ਪਾਣੀ ਦੀਆਂ ਤੇਜ਼ ਬੁਛਾੜਾਂ ਦਾ ਬਜ਼ੁਰਗ ਕਿਸਾਨਾਂ ਨੇ ਛਾਤੀਆਂ ਅੱਗੇ ਕਰ ਕਰ ਸਾਹਮਣਾ ਕੀਤਾ। ਅੱਥਰੂ ਗੈਸ ਦੇ ਗੋਲ਼ਿਆਂ ਦੀ ਮਾਰ ਵੀ ਕਿਸਾਨੀ ਜਥਿਆਂ ਨੂੰ ਅੱਗੇ ਵਧਣੋਂ ਨਹੀਂ ਰੋਕ ਸਕੀ।

ਅੱਥਰੂ ਗੈਸ ਦੇ ਗੋਲ਼ਿਆਂ ਨੂੰ ਚੁੱਕ ਵਾਪਿਸ ਪੁਲਿਸ ਵੱਲ ਖਿੱਦੋ ਵਾਂਗ ਨੌਜਵਾਨਾ ਵਲੋਂ ਧਕੇਲਿਆ ਗਿਆ। ਹੱਥ ਜਖਮੀ ਹੋਏ, ਅੱਖਾਂ ਨੂੰ ਨੁਕਸਾਨ ਹੋਇਆ। ਬਜ਼ੁਰਗ ਕਿਰਤੀ ਕਿਸਾਨਾਂ ਦੇ ਸਿਰਾਂ ਤੇ ਪੁਲਿਸ ਦੀਆਂ ਡਾਂਗਾ ਵਰੀਆਂ। ਸਿਰ ਫੋੜ ਦੇਣ ਦੇ ਸਰਕਾਰੀ ਆਡਰ ਐਸ ਡੀ ਐਮ ਦੁਆਰਾ ਕਰਵਾਏ ਗਏ ਅਤੇ ਸਿਰ ਪਾੜੇ ਗਏ। ਅੰਤ ਬਿਜਲੀ ਪਾਣੀ ਦੀ ਸਪਲਾਈ ਵੀ ਅੰਦੋਲਨ ਵਾਲੇ ਬਾਰਡਰਾਂ ਤੋਂ ਬੰਦ ਕਰ ਦਿੱਤੀ ਗਈ । ਹਰ ਜੁਲਮ-ਏ ਸਿਤਮ ਕੇੰਦਰ ਅਤੇ ਰਾਜ ਸਰਕਾਰਾਂ ਨੇ ਕੀਤਾ। ਹਰ ਸੰਭਵ ਦਬਾਅ ਲੋਕ ਸੰਘਰਸ਼ ਨੂੰ ਤਹਿਸ ਨਹਿਸ ਕਰਨ ਲਈ ਪ੍ਰਯੋਗ ਕੀਤਾ। ਪਰ ਲੋਕ ਰੋਹ ਦੇ ਤੂਫ਼ਾਨੀ ਵੇਗ਼ ਅੱਗੇ ਸਭ ਕੁੱਝ ਰੁੜ ਗਿਆ ।

ਦਿੱਲੀ ਦੇ ਸਾਰੇ ਬਾਰਡਰਾਂ ਤੇ ਕਿਸਾਨ ਸਾਲ ਭਰ ਬੈਠੇ ਰਹੇ। ਇਹ ਭਾਰਤ ਦਾ ਹੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਲੋਕ ਸੰਘਰਸ਼ ਰਿਹਾ ਹੈ, ਜਿਸ ਨੇ ਕਾਇਦੇ ਵਿੱਚ ਰਹਿੰਦਿਆਂ, ਸੰਜਮ, ਸਬਰ, ਸ਼ਾਂਤਮਈ ਰਹਿ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕ ਤੰਤਰਿਕ ਸਰਕਾਰ ਦੀ ਤਾਨਾਸ਼ਾਹੀ ਸਾਜਿਸ਼ੀ ਨੀਤੀਆਂ ਨੂੰ ਨਕੇਲ ਪਾਈ ਅਤੇ ਹੱਕ ਵਾਪਿਸ ਦੇਣ ਲਈ ਮਜ਼ਬੂਰ ਕੀਤਾ। ਇਹ ਲੋਕਤੰਤਰ ਨੂੰ ਮੁੜ ਪੈਰਾਂ ਸਿਰ ਕਰਨ ਦੀ ਇਕ ਸ਼ਾਂਤਮਈ ਜੰਗ ਸਾਬਿਤ ਹੋਈ ਹੈ।ਇਹ ਸਫ਼ਲਤਾ ਮੋਰਚੇ ਦੀ ਏਕਤਾ ਕਰਕੇ ਸੰਭਵ ਹੋਈ। ਨੀਤੀਆਂ ਤੇ ਦ੍ਰਿੜ ਇਰਾਦਿਆਂ ਦੀ ਜਿੱਤ ਹੋਈ ।

ਪਿੰਡਾਂ ਦੇ ਕਿਰਤੀ ਕਿਸਾਨਾਂ ਦੇ ਆਪਸੀ ਭਾਈਚਾਰੇ ਨੇ ਸਾਰੇ ਹੀ ਅੰਦੌਲਨ ਸਾਥੀਆਂ ਨੂੰ ਇਕ ਪਰਿਵਾਰ ਦੀ ਤਰ੍ਹਾਂ ਸੰਭਾਲ਼ਿਆ । ਲੰਗਰ ਦੀ ਸੇਵਾ ਨੇ ਰਾਜ ਪੱਧਰ ਇਕ ਦੇਸ਼ ਪੱਧਰ ਤੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਭਾਈਚਾਰੇ ਦੀ ਸੰਗਤ ਤੇ ਪੰਗਤ ਦੀ ਮਰਿਯਾਦਾ ਦੇ ਬਲ ਤੋਂ ਜਾਣੂ ਕਰਵਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਚਲਾਈ ਲੰਗਰ ਦੀ ਸੇਵਾ ਪ੍ਥਾ ਨੇ ਅੰਦੋਲਨ ਨੂੰ ਨੈਤਕਿਤਾ ਬਖਸ਼ਿਸ਼ ਕੀਤੀ। ਬਲ , ਬੁੱਧੀ ਤੇ ਵਿਵੇਕ ਦੀ ਬਖਸ਼ਿਸ਼ ਕੀਤੀ। ਸਿੱਖ ਧਰਮ ਦੀ ਇਸ ਲੰਗਰ ਸੇਵਾਵਾਂ ਨੇ ਦੂਸਰਿਆਂ ਧਰਮਾਂ ਨੂੰ ਵੀ ਸਹੀ ਰਾਹ ਦਿਖਾਇਆ ਹੈ। ਇਕ ਅਲੀਸ਼ਾਨ ਹੋਟਲਾਂ ਦੇ ਮਾਲਿਕ ਰਾਮ ਸਿੰਘ ਰਾਣਾ ਤੇ ਅੰਦੋਲਨ ਦਾ ਅਜਿਹਾ ਪ੍ਭਾਵ ਪਿਆ ਕਿ ਉਹਨਾਂ ਇਕ ਸਾਲ ਤੋਂ ਲਗਾਤਾਰ ਅੰਦੋਲਨ ਲਈ ਰੋਜ਼ਾਨਾ ਹਜ਼ਾਰਾਂ ਲੀਟਰ ਦੁੱਧ, ਆਟਾ, ਪਾਣੀ ਤੇ ਹੋਰ ਜਰੂਰਤ ਦੀਆਂ ਸਭ ਸੇਵਾਵਾਂ ਲਈ ਆਪਣੀ ਦਰਿਆ ਦਿਲੀ ਦਿਖਾਈ।ਹੋਟਲ ਕਿਸਾਨਾਂ ਲਈ ਆਰਾਮ ਕਰਨ ਲਈ ਖਾਲੀ ਕਰ ਸਪੁਰਦ ਕਰ ਦਿੱਤੇ।

ਇਸ ਜਜਬੇ ਤੇ ਬਚਨਾਂ ਦੇ ਪੱਕੇ ਦਾਨੀ ਯੋਧਿਆ ਦੀ ਦ੍ਰਿੜਤਾ ਨੂੰ ਸਲਾਮ ਕਰਨਾ ਸਮਾਜ ਦੇ ਹਰ ਵਰਗ ਦਾ ਇਖਲਾਕੀ ਫ਼ਰਜ ਬਣਦਾ ਹੈ। ਅਮਰੀਕਾ ਤੋਂ ਆਪਣੀਆਂ ਸਿਹਤ ਸੇਵਾਵਾਂ ਛੱਡ ਕੇ ਆਏ ਡਾਕਟਰ ਸਵੈਮਾਨ ਸਿੰਘ ਜਿਹੇ ਦਇਆਵਾਨ ਆਪਣੀ ਧਰਤੀ, ਆਪਣੇ ਲੋਕਾਂ ਦੇ ਲਈ ਲਗਾਤਾਰ ਅੰਦੋਲਨ ਕਰਨ ਵਾਲੇ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਦੀਆਂ ਸਿਹਤ ਸੇਵਾਵਾਂ ਲਈ ਰਾਤ ਦਿਨ ਇਕ ਕਰ ਰਹੇ ਹਨ। ਇਹਨਾਂ ਦੇ ਦ੍ਰਿੜ੍ਹ ਇਰਾਦਿਆਂ ਨੂੰ ਨਮਨ ਹੈ। ਕਾਲੇ ਕਾਨੂੰਨਾਂ ਨੂੰ ਸੰਸਦ ਦੇ ਦੋਵੇਂ ਸਦਨਾ ਵੱਲੋ ਰੱਦ ਹੋਣ ਤੇ ਰਾਸ਼ਟਰਪਤੀ ਦੇ ਦਸਤਖਤਾਂ ਨਾਲ ਜਿੱਤ ਦਾ ਬਿਗ਼ਲ ਜਲਦ ਹੀ ਵੱਜਣ ਵਾਲਾ ਹੈ। ਕਿਸਾਨਾਂ ਦੀਆਂ ਫਸਲ਼ਾਂ ਤੇ ਘੱਟ ਤੋਂ ਘੱਟ ਸਮੱਰਥਨ ਮੁੱਲ, ਸਰਕਾਰੀ ਖਰੀਦ ਯਕੀਨੀ, ਬਿਜਲੀ ਬਿਲਾਂ, ਝੋਨੇ ਦੀ ਰਹਿੰਦ ਖੂੰਦ ਦੀ ਸਾੜੇ ਜਾਣ ਦੀ ਪ੍ਰਕਿਰਿਆ , ਕਿਸਾਨਾਂ ਤੇ ਦਰਜ ਹੋਏ ਕੇਸ ਸਰਕਾਰ ਵੱਲੋਂ ਵਾਪਿਸ ਅਜਿਹੀਆ ਕਾਫ਼ੀ ਮੰਗਾਂ ਹਨ ਜਿਹਨਾਂ ਤੇ ਸਰਕਾਰ ਨੂੰ ਸਹਿਮਤ ਹੋਣਾ ਹੀ ਪਵੇਗਾ । ਇਹਨਾਂ ਸ਼ਰਤਾਂ ਦੇ ਨਾਲ ਹੀ ਕਿਸਾਨਾਂ ਦੀ ਘਰ ਵਾਪਿਸੀ ਸੰਭਵ ਹੈ। ਇਹ ਦ੍ਰਿੜਤਾ ਹੀ ਮੋਰਚੇ ਦੀ ਫ਼ਤਹਿ ਹੋਵੇਗੀ ਜੋ ਵਿਸ਼ਵ ਦਾ ਇਤਿਹਾਸ ਸਿਰਜੇਗੀ।

ਬਲਜਿੰਦਰ ਸਿੰਘ “ਬਾਲੀ ਰੇਤਗੜੵ”

+91 9465129168
+917087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਪੀਰ ਬਾਬਾ ਸਖੀ ਸ਼ਾਹ ਦੀ ਯਾਦ ਵਿੱਚ 90 ਵਾਂ ਛਿੰਝ ਮੇਲਾ 23 ਭਲਕੇ