ਧਾਰੀਵਾਲ (ਸਮਾਜ ਵੀਕਲੀ): ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਭਾਰਤ ਦੇਸ਼ ਕਿਸੇ ਇਕ ਜਾਤ, ਧਰਮ ਜਾਂ ਪ੍ਰਦੇਸ਼ ਦਾ ਨਹੀਂ ਹੈ, ਇਹ ਇਕ ਗੁਲ਼ਦਸਤੇ ਦੀ ਤਰ੍ਹਾਂ ਸਾਡਾ ਸਭ ਦਾ ਸਾਂਝਾ ਹੈ। ਉਹ ਅੱਜ ਇੱਥੇ ਫਾਦਰ ਜੋਸਫ ਮੈਥਿਊ ਦੀ ਅਗਵਾਈ ਹੇਠ ਕਰਵਾਏ ਗਏ ‘ਪੰਜਾਬ ਸਦਭਾਵਨਾ ਈਸਾਈ ਮਿਲਨ ਸੰਮੇਲਨ’ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇੱਥੇ ਸੰਤਨੀ ਤਰੇਜਾ ਕੈਥੋਲਿਕ ਚਰਚ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਹਲਕਾ ਕਾਦੀਆਂ ਤੋਂ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ, ਸਾਬਕਾ ਮੰਤਰੀ ਅਸ਼ਵਨੀ ਸੇਖੜੀ ਮੌਜੂਦ ਸਨ। ਫਾਦਰ ਜੋਸਫ ਮੈਥਿਊ ਨੇ ਰਾਹੁਲ ਗਾਂਧੀ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਗੁਲ਼ਦਸਤਾ ਭੇਟ ਕੀਤਾ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਾਡੀ ਲੜਾਈ ਸਿਆਸੀ ਨਹੀਂ, ਇਕ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਰਐੱਸਐੱਸ ਅਤੇ ਭਾਜਪਾ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਜਦੋਂ ਅੰਗਰੇਜ਼ਾਂ ਨਾਲ ਲੜਾਈ ਲੜੀ ਜਾ ਰਹੀ ਸੀ ਤਾਂ ਉਦੋਂ ਆਰਐੱਸਐੱਸ ਅਤੇ ਭਾਜਪਾ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਰਐੱਸਐੱਸ ਅਤੇ ਭਾਜਪਾ ਪੰਜਾਬ ਅਤੇ ਦੇਸ਼ ਵਾਸੀਆਂ ਕਦੇ ਭਲਾ ਨਹੀਂ ਸੋਚ ਸਕਦੇ ਕਿਉਂਕਿ ਦੋਵੇਂ ਲੋਕਾਂ ਵਿੱਚ ਨਫ਼ਰਤ ਪੈਦਾ ਕਰਕੇ ਰਾਜ ਕਰਨਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਨਰਿੰਦਰ ਮੋਦੀ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਨੂੰ ਲੋਕ ਸਭਾ ਵਿੱਚ ਦੋ ਮਿੰਨ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਵਿਧਾਇਕਾਂ ਦੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਚੇਅਰਮੈਨੀਆਂ ਦੇਣ ਦੀ ਥਾਂ ਪਾਰਟੀ ਹਿੱਤਾਂ ਲਈ ਕੰਮ ਕਰਦੇ ਵਰਕਰਾਂ ਨੂੰ ਬਣਦੀਆਂ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ। ਸੰਮੇਲਨ ਵਿੱਚ ਰੋਮਨ ਕੈਥੋਲਿਕ ਮਿਸ਼ਨ, ਸੀਐੱਨਆਈ ਮਿਸ਼ਨ, ਸਾਲਵੇਸ਼ਨ ਆਰਮੀ ਮਿਸ਼ਨ, ਬਿਲੀਵਰਜ਼ ਚਰਚ ਮਿਸ਼ਨ ਤੇ ਪੈਤੀਕਾਸਟਲ ਮਿਸ਼ਨ ਦੇ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਸ਼ਮੂਲੀਅਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly