ਯੂਪੀ ਚੋਣਾਂ ਲਈ ਕਾਂਗਰਸ ਵੱਲੋਂ ‘ਯੂਥ ਮੈਨੀਫੈਸਟੋ’ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਨੇ ਅੱਜ ਅਗਾਮੀ ਯੂਪੀ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਲਈ ਪਾਰਟੀ ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਆਗੂ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੌਜਵਾਨਾਂ ਦੀ ਤਾਕਤ ਨਾਲ ਇਕ ‘ਨਵੇਂ ਉੱਤਰ ਪ੍ਰਦੇਸ਼’ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਮੈਨੀਫੈਸਟੋ ਵਿਚ ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਸਰਕਾਰੀ ਖੇਤਰ ਵਿਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣਗੀਆਂ। ਪਾਰਟੀ ਨੇ ਕਿਹਾ ਹੈ ਕਿ 20 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਿਚੋਂ 8 ਲੱਖ ਔਰਤਾਂ ਲਈ ਹੋਣਗੀਆਂ। ਪ੍ਰਿਯੰਕਾ ਗਾਂਧੀ ਵਾਡਰਾ ਜਿਨ੍ਹਾਂ ਰਾਹੁਲ ਗਾਂਧੀ ਦੇ ਨਾਲ ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ‘ਭਾਰਤੀ ਵਿਧਾਨ’ ਰਿਲੀਜ਼ ਕੀਤਾ, ਨੇ ਕਿਹਾ ਕਿ ਕਾਂਗਰਸ ਵਿਕਾਸ ਨੂੰ ਕੇਂਦਰ ਵਿਚ ਰੱਖਣਾ ਚਾਹੁੰਦੀ ਹੈ ਕਿਉਂਕਿ ਹੁਣ ਜਿਹੜਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ, ਉਹ ਜਾਂ ਤਾਂ ਨਕਾਰਾਤਮਕ ਹੈ ਜਾਂ ਫਿਰ ਜਾਤੀਵਾਦ ਜਾਂ ਫ਼ਿਰਕੂਪੁਣੇ ਉਤੇ ਅਧਾਰਿਤ ਹੈ।

ਪ੍ਰਿਯੰਕਾ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੀਡੀਆ ਨੂੰ ਕਿਹਾ ਕਿ ਜੇਕਰ ਸਥਿਤੀ ਦੀ ਮੰਗ ਹੋਈ ਤਾਂ ਉਹ ਚੋਣ ਨਤੀਜਿਆਂ ਮਗਰੋਂ ਹੋਰਨਾਂ ਵਿਰੋਧੀ ਧਿਰਾਂ ਨਾਲ ਰਲ ਕੇ ਸਰਕਾਰ ਬਣਾਉਣ ਬਾਰੇ ਸੋਚ ਸਕਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਨੌਜਵਾਨਾਂ ਤੇ ਔਰਤਾਂ ਲਈ ਪਾਰਟੀ ਦੇ ਏਜੰਡੇ ਨੂੰ ਸਿਰੇ ਚੜ੍ਹਾਉਣ ਲਈ ਉਹ ਹੋਰਨਾਂ ਧਿਰਾਂ ਨਾਲ ਗੱਠਜੋੜ ਕਰਨ ਬਾਰੇ ਮੁੜ ਵਿਚਾਰ ਕਰ ਸਕਦੇ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੀਫੈਸਟੋ ‘ਖ਼ੋਖ਼ਲੇ ਸ਼ਬਦ’ ਨਹੀਂ ਹਨ ਪਰ ਇਸ ਨੂੰ ਨੌਜਵਾਨਾਂ ਨਾਲ ਰਾਬਤਾ ਕਰ ਕੇ ਹੀ ਤਿਆਰ ਕੀਤਾ ਗਿਆ ਹੈ। ਰਾਹੁਲ ਨੇ ਕਿਹਾ, ‘ਅਸੀਂ ਨਫ਼ਰਤ ਨਹੀਂ ਫੈਲਾਉਂਦੇ, ਅਸੀਂ ਲੋਕਾਂ ਨੂੰ ਜੋੜਨ ਲਈ ਕੰਮ ਕਰਦੇ ਹਾਂ ਤੇ ਨੌਜਵਾਨਾਂ ਦੇ ਵਿਸ਼ਵਾਸ ਤੇ ਤਾਕਤ ਨਾਲ ਨਵਾਂ ਉੱਤਰ ਪ੍ਰਦੇਸ਼ ਬਣਾਉਣਾ ਚਾਹੁੰਦੇ ਹਾਂ।’ ਪ੍ਰਿਯੰਕਾ ਨੇ ਕਿਹਾ ਕਿ ਯੂਪੀ ਵਿਚ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਹੈ ਤੇ ਨੌਜਵਾਨ ਨਿਰਾਸ਼ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਯੂਪੀ ਚੋਣਾਂ ਵਿਚ ਨੌਜਵਾਨਾਂ ਅਤੇ ਔਰਤਾਂ ਨੂੰ ਕੇਂਦਰ ’ਚ ਰੱਖ ਕੇ ਉਤਰੀ ਹੈ। ਚਾਲੀ ਫ਼ੀਸਦ ਟਿਕਟਾਂ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਯੂਪੀ ਵਿਚ ਚੋਣਾਂ ਸੱਤ ਗੇੜਾਂ ’ਚ 10 ਫਰਵਰੀ ਤੋਂ ਸੱਤ ਮਾਰਚ ਤੱਕ ਹੋਣਗੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCongress members urge Biden to overhaul counterterrorism policy
Next articleਮੁੱਖ ਮੰਤਰੀ ਚਿਹਰੇ ਬਾਰੇ ਪੁੱਛਣ ’ਤੇ ਪ੍ਰਿਯੰਕਾ ਨੇ ਖ਼ੁਦ ਦਾ ਨਾਂ ਉਭਾਰਿਆ