ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲਾਂ ਦੀ ਸਰਕਾਰ ਖ਼ਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਸਿਰ ਠੀਕਰਾ ਭੰਨਣ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਨੇ ਅੱਜ ਆਪਣੀ ਪੁਰਾਣੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਵੀ ਆਪਣੀ ਗ਼ਲਤੀਆਂ ਤੋਂ ਸਬਕ ਨਹੀਂ ਸਿੱਖੇਗੀ। ਕੈਪਟਨ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਮਿਲੀਆਂ ਹਾਰਾਂ ਲਈ ਕੌਣ ਜ਼ਿੰਮੇਵਾਰ ਹੈ।
ਸਿੰਘ ਨੇ ਟਵੀਟ ਕੀਤਾ, ‘‘ਭਾਰਤੀ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਕਦੇ ਵੀ ਸਬਕ ਨਹੀਂ ਸਿੱਖੇਗੀ! ਯੂਪੀ ਵਿੱਚ ਮਿਲੀ ਨਮੋੋਸ਼ੀਜਨਕ ਹਾਰ ਲਈ ਕੌਣ ਜ਼ਿੰਮੇਵਾਰ ਹੈ? ਮਨੀਪੁਰ, ਗੋਆ ਤੇ ਉੱਤਰਾਖੰਡ ਬਾਰੇ ਤੁਸੀਂ ਕੀ ਕਹੋਗੇ? ਕੰਧ ’ਤੇ ਵੱਡੇ ਅੱਖਰਾਂ ਵਿੱਚ ਜਵਾਬ ਲਿਖਿਆ ਹੈ, ਪਰ ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਆਇਆ ਹਾਂ ਉਹ ਇਸ ਨੂੰ ਪੜ੍ਹਨ ਤੋਂ ਇਨਕਾਰੀ ਹੋਣਗੇ।’’ ਸਿੰਘ ਨੇ ਇਹ ਟਿੱਪਣੀਆਂ ਕਾਂਗਰਸ ਆਗੂ ਤੇ ਪਾਰਟੀ ਤਰਜਮਾਨ ਰਣਦੀਪ ਸੁਰਜੇਵਾਲਾ ਵੱਲੋਂ ਇਕ ਦਿਨ ਪਹਿਲਾਂ ਦਿੱਤੇ ਬਿਆਨ ਦੇ ਸੰਦਰਭ ਵਿੱਚ ਕੀਤੀਆਂ ਹਨ। ਸੁਰਜੇਵਾਲਾ ਨੇ ਲੰਘੇ ਦਿਨ ਕਿਹਾ ਸੀ ਕਿ ਕਾਂਗਰਸ ਨੇ ਪੰਜਾਬ ਵਿੱਚ ਨਿਮਰ, ਸਾਫ਼ ਸੁਥਰੀ ਤੇ ਜ਼ਮੀਨ ਨਾਲ ਜੁੜੀ ਲੀਡਰਸ਼ਿਪ ਪੇਸ਼ ਕੀਤੀ ਸੀ, ਪਰ ਪਾਰਟੀ ਕੈਪਟਨ ਅਮਰਿੰਦਰ ਦੀ ਸਾਢੇ ਚਾਰ ਸਾਲਾ ਸਰਕਾਰ ਖਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਨੂੰ ਠੱਲ੍ਹਣ ਵਿੱਚ ਨਾਕਾਮ ਰਹੀ ਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ। ਸੁਰਜੇਵਾਲਾ ਨੇ ਕਿਹਾ ਸੀ, ‘‘ਪੰਜ ਰਾਜਾਂ ਦੇ ਚੋਣ ਨਤੀਜੇ ਪਾਰਟੀ ਦੀਆਂ ਇੱਛਾਵਾਂ ਤੋਂ ਉਲਟ ਸਨ। ਸਾਨੂੰ ਉੱਤਰਾਖੰਡ, ਗੋਆ ਤੇ ਪੰਜਾਬ ਵਿੱਚ ਚੰਗੀ ਨਤੀਜਿਆਂ ਦੀ ਉਮੀਦ ਸੀ, ਪਰ ਅਸੀਂ ਮੰਨਦੇ ਹਾਂ ਕਿ ਅਸੀਂ ਲੋਕਾਂ ਦਾ ਆਸ਼ੀਰਵਾਦ ਲੈਣ ਵਿੱਚ ਨਾਕਾਮ ਰਹੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly