ਨਵੀਂ ਦਿੱਲੀ (ਸਮਾਜ ਵੀਕਲੀ):ਸੰਸਦ ਦੀ ਕਾਰਵਾਈ ’ਚ ਅੜਿੱਕਾ ਪਾਉਣ ਦੇ ਮਾਮਲੇ ’ਤੇ ਵਿਰੋਧੀ ਧਿਰ ਕਾਂਗਰਸ ਦੀ ਆਲੋਚਨਾ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਅਡਾਨੀ ਦਾ ਮੁੱਦਾ ਤੇ ਮੁੱਖ ਵਿਰੋਧੀ ਧਿਰ ਭਾਰਤ ਨੂੰ ਆਲਮੀ ਅਰਥਚਾਰੇ ਵਿਚ ਉੱਭਰਦੇ ਮੁਲਕ ਵਜੋਂ ਸਵੀਕਾਰ ਕੀਤੇ ਜਾਣ ਤੋਂ ਰੋਕ ਨਹੀਂ ਸਕਦੇ। ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਵੱਲੋਂ ਦੋਵਾਂ ਸਦਨਾਂ ’ਚ ਅਡਾਨੀ ਦੇ ਮੁੱਦੇ ਉਤੇ ਚਰਚਾ ਦੀ ਕੀਤੀ ਜਾ ਰਹੀ ਮੰਗ ਤੇ ਹੰਗਾਮੇ ਦੇ ਮੱਦੇਨਜ਼ਰ ਅੱਜ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੂੰ ਲੋਕ ਪੱਖੀ ਕਾਨੂੰਨਾਂ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁੱਦਾ ਕਾਂਗਰਸ ਉਠਾ ਰਹੀ ਹੈ, ਉਸ ਬਾਰੇ ਵਿੱਤ ਮੰਤਰੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ।
ਜੋਸ਼ੀ ਨੇ ਕਿਹਾ ਕਿ ਅਜੋਕੇ ਦੌਰ ’ਚ ਪੂਰੇ ਸੰਸਾਰ ਵਿਚ ਲੋਕ ਇਹ ਮੰਨ ਰਹੇ ਹਨ ਕਿ ਭਾਰਤ ਆਲਮੀ ਅਰਥਚਾਰੇ ਵਿਚ ਰੋਸ਼ਨ ਬਿੰਦੂ ਵਾਂਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਤੇ ਸਸਤੀ ਸਿਆਸਤ ਖੇਡੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਹੰਗਾਮੇ ਦੌਰਾਨ ਦੋਵੇਂ ਸਦਨ ਬਿਨਾਂ ਕਿਸੇ ਕੰਮਕਾਜ ਤੋਂ ਉਠਾ ਦਿੱਤੇ ਗਏ। ਜੋਸ਼ੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਵਿਰੋਧੀ ਧਿਰ ਸੰਸਦ ਨੂੰ ਚੱਲਦਾ ਰੱਖਣ ’ਚ ਬਿਲਕੁਲ ਦਿਲਚਸਪੀ ਨਹੀਂ ਲੈ ਰਹੀ। ਉਨ੍ਹਾਂ ਨੂੰ ਲੋਕ-ਪੱਖੀ ਕਾਨੂੰਨਾਂ ਦਾ ਫਿਕਰ ਨਹੀਂ ਹੈ ਤੇ ‘ਉਹ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੰਸਦ ’ਚ ਕੰਮਕਾਜ ਦੀ ਇਤਿਹਾਸਕ ਸਫ਼ਲਤਾ ਨੂੰ ਪਸੰਦ ਨਹੀਂ ਕਰਦੇ।’ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਦੌਰਾਨ ਕਾਂਗਰਸ ਨੇ ਸੰਸਦ ਦੀਆਂ ਸਾਰੀਆਂ ਰਵਾਇਤਾਂ ਦਾ ਨਿਰਾਦਰ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇ ਆਗੂ ਸੰਸਦ ਆਉਣ ਦੇ ਬਜਾਏ ਛੁੱਟੀਆਂ ਲੈਣਾ ਪਸੰਦ ਕਰਦੇ ਹਨ।
ਅਡਾਨੀ ਮੁੱਦੇ ’ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਅੱਗੇ ਰੱਖੇ ਸਵਾਲ
ਕਾਂਗਰਸ ਨੇ ਵੀ ਅੱਜ ਅਡਾਨੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਅੱਗੇ ਸਵਾਲ ਰੱਖੇ। ਰਾਜ ਸਭਾ ਵਿਚ ਕਾਂਗਰਸ ਦੇ ਮੁੱਖ ਵਿਪ੍ਹ ਜੈਰਾਮ ਰਮੇਸ਼ ਨੇ ਕਿਹਾ, ‘ਇਕ ਵਾਰ ਫਿਰ ਲਗਾਤਾਰ ਤੀਜੇ ਦਿਨ ਵਿਰੋਧੀ ਧਿਰ ਨੂੰ ਅਡਾਨੀ ਮੁੱਦੇ ’ਤੇ ਜੇਪੀਸੀ ਜਾਂਚ ਦੀ ਮੰਗ ਦਾ ਜ਼ਿਕਰ ਤੱਕ ਨਹੀਂ ਕਰਨ ਦਿੱਤਾ ਗਿਆ। ਸਾਫ਼ ਹੈ ਕਿ ਮੋਦੀ ਸਰਕਾਰ ਭੱਜ ਰਹੀ ਹੈ।’ ਰਮੇਸ਼ ਨੇ ਸਵਾਲ ਕੀਤਾ ਕਿ ਅਡਾਨੀ ਮੁੱਦੇ ਨੂੰ ਕਿਉਂ ਐਨਾ ਵਧਣ ਦਿੱਤਾ ਗਿਆ ਜਦ ‘ਸ਼ੇਅਰਾਂ ਵਿਚ ਹੇਰ-ਫੇਰ ਬਾਰੇ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਤੇ ਇਲਜ਼ਾਮ ਲੱਗੇ ਸਨ।’