ਪੁਣੇ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦਾ ਨਿਰਾਦਰ ਕੀਤਾ। ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਅੰਬੇਡਕਰ ਦੇ ਜਿਊਂਦਿਆਂ ਤੇ ਦੇਹਾਂਤ ਮਗਰੋਂ ਵੀ ਹਮੇਸ਼ਾ ਉਨ੍ਹਾਂ ਦਾ ਅਪਮਾਨ ਕੀਤਾ। ਪੁਣੇ ਨਗਰ ਨਿਗਮ ਦਫ਼ਤਰ ਵਿਚ ਬੀਆਰ ਅੰਬੇਡਕਰ ਦੇ ਬੁੱਤ ਤੋਂ ਪਰਦਾ ਚੁੱਕਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ ਜਿਨ੍ਹਾਂ ਸੰਵਿਧਾਨ ਦਿਵਸ ਦੀ ਸ਼ੁਰੂਆਤ ਕੀਤੀ ਹੈ। ਸ਼ਾਹ ਨੇ ਕਿਹਾ ਕਿ ‘ਸੰਵਿਧਾਨ ਨੇ ਸਾਰਿਆਂ ਨੂੰ ਬਰਾਬਰ ਹੱਕ ਦਿੱਤੇ ਹਨ।
ਹਾਲਾਂਕਿ ਕਾਂਗਰਸ ਨੇ ਇਕ ਵੀ ਮੌਕਾ ਅਜਿਹਾ ਨਹੀਂ ਛੱਡਿਆ ਜਦ ਅੰਬੇਡਕਰ ਦਾ ਅਪਮਾਨ ਨਾ ਕੀਤਾ ਹੋਵੇ।’ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੂੰ ਭਾਰਤ ਰਤਨ ਇਕ ਗੈਰ-ਕਾਂਗਰਸੀ ਸਰਕਾਰ ਨੇ ਦਿੱਤਾ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨਾਲ ਜੁੜੀਆਂ ਪੰਜ ਥਾਵਾਂ ਨੂੰ ‘ਸਮ੍ਰਿਤੀ ਸਥਲ’ ਵਿਚ ਭਾਜਪਾ ਨੇ ਹੀ ਬਦਲਿਆ। ਅਸਿੱਧੇ ਤੌਰ ’ਤੇ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਦੋਸ਼ ਲਾਇਆ ਕਿ ਪਹਿਲਾਂ ਸੰਵਿਧਾਨ ਦਿਵਸ ਇਸ ਲਈ ਨਹੀਂ ਮਨਾਇਆ ਜਾਂਦਾ ਸੀ ‘ਕਿਉਂਕਿ ਉਹ ਡਰਦੇ ਸਨ ਕਿ ਅੰਬੇਡਕਰ ਦੀ ਵਿਰਾਸਤ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ।’ ਸ਼ਾਹ ਨੇ ਕਿਹਾ ਕਿ ਜਦ ਵੀ ਨਰਿੰਦਰ ਮੋਦੀ ਸੰਵਿਧਾਨ ਦਿਵਸ ਮਨਾਉਂਦੇ ਹਨ, ਕਾਂਗਰਸ ਵਿਰੋਧ ਕਰਦੀ ਹੈ। ਹੁਣ ਉਹੀ ਕਾਂਗਰਸ ਪਾਰਟੀ ਬਾਬਾਸਾਹੇਬ ਅੰਬੇਡਕਰ ਬਾਰੇ ਗੱਲਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਡਾ. ਅੰਬੇਡਕਰ ਵੱਲੋਂ ਸੰਵਿਧਾਨ ਲਈ ਦਿੱਤੇ ਯੋਗਦਾਨ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਵਿਧਾਨ ਨੂੰ ਆਪਣਾ ‘ਗ੍ਰੰਥ’ ਮੰਨ ਕੇ ਦੇਸ਼ ਦੀ ਅਗਵਾਈ ਕਰ ਰਹੇ ਹਨ। ਪੁਣੇ ਵਿਚ ਇਕ ਹੋਰ ਸਮਾਗਮ ਵਿਚ ਸ਼ਿਰਕਤ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਸਹਿਕਾਰੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇਗੀ। ਖੇਤੀਬਾੜੀ ਖੇਤਰ ’ਚ ਵਿੱਤ ਸਬੰਧੀ ਪਾਰਦਰਸ਼ੀ ਢਾਂਚਾ ਕਾਇਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਾਹ ਕੇਂਦਰੀ ਸਹਿਕਾਰਤਾ ਮੰਤਰੀ ਵੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly