ਭੰਬਲਭੂਸੇ!

 ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਿਤੇ ਜਰੂਰੀ ਸਿਰ ਢਕ ਵੜਨਾ
ਕਿਧਰੇ ਟੋਪੀ ਲਾਹ ਕੇ।
ਕਿਤੇ ਹੈ ਨੰਗੇ ਪੈਰ ਦਾਖਲਾ
ਕਿਧਰੇ ਜੋੜੇ ਪਾ ਕੇ।

ਕਿਧਰੇ ਕੂਕ-ਰੋਲ਼ੀਆਂ ਬੰਦਗੀ
ਕਿਤੇ ਸਮਾਧੀ ਲਾ ਕੇ।
ਕਿਤੇ ਹੈ ਮੁੰਡਨ ਕਰਕੇ ਮੁਕਤੀ
ਕਿਧਰੇ ਵਾਲ਼ ਵਧਾ ਕੇ।

ਕੋਣ ਸਹੀ ਤੇ ਗਲਤ ਕੋਣ ਹੈ ?
ਰਹਿ ਜਾਈਦਾ ਚਕਰਾ ਕੇ।
ਖੱਜ਼ਲ ਕੀਤੀ ਦੁਨੀਆਂਦਾਰੀ
ਭੰਬਲਭੂਸੇ ਪਾ ਕੇ।

ਇੱਕੋ ਹੀ ਗੱਲ ਸਾਂਝੀ ਸਭ ਦੀ
ਆਖਣ ਠੋਕ ਵਜਾ ਕੇ।
“ਸਾਡਾ ਵਧੀਆ, ਆਹੀ ਸੱਚਾ
ਪਾਰ ਛੱਡੂਗਾ ਲਾ ਕੇ।”

ਮੰਤਰ, ਤੀਰਥ, ਪਾਠ ਗਿਣਾਉਂਦੇ
ਮਸਕੇ ਖੂਬ ਲਗਾ ਕੇ।
ਜਿਉਂ ‘ਘੁਮਿਆਰੀ ਭਾਂਡੇ ਤਾਈਂ
ਵੇਚੇ ਆਪ ਸਲਾਹ ਕੇ।

ਪਿੰਡ ਘੜਾਮੇਂ ਬਚੀਂ ਰੋਮੀਆ
ਲੈ ਨਾ ਜਾਵਣ ਫਾਹ ਕੇ।
ਭੁੱਲ ਨਾ ਜਾਵੀਂ ਕਿਤੇ ਮਨੁੱਖਤਾ
ਗੱਲਾਂ ਦੇ ਵਿੱਚ ਆ ਕੇ।
         ਰੋਮੀ ਘੜਾਮੇਂ ਵਾਲ਼ਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਸਤਾਦ ਕਵੀਸ਼ਰ ਦਰਸ਼ਨ ਸਿੰਘ ਭੰਮੇ ਜੀ
Next articleSAMAJ WEEKLY = 17/05/2024