ਸਵਰਗ… ਜੰਨਤ… ਤੇ ਕਥਾ-ਕਹਾਣੀਆਂ ਦੇ ਕਹਿਣਕਾਰਾਂ ਵੱਲੋਂ ਪਾਏ ਉਲਝੇਵੇਂ

ਯਾਦਵਿੰਦਰ

(ਸਮਾਜ ਵੀਕਲੀ)

ਜੰਗਲਾਂ/ਬੇਲਿਆਂ ਨੂੰ ਛੱਡ ਕੇ ਮਨੁੱਖਾਂ ਦੇ ਕੁਝ ਝੁੰਡਾਂ ਨੇ ਮੁਢਲੇ ਪਿੰਡ ਉਸਾਰੇ. ਕਿੱਤੇ ਤੇ ਕੰਮਾਂ ਦੀ ਮੁਹਾਰਤ ਲਿਸ਼ਕਾਉਣ ਦਾ ਵੇਲਾ, ਬੜੀ ਦੇਰ ਨਾਲ ਆਇਆ। ਫੇਰ, ਜਦੋਂ ਕਿਸੇ ਹਿਰਦੇਵਾਨ (ਦਿਲਾਵਰ) ਬੰਦੇ ਨੇ ਜ਼ਮੀਨ ਉੱਤੇ ਲੀਕਾਂ ਪਾ ਕੇ ਸ਼ੁਰੂਆਤੀ ਭਾਸ਼ਾ ਵਿਕਸਤ ਕਰਨੀ ਸ਼ੁਰੂ ਕੀਤੀ ਤਾਂ ਆਪਸੀ ਸੰਚਾਰ ਥੋੜ੍ਹਾ ਸੁਖੈਨ ਹੋ ਗਿਆ।

ਫੇਰ ਕੁਝ ਬੰਦਿਆਂ/ਜ਼ਨਾਨੀਆਂ ਨੇ ਮੂੰਹ ਵਿੱਚੋਂ ਬੋਲ ਕੱਢਣੇ ਸ਼ੁਰੂ ਕੀਤੇ, ਇੰਝ, ਬੋਲੀ (ਭਾਸ਼ਾ) ਵਿਗਾਸ ਦੇ ਰਾਹ ਤੁਰ ਪਈ… ਫੇਰ, ਆਪਸੀ ਮੇਲ -ਮਿਲਾਪ ਦੇ ਸਬੱਬ ਬਣਨ ਲੱਗੇ ਤੇ ਇਕ-ਦੂਜੇ ਨਾਲ ਕੰਮ ਪੈਣ ਲੱਗੇ, ਇੰਝ… ਮਨੁੱਖੀ ਜੁੱਟ, ‘ਸਮਾਜ’ ਬਣਨ ਦੀ ਪ੍ਰਕਿਰਿਆ ਵਿਚ ਦਾਖ਼ਲ ਹੋਏ, ਏਸ ਮਗਰੋਂ, ਚੋਰੀ/ਧੋਖਾ/ਮੱਕਾਰੀ ਤੇ ਹੋਰ ਦੁਰ-ਗੁਣ ਪੈਦਾ ਹੋਏ. ਬੇ ਇਨਸਾਫੀ ਤੇ ਲੁੱਟ ਖੋਹ ਵੀ।

ਏਸ ਪਿੱਛੋਂ ਬੇ ਚੈਨ ਲੋਕਾਈ ਦੇ ਮਨਾਂ ਅੰਦਰ ਇਨਸਾਫ਼ ਪ੍ਰਾਪਤੀ ਦੀ ਤਾਂਘ ਜੰਮਣੀ ਸ਼ੁਰੂ ਹੋ ਗਈ. ਏਥੋਂ ਹੀ ਏਸ ਰੀਝ ਨੇ ਜਨਮ ਲਿਆ ਕਿ ਏਸ ਸਮਾਜ, ਇਸ ਦੀਆਂ ਮੰਡੀਆਂ (ਬਜ਼ਾਰ) ਤੇ ਸਿਆਸਤ ਦੇ ਢਾਂਚੇ ਨੂੰ ਸਹੀ ਲੀਹਾਂ ਉੱਤੇ ਪਾ ਕੇ, ਏਸੇ ਧਰਤੀ ਨੂੰ ਸਵਰਗ ਬਣਾਏ ਜਾਣ ਦੀ ਲੋੜ ਹੈ।

ਅਜਿਹੀ ਲਹਿਰ ਦੇ ਨਾਇਕ ਦੇ ਦੁਸ਼ਮਣ ਬਹੁਤੇ ਬਣੇ ਤੇ ਸਾਥੀ ਥੋੜ੍ਹੇ।ਲਹਿਰ ਦਾ ਆਗੂ ਮੋਇਆ ਤਾਂ ਸਾਥੀਆਂ ਨੇ ਮਰਿਆ ਆਗੂ ਵੇਚਣਾ ਸ਼ੁਰੂ ਕਰ ਦਿੱਤਾ.. ਫੇਰ ਕਥਾਵਾਚਕ ਆ ਗਏ, ਉਨ੍ਹਾਂ ਨੇ ‘ਸਵਰਗ’ ਦਾ ਸਬੰਧ ਮੌਤ ਮਗਰਲੀ ਹਾਲਤ ਨਾਲ ਜੋੜ ਦਿੱਤਾ. ਇਸ ਤਰ੍ਹਾਂ ਗੱਲ ਭਟਕ ਗਈ ਕਿਉਂ ਜੋ ਬਾਗ਼ੀ ਆਗੂ ਤਾਂ ਸਵਰਗ ਯਾਂ ਜੰਨਤ ਤਾਂ ਏਸ ਦਿਸਦੀ ਦੁਨੀਆਂ ਨੂੰ ਬਣਾਉਣ ਤੁਰੇ ਸਨ… ਪਰ..

ਪੁਜਾਰੀਆਂ ਨੇ “ਮੌਤ ਮਗਰਲੇ ਸਵਰਗ” ਦੀ ਫਰੇਬੀ ਕਹਾਣੀ ਘੜ੍ਹ ਲਈ। ਓਹ ਸਵਰਗ ਜਿਹੜਾ ਜ਼ਮੀਨ ਉੱਤੇ ਵਸਾਉਣਾ ਸੀ, ਵਿਵਸਥਾ ਬਦਲ ਕੇ ਨਵਾਂ ਨਿਜ਼ਾਮ ਲਿਆਉਣਾ ਸੀ, ਉਸਨੂੰ ਮੌਤ ਮਗਰਲੇ ਸਵਰਗ ਦੇ ਮਹਾਂ ਝੂਠ ਨੇ ਭਟਕਾਅ ਦਿੱਤਾ।

ਸਵਰਗ ਜੇ ਮੌਤ ਮਗਰੋਂ ਮਿਲਣਾ ਹੈ ਤਾਂ ਆਲਸੀ ਲੋਕ ਏਸ ਦਿਸਦੇ ਜਹਾਨ ਨੂੰ ਸਵਾਰਣ ਦਾ ਕਸ਼ਟ ਕਿਉਂ ਕਰਨਗੇ?

ਯਾਦਵਿੰਦਰ
ਸੰਪਰਕ : ਸਰੂਪ ਨਗਰ। ਰਾਓਵਾਲੀ।

9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੰਘ ਸਿੱਧੂ ਦੇ ਥਾਪੜੇ ਉਪਰੰਤ ਜੁਗਰਾਜਪਾਲ ਸਿੰਘ ਸਾਹੀ ਹਲਕਾ ਸੁਲਤਾਨਪੁਰ ਲੋਧੀ ਵਿੱਚ ਉਤਰੇ ਕਾਂਗਰਸ ਦੀ ਮਜ਼ਬੂਤੀ ਲਈ
Next articleਬਾਬਾ ਵਿਸ਼ਵਕਰਮਾ