ਮੁਆਵਜ਼ੇ ਦੇ ਮੁੱਦੇ ’ਤੇ ਕਿਸਾਨਾਂ ਤੇ ਮੁਲਾਜ਼ਮਾਂ ’ਚ ਟਕਰਾਅ

ਲੰਬੀ, (ਸਮਾਜ ਵੀਕਲੀ): ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਜ਼ੇ ਦੇ ਮੁਆਵਜ਼ੇ ਲਈ ਲੰਬੀ ਦੀ ਸਬ-ਤਹਿਸੀਲ ਦਾ ਘਿਰਾਓ ਕਰਕੇ ਬੈਠੇ 150 ਦੇ ਕਰੀਬ ਕਿਸਾਨਾਂ ’ਤੇ ਬੀਤੀ ਰਾਤ ਸਾਢੇ 11 ਵਜੇ ਕਰੀਬ ਪੁਲੀਸ ਨੇ ਲਾਠੀਚਾਰਜ ਕਰਕੇ ਦਫ਼ਤਰ ਅੰਦਰ ਕਰੀਬ ਅੱਠ ਘੰਟੇ ਤੱਕ ਬੰਦ ਕੀਤੇ ਗਏ ਨਾਇਬ ਤਹਿਸੀਲਦਾਰ ਅਤੇ ਹੋਰ ਅਮਲੇ ਨੂੰ ਛੁਡਵਾਇਆ। ਇਸ ਲਾਠੀਚਾਰਜ ’ਚ ਛੇ ਕਿਸਾਨ ਤੇ ਇੱਕ ਖੇਤ ਮਜ਼ਦੂਰ ਆਗੂ ਗੰਭੀਰ ਜ਼ਖ਼ਮੀ ਹੋੲੇ ਹਨ। ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਸਣੇ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਵੱਜੀਆਂ ਹਨ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਅੱਜ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਸਬ-ਤਹਿਸੀਲ ਦਫਤਰ ਅੱਗੇ ਮਲੋਟ-ਡੱਬਵਾਲੀ ਕੌਮੀ ਮਾਰਗ ਜਾਮ ਕਰ ਦਿੱਤਾ।

ਲੰਬੀ ਪੁਲੀਸ ਨੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਨੌਂ ਕਿਸਾਨ ਆਗੂਆਂ ਨੂੰ ਨਾਮਜ਼ਦ ਕਰਕੇ ਦਸ ਜਣਿਆਂ ਤੇ 100 ਦੇ ਕਰੀਬ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੰਘੀ ਦੁਪਹਿਰ ਕਿਸਾਨਾਂ ਨੇ ਦਫ਼ਤਰ ਘੇਰ ਕੇ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀਆਂ, ਤਿੰਨ ਕਲਰਕਾਂ, ਦੋ ਅਪਰੇਟਰਾਂ ਅਤੇ ਡਰਾਈਵਰ ਸਮੇਤ 10 ਜਣਿਆਂ ਨੂੰ ਦਫ਼ਤਰ ’ਚ ਬੰਦ ਕਰ ਦਿੱਤਾ ਸੀ। ਲਾਠੀਚਾਰਜ ’ਚ ਜ਼ਖ਼ਮੀ ਕਿਸਾਨ ਆਗੂ ਜਗਦੀਪ ਸਿੰਘ ਖੁੱਡੀਆਂ ਨੇ ਦੋਸ਼ ਲਾਇਆ ਕਿ ਜ਼ਿਆਦਾਤਰ ਪੁਲੀਸ ਮੁਲਾਜ਼ਮ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਸਨ ਅਤੇ ਉਨ੍ਹਾਂ ਹਲਕੀ ਤਾਕਤ ਦੀ ਵਰਤੋਂ ਕਰਨ ਦੀ ਥਾਂ ਇੱਕ-ਇੱਕ ਕਿਸਾਨ ’ਤੇ ਕਈ-ਕਈ ਮੁਲਾਜ਼ਮਾਂ ਨੇ ਡਾਂਗਾਂ ਵਰ੍ਹਾਈਆਂ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੁੰਨਣ ਖੁਰਦ ਦਾ ਸਿਰ ਕੰਧ ਨਾਲ ਮਾਰਿਆ ਗਿਆ ਹੈ।

ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਸਾਨਾਂ ਨੇ ਪ੍ਰਸ਼ਾਸਨ ਤੇ ਪੁਲੀਸ ਦੀ ਕਾਰਵਾਈ ਨੂੰ ਸਰਕਾਰੀ ਬੁਰਛਾਗਰਦੀ ਦੱਸਿਆ ਹੈ। ਇਸ ਤੋਂ ਪਹਿਲਾਂ ਐੱਸਡੀਐੱਮ ਪ੍ਰਮੋਦ ਕੁਮਾਰ, ਤਹਿਸੀਲਦਾਰ ਜਸਪਾਲ ਬਰਾੜ ਕਿਸਾਨਾਂ ਨਾਲ ਮੁਆਵਜ਼ੇ ਦੇ ਕੇਸ ਲਈ ਹਲਫ਼ੀਆ ਬਿਆਨ ਆਦਿ ਦੇਣ ਦੀ ਗੱਲਬਾਤ ਕਰਦੇ ਰਹੇ ਪਰ ਗੱਲ ਸਿਰੇ ਨਹੀਂ ਚੜ੍ਹੀ। ਡੀਐੱਸਪੀ ਜਸਪਾਲ ਸਿੰਘ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਆਖਿਆ ਕਿ ਐੱਸਡੀਐੱਮ ਦੀ ਮੌਜੂਦਗੀ ’ਚ ਪੁਲੀਸ ਨੇ ਕਿਸਾਨਾਂ ਵੱਲੋਂ ਦਫ਼ਤਰ ਅੰਦਰ ਬੰਦ ਕੀਤੇ ਨਾਇਬ ਤਹਿਸੀਲਦਾਰ ਤੇ ਅਮਲੇ ਨੂੰ ਬਾਹਰ ਕੱਢਿਆ ਗਿਆ ਸੀ। ਲੰਬੀ ਪੁਲੀਸ ਨੇ ਗੁਰਪਾਸ਼ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ, ਹਰਪਾਲ ਸਿੰਘ ਕਿੱਲਿਆਂਵਾਲੀ, ਜਗਦੀਪ ਸਿੰਘ ਖੁੱਡੀਆਂ, ਦਵਿੰਦਰ ਸਿੰਘ ਮਾਨ, ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਗੱਗੜ, ਕਾਲਾ ਸਿੰਘ ਖੁੰਨਣ ਖੁਰਦ, ਮਨਜਿੰਦਰ ਸਿੰਘ ਸਰਾਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦੂਜੇ ਪਾਸੇ ਇਸ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ ਤੇ ਔਰਤਾਂ ਨੇ ਸਬ-ਤਹਿਸੀਲ ਦਫਤਰ ਮੂਹਰੇ ਮਲੋਟ-ਡੱਬਵਾਲੀ ਕੌਮੀ ਮਾਰਗ ਪੰਜ ਘੰਟੇ ਤੱਕ ਬੰਦ ਕਰੀ ਰੱਖਿਆ। ਕਿਸਾਨ ਆਗੂਆਂ ਨੇ ਪਟਵਾਰੀਆਂ ਵੱਲੋਂ ਉਨ੍ਹਾਂ ਨੂੰ ਬੰਦੀ ਬਣਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਿਕ ਸਿਰਫ਼ ਨਾਇਬ ਤਹਿਸੀਲਦਾਰ ਦਾ ਹੀ ਘਿਰਾਓ ਕੀਤਾ ਗਿਆ ਸੀ ਅਤੇ ਬਾਕੀ ਮੁਲਾਜ਼ਮਾਂ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਖੁਦ ਜਾਣ ਤੋਂ ਨਾਂਹ ਕਰ ਦਿੱਤੀ ਸੀ। ਐੱਸਪੀ (ਡੀ) ਸਮੇਤ ਹੋਰ ਅਧਿਕਾਰੀਆਂ ਨੇ ਇਨਸਾਫ ਦਾ ਭਰੋਸਾ ਦਿੱਤਾ ਤੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ। ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ 30 ਮਾਰਚ ਤੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਅੱਗੇ ਲਗਾਤਾਰ ਧਰਨਾ ਦਿੱਤਾ ਜਾਵੇਗਾ।

ਕਿਸਾਨ ਸੰਘਰਸ਼ ਅਤੇ ਲਾਠੀਚਾਰਜ ਦੀ ਸੂਚਨਾ ਨਹੀਂ ਸੀ: ਖੁੱਡੀਆਂ

ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹੱਕਾਂ ਲਈ ਸੰਘਰਸ਼ ’ਤੇ ਬੈਠੇ ਕਿਸਾਨਾਂ ’ਤੇ ਲਾਠੀਚਾਰਜ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਨੂੰ ਕਿਸਾਨਾਂ ਦੇ ਧਰਨੇ ਅਤੇ ਰਾਤ ਦੇ ਲਾਠੀਚਾਰਜ ਦੀ ਅੱਜ ਸਵੇਰ ਤੱਕ ਕੋਈ ਸੂਚਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਪਹਿਲਾਂ ਮਾਮਲਾ ਆਉਂਦਾ ਤਾਂ ਨਾ ਕਿਸਾਨਾਂ ਨੂੰ ਧਰਨੇ ’ਤੇ ਬੈਠਣਾ ਪੈਂਦਾ ਅਤੇ ਨਾ ਹੀ ਲਾਠੀਚਾਰਜ ਦੇ ਹਾਲਾਤ ਪੈਦਾ ਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦੀ ਗਲਤ ਮੁਆਵਜ਼ਾ ਨੀਤੀਆਂ ਕਾਰਨ ਕਿਸਾਨਾਂ ਨੂੰ ਮੁਆਵਜ਼ੇ ਲਈ ਭਟਕਣਾ ਪੈਂਦਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਜ਼ਮ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ
Next articleਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ