ਕਪੂਰਥਲਾ (ਕੌੜਾ )– ਡਾ. ਭੀਮ ਰਾਓ ਅੰਬੇਡਕਰ ਟਿਊਸ਼ਨ ਸੈਂਟਰ ਪਿੰਡ ਭਾਗੋਰਾਈਆਂ ਸੁਲਤਾਨਪੁਰ ਲੋਧੀ ਅਤੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ.ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਾਂਝੇ ਤੌਰ ਤੇ ਦੇਸ਼ ਵਿੱਚ ਮਹਿਲਾਵਾਂ ਅਤੇ ਅਛੂਤ ਲੋਕਾਂ ਲਈ ਸਿੱਖਿਆ ਦੇ ਦਰਵਾਜੇ ਖੋਲ੍ਹਣ ਵਾਲੀ ਮਹਾਨ ਸਮਾਜ ਸੁਧਾਰਕ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਾਵਿਤਰੀ ਬਾਈ ਫੂਲੇ ਜੀ ਦੇ 191ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਪਿੰਡ ਭਾਗੋਰਾਈਆਂ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ, ਐਸਐਸਈ ਪੂਰਨ ਚੰਦ ਬੋਧ, ਟਿਊਸ਼ਨ ਸੈੰਟਰ ਦੇ ਸੰਚਾਲਕ ਮਨਪ੍ਰੀਤ ਸਿੰਘ ਮੋਨੂੰ ਅਤੇ ਸਮਾਜ ਸੇਵਿਕਾ ਬੀਬੀ ਨਿਰਮਲ ਕੌਰ ਆਦਿ ਨੇ ਸਾਂਝੇ ਤੌਰ ਤੇ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਬੇਟੀ ਸੁਨੀਤਾ ਨੇ ਨਿਭਾਉਂਦੇ ਹੋਏ ਦੱਸਿਆ ਕਿ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇਸ਼ ਦੀ ਮਹਾਨ ਨਾਇਕਾ ਹੋਈ ਹੈ ਜਿਸ ਨੇ ਅੱਜ ਤੋਂ 200 ਸਾਲ ਪਹਿਲਾਂ ਭਾਰਤੀ ਮਹਿਲਾਵਾਂ ਅੰਦਰ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਕ੍ਰਾਂਤੀਕਾਰੀ ਅਗਵਾਈ ਕੀਤੀ। ਇਸ ਸ਼ੁੱਭ ਮੌਕੇ ਤੇ ਡਾ. ਬੀ.ਆਰ.ਅੰਬੇਦਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਚਿੰਤਕ ਨਿਰਵੈਰ ਸਿੰਘ ਅਤੇ ਪੂਰਨ ਚੰਦ ਬੋਧ ਨੇ ਸਾਂਝੇ ਤੌਰ ’ਤੇ ਮਾਤਾ ਸਾਵਿਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਮਾਤਾ ਜੀ ਨੇ ਉਸ ਸਮੇੰ ਦਲਿਤਾਂ, ਪੱਛੜਿਆਂ ਤੇ ਔਰਤਾਂ ਲਈ ਸੰਘਰਸ਼ ਕੀਤਾ ਜਦੋ ਮਹਿਲਾਵਾਂ ਨੂੰ ਘਰ ਦੀ ਚਾਰ ਦੀਵਾਰੀ ਅਤੇ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਕੀਤਾ ਹੋਇਆ ਸੀ। ਮਰਦ ਪ੍ਰਧਾਨ ਸਮਾਜ ਦਾ ਬੋਲਬਾਲਾ ਸੀ ਅਤੇ ਜਗ ਜਨਨੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ। ਮਾਤਾ ਜੀ ਨੇ ਕਿਹਾ ਸੀ ਕਿ ਅਗਿਆਨਤਾ ਹੀ ਸਾਰੇ ਦੁੱਖਾਂ ਦਾ ਕਾਰਣ ਹੈ, ਅਗਿਆਨਤਾ ਨੂੰ ਸਿੱਖਿਆ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਜਿਸ ਕਰਕੇ ਉਨ੍ਹਾਂ ਨੇ ਸੰਦੇਸ਼ ਦਿੱਤਾ ਸੀ ਸਿੱਖਿਆ ਲਉ ਅਤੇ ਸਿੱਖਿਆ ਦਿਉ। ਬੇਸ਼ੱਕ ਰੂੜ੍ਹੀਵਾਦੀ ਲੋਕਾਂ ਵੱਲੋਂ ਮਾਤਾ ਜੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਉਹ ਲੱਖ ਮੁਸੀਬਤਾਂ ਝੱਲਦੇ ਹੋਏ ਆਪਣੇ ਮਿਸ਼ਨ ਤੇ ਅਡੋਲ ਰਹੀ। ਜਦੋਂ ਉਹ ਸਕੂਲ ਪੜ੍ਹਾਉਣ ਜਾਂਦੀ ਸੀ ਤਾਂ ਰਸਤੇ ਵਿੱਚ ਉਸ ‘ਤੇ ਗਾਰਾ ਅਤੇ ਗੋਹਾ ਸੁੱਟਿਆ ਜਾਂਦਾ ਸੀ। ਮਾਤਾ ਜੀ ਨੇ ਲੜਕੀਆਂ ਦੇ ਬਚਪਨ ‘ਚ ਕੀਤੇ ਜਾਂਦੇ ਵਿਆਹ ਅਤੇ ਸਤੀ ਪ੍ਰਥਾ ਦਾ ਡੱਟ ਕੇ ਵਿਰੋਧ ਕੀਤਾ ਸੀ। ਆਪਣੇ ਜੀਵਨ ਕਾਲ ਵਿੱਚ ਵਿਧਵਾਵਾਂ ਅਤੇ ਬੇਸਹਾਰਾ ਲੋਕਾਂ ਲਈ ਆਸ਼ਰਮ ਅਤੇ 18 ਸਕੂਲ ਖੋਲ੍ਹੇ । ਸਾਰੇ ਬੁਲਾਰਿਆਂ ਨੇ ਇਕ ਸੁਰ ਵਿੱਚ ਕਿਹਾ ਕਿ ਮਾਤਾ ਜੀ ਨੇ ਜਿਹੜੀ ਸਿੱਖਿਆ ਦੀ ਮਿਸਾਲ ਜਲਾਈ ਸੀ ਉਸ ਨੂੰ ਅਜੌਕੇ ਸਮੇਂ ਅੰਦਰ ਵੀ ਜਲਾਉਣ ਦੀ ਜਰੂਰਤ ਹੈ। ਮਾਤਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਰੂੜੀਵਾਦੀ ਪ੍ਰੰਪਰਾਵਾਂ, ਕਰਮ ਕਾਂਡ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ।
ਇਸ ਮੌਕੇ ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੜਕੀਆਂ ਨੇ ਬਾਜੀ ਮਾਰੀ। ਸੁਸਾਇਟੀ ਵਲੋਂ ਇਨਾਮ ਵਿੱਚ ਪੰਜ ਪੰਜ ਕਾਪੀਆਂ ਦਾ ਸੈੱਟ, ਪੈੱਨ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਸੰਬੰਧੀ ਕਿਤਾਬਾਂ ਦਿੱਤੀਆਂ ਗਈਆਂ। ਸਮਾਗਮ ਨੂੰ ਸਫਲ ਬਣਾਉਣ ਲਈ ਟਿਊਟਰ ਸੁਮਨਦੀਪ ਕੌਰ, ਹਰਪ੍ਰੀਤ ਕੌਰ, ਕਵਿਤਾ ਰਾਣੀ, ਨਿਰਮਲ ਸਿੰਘ , ਮੈਂਬਰ ਪੰਚਾਇਤ ਬਲਜਿੰਦਰ ਕੌਰ, ਜੋਗਿੰਦਰ ਸਿੰਘ ਅਤੇ ਸੰਜੀਵ ਕੁਮਾਰ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly