ਨਵੀ ਦਿੱਲੀ (ਸਮਾਜ ਵੀਕਲੀ):ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਨਾਂ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ’ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਆਪਣਾ ‘ਬਹਾਦਰ ਸਪੂਤ’ ਗੁਆ ਲਿਆ ਹੈ। ਰਾਸ਼ਟਰਪਤੀ ਨੇ ਆਪਣੇ ਟਵੀਟ ਵਿੱਚ ਅਫਸੋਸ ਜ਼ਾਹਰ ਕਰਦਿਆਂ ਕਿਹਾ, ‘‘ਮੈਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਜੀ ਦੀ ਬੇਵਕਤੀ ਮੌਤ ਨੂੰ ਲੈ ਕੇ ਸਦਮੇ ਵਿੱਚ ਹਾਂ। ਦੇਸ਼ ਨੇ ਆਪਣੇ ਬਹਾਦਰ ਸਪੂਤ ਨੂੰ ਗੁਆ ਲਿਆ ਹੈ। ਧਰਤੀ ਮਾਂ ਪ੍ਰਤੀ ਚਾਰ ਦਹਾਕਿਆਂ ਦੀ ਨਿਰਸਵਾਰਥ ਸੇਵਾ ਉਨ੍ਹਾਂ ਦੀ ਲਾਮਿਸਾਲ ਦਲੇਰੀ ਤੇ ਬਹਾਦਰੀ ਨਾਲ ਲੈਸ ਸੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ।’’ ਰਾਸ਼ਟਰਪਤੀ ਨੇ ਕਿਹਾ, ‘‘ਹੈਲੀਕਾਪਟਰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹੋਰਨਾਂ ਲੋਕਾਂ ਦੀ ਸੂਚਨਾ ਉਨ੍ਹਾਂ ਲਈ ਕਾਫ਼ੀ ਦੁਖਦ ਹੈ। ਆਪਣਾ ਫ਼ਰਜ਼ ਨਿਭਾਉਂਦਿਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਵਿੱਚ ਮੈਂ ਨਾਗਰਿਕਾਂ ਦੇ ਨਾਲ ਸ਼ਾਮਲ ਹਾਂ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਡੀਐੱਸ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਸਿਰਮੌਰ ਸਿਪਾਹੀ ਤੇ ਸੱਚੇ ਦੇਸ਼ ਭਗਤ ਸਨ, ਜਿਨ੍ਹਾਂ ਭਾਰਤ ਦੇ ਹਥਿਆਰਬੰਦ ਬਲਾਂ ਤੇ ਸੁਰੱਖਿਆ ਚੌਖਟੇ/ਸੰਦ ਨੂੰ ਅਜੋਕੇ ਯੁੱਗ ਦੇ ਹਾਣ ਦਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਸ੍ਰੀ ਮੋਦੀ ਨੇ ਕਿਹਾ ਕਿ ਜਨਰਲ ਰਾਵਤ ਦੇ ਅਕਾਲ ਚਲਾਣੇ ਦਾ ਉਨ੍ਹਾਂ ਨੂੰ ਵੱਡਾ ਦੁਖ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਉਹ ਹੈਲੀਕਾਪਟਰ ਹਾਦਸੇ, ਜਿਸ ਵਿੱਚ ਰਾਵਤ, ਉਨ੍ਹਾਂ ਦੀ ਪਤਨੀ ਤੇ ਹਥਿਆਰਬੰਦ ਬਲਾਂ ਦੇ ਹੋਰ ਅਮਲੇ ਦੀ ਜਾਨ ਜਾਂਦੀ ਰਹੀ ਹੈ, ਕਰਕੇ ਡੂੰਘੀ ਪੀੜ ਵਿੱਚ ਹਨ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਪੂਰੀ ਮੁਸ਼ੱਕਤ ਨਾਲ ਦੇਸ਼ ਦੀ ਸੇਵਾ ਕੀਤੀ ਤੇ ਉਹ ਪੀੜਤ ਪਰਿਵਾਰਾਂ ਦੇ ਦੁਖ ਵਿੱਚ ਸ਼ਾਮਲ ਹਨ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਭਾਰਤ ਦੇ ਪਹਿਲੇ ਸੀਡੀਐੱਸ ਵਜੋਂ ਜਨਰਲ ਰਾਵਤ ਨੇ ਰੱਖਿਆ ਸੁਧਾਰਾਂ ਸਮੇਤ ਸਾਡੇ ਹਥਿਆਰਬੰਦ ਬਲਾਂ ਨਾਲ ਜੁੜੇ ਵੱਖ ਵੱਖ ਪਹਿਲੂਆਂ ’ਤੇ ਕੰਮ ਕੀਤਾ। ਉਹ ਆਪਣੇ ਨਾਲ ਥਲ ਸੈਨਾ ਦਾ ਵੱਡਾ ਤਜਰਬਾ ਲੈ ਕੇ ਆਏ ਸਨ। ਭਾਰਤ ਉਨ੍ਹਾਂ ਦੀਆਂ ਅਸਾਧਾਰਨ ਸੇਵਾਵਾਂ ਨੂੰ ਨਹੀਂ ਭੁੱਲੇਗਾ।’’
ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦੀ ਮੌਤ ’ਤੇ ਡੂੰਘਾ ਦੁਖ਼ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਹਥਿਆਰਬੰਦ ਬਲਾਂ ਤੇ ਦੇਸ਼ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸਿੰਘ ਨੇ ਕਿਹਾ ਕਿ ਜਨਰਲ ਰਾਵਤ ਨੇ ਆਪਣੀ ਬੇਮਿਸਾਲ ਦਲੇਰੀ ਤੇ ਉੱਦਮ ਨਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਉਹ ਹਾਦਸੇ ਵਿੱਚ ਆਪਣੇ ਜੀਅ ਗੁਆਉਣ ਵਾਲੇ ਪੀੜਤ ਪਰਿਵਾਰਾਂ ਦੇ ਇਸ ਦੁਖ ਵਿੱਚ ਸ਼ਾਮਲ ਹਨ। ਸਿੰਘ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ, ਜੋ ਇਸ ਵੇਲੇ ਵੈਲਿੰਗਟਨ ਦੇ ਮਿਲਟਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ, ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly