ਪਿੰਡ ਲੰਡੇ ਤੋਂ ਉਦੇ ਹੋਇਆ ਚੰਦ, ਕੈਨੇਡਾ ਜਾ ਕੇ ਅਸਤ ਹੋ ਗਿਆ
[ਭਲੂਰ ਤੋਂ ਬੇਅੰਤ ਗਿੱਲ] ਮੋਗਾ (ਸਮਾਜ ਵੀਕਲੀ): ਪਿੰਡ ਲੰਡੇ ਦੇ ਜੰਮਪਲ ਕਾਮਰੇਡ ਸੁਦਾਗਰ ਸਿੰਘ ਬਰਾੜ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਇਸ ਸਮੇਂ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿਖੇ ਰਹਿ ਰਹੇ ਸਨ। ਉਹ ਟਰੇਡ ਯੂਨੀਅਨ ਅਤੇ ਸੀਪੀਆਈ (ਢਿੱਲੋਂ ਗਰੁੱਪ) ਦੇ ਆਗੂਆਂ ਵਿੱਚੋਂ ਇਕ ਸਨ। ਸਾਹਿਤ ਜਗਤ ਵਿੱਚ ਵੀ ਉਨ੍ਹਾਂ ਦਾ ਨਾਂਅ ਅਹਿਮ ਕਤਾਰਾਂ ਵਿਚ ਆਉਂਦਾ ਹੈ। ਬਤੌਰ ਅਧਿਆਪਕ ਉਨ੍ਹਾਂ ਲੰਬਾ ਸਮਾਂ ਨੌਕਰੀ ਵੀ ਕੀਤੀ। ਉਨ੍ਹਾਂ ਦੇ ਤੁਰ ਜਾਣ ਨਾਲ ਪਤਨੀ ਸਰਦਾਰਨੀ ਗੁਰਚਰਨ ਕੌਰ ਬਰਾੜ, ਬੇਟਾ ਮਨਜੀਤ ਸਿੰਘ ਬਰਾੜ, ਬੇਟੀ ਨਿਰਮਲਜੀਤ ਕੌਰ ਧਾਲੀਵਾਲ, ਨੂੰਹ ਰਾਣੀ, ਦੋਹਤੇ-ਦੋਹਤੀਆਂ, ਪੋਤੇ ਅਤੇ ਸਮੁੱਚੇ ਬਰਾੜ ਪਰਿਵਾਰ ਨੂੰ ਵੱਡਾ ਅਸਹਿ ਦੁੱਖ ਪੁੱਜਾ ਹੈ। ਓਥੇ ਹੀ ਪਾਰਟੀ ਅਤੇ ਸਾਹਿਤਕ ਹਲਕਿਆਂ ਵਿੱਚ ਵੀ ਅਫਸੋਸ ਦੀ ਲਹਿਰ ਹੈ।
ਸੁਦਾਗਰ ਬਰਾੜ ਲੰਡੇ ਆਪਣੇ ਪਿੰਡ ਨਾਲ ਜੁੜੀ ਉਹ ਨਾਮਵਰ ਸਖਸ਼ੀਅਤ ਸਨ, ਜਿਨ੍ਹਾਂ ਨੇ ਲਗਾਤਾਰ ਪਿੰਡ ਦੀ ਬਿਹਤਰੀ ਲਈ ਖੂਬਸੂਰਤ ਕਾਰਜ ਕੀਤੇ। ਪਿੰਡ ਦੇ ਸਕੂਲ ਨੂੰ ਉੱਚਾ ਚੁੱਕਣ ਵਿੱਚ ਉਨ੍ਹਾਂ ਦਾ ਮੋਹਰੀ ਰੋਲ ਰਿਹਾ ਹੈ। ਪਿੰਡ ਦੇ ਨੌਜਵਾਨਾਂ ਨੂੰ ਪੜ੍ਹੇ ਲਿਖੇ ਵੇਖਣ ਦੇ ਚਾਹਵਾਨ ਸੁਦਾਗਰ ਬਰਾੜ ਲੰਡੇ ਨੇ ਜਿੱਥੇ ਅਧਿਆਪਕ ਹੁੰਦਿਆ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਉੱਥੇ ਹੀ ਉਨ੍ਹਾਂ ਆਪਣੇ ਵੱਲੋਂ ਲਿਖੀਆਂ ਤਿੰਨ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਪਿੰਡ ਦੇ ਨਾਮਵਰ ਸਾਹਿਤਕਾਰ ਜਸਕਰਨ ਲੰਡੇ ਅਤੇ ਨਾਮਵਰ ਕਵਿੱਤਰੀ ਜੱਗੀ ਬਰਾੜ ਸਮਾਲਸਰ ਦਾ ਕਹਿਣਾ ਹੈ ਕਿ ਬਾਪੂ ਸੁਦਾਗਰ ਸਿੰਘ ਬਰਾੜ ਇਕ ਨੇਕ ਦਿਲ ਤੇ ਮਿਲਾਪੜੇ ਸੁਭਾਅ ਵਾਲੀ ਮੋਗਾ ਜਿਲ੍ਹੇ ਦੀ ਉਹ ਵਿਲੱਖਣ ਸਖਸ਼ੀਅਤ ਸਨ, ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੱਕ ਆਪਣੇ ਇਲਾਕੇ ਦਾ ਨਾਮ ਉੱਚਾ ਕੀਤਾ। ਉਹ ਕੈਨੇਡਾ ਦੀਆਂ ਸਾਹਿਤਕ ਸਭਾਵਾਂ ਵਿੱਚ ਵੀ ਵਧੀਆ ਲੇਖਕ ਵਜੋਂ ਵਿਚਰਦੇ ਰਹੇ। ਉਨ੍ਹਾਂ ਨੇ ਆਪਣੇ ਸ਼ਬਦਾਂ ਦੀ ਬਦੌਲਤ ਪਿੰਡ ਲੰਡੇ ਦਾ ਨਾਂਅ ਉੱਚਾ ਕੀਤਾ ਅਤੇ ਪਿੰਡ ਦੇ ਇਤਿਹਾਸ ਨੂੰ ਕਿਤਾਬੀ ਰੂਪ ‘ਚ ਸੰਭਾਲ ਕੇ ਅਹਿਮ ਕਾਰਜ ਨਿਭਾਇਆ।
ਲੇਖਿਕਾ ਜੱਗੀ ਬਰਾੜ ਸਮਾਲਸਰ ਲਿਖਦੀ ਹੈ ਕਿ ਬਾਪੂ ਸੁਦਾਗਰ ਸਿੰਘ ਬਰਾੜ ਨੇ ਹਮੇਸ਼ਾ ਇਕ ਸਾਦਾ ਜੀਵਨ ਜਿਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਆਪਣੇ ਵਿਆਹ ਦੌਰਾਨ ਨਾਮਾਤਰ ਜਿਹੀ ਬਰਾਤ ਦਾ ਸਾਥ ਲਿਆ ਅਤੇ ਬਿਨਾ ਦਹੇਜ ਦੇ ਜੀਵਨ ਸਾਥੀ ਨੂੰ ਆਪਣੇ ਘਰ ਲਿਆਏ। ਅਜਿਹਾ ਮਿਸਾਲੀ ਵਿਆਹ ਪਿੰਡ ਲੰਡੇ ਦਾ ਪਹਿਲਾ ਵਿਆਹ ਸੀ। ਉਨ੍ਹਾਂ ਦੀਆਂ ਅਜਿਹੀਆਂ ਸੋਚਾਂ ਨੇ ਪਿੰਡ ਦੇ ਲੋਕਾਂ ਉੱਪਰ ਬਹੁਤ ਸੋਹਣਾ ਪ੍ਰਭਾਵ ਛੱਡਿਆ। ਅੱਜ ਪਿੰਡ ਅੰਦਰ ਵੱਡੀ ਗਿਣਤੀ ‘ਚ ਲੇਖਕਾਂ ਤੇ ਪਾਠਕਾਂ ਦਾ ਬੋਲਬਾਲਾ ਹੈ। ਬਰਾੜ ਵਰਗੇ ਸ਼ਾਨਦਾਰ ਲੋਕਾਂ ਦੀ ਹਿੰਮਤ ਹੀ ਫੁੱਲਾਂ ਦੇ ਬੀਜ ਬੀਜਦੀ ਹੈ, ਜਿਹੜੇ ਫੁੱਲ ਚਾਰ ਚੁਫੇਰਾ ਮਹਿਕਾਈ ਰੱਖਦੇ ਹਨ। ਨੌਜਵਾਨ ਸਾਹਿਤਕਾਰ ਜਸਕਰਨ ਲੰਡੇ ਨੇ ਕਿਹਾ ਕਿ ਅੱਜ ਸੁਦਾਗਰ ਬਰਾੜ ਲੰਡੇ ਭਾਵੇਂ ਸਰੀਰਕ ਰੂਪ ਵਿੱਚ ਸਾਡੇ ਵਿਚ ਨਹੀਂ ਰਹੇ ਪ੍ਰੰਤੂ ਉਹ ਆਪਣੀਆਂ ਲਿਖਤਾਂ ਦੀ ਬਦੌਲਤ ਹਮੇਸ਼ਾ ਸਾਡੇ ਚੇਤਿਆਂ ‘ਤੇ ਉਕਰੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਨੌਜਵਾਨ ਸਾਹਿਤ ਸਭਾ ਭਲੂਰ ਅਤੇ ਹੋਰ ਵੱਖ ਵੱਖ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly