ਨਵੇਂ ਸਾਲ ਦੀਆਂ ਵਧਾਈਆਂ ਦੇ ਸ਼ਬਦ ਬਦਲੋ-

(ਸਮਾਜ ਵੀਕਲੀ)-ਭਾਰਤਵਰਸ਼ ਵਿਚ ਵੈਸੇ ਤਾਂ ਨਵੇਂ ਸਾਲ ਬਹੁਤ ਹਨ ਪਰ ਆਧੁਨਿਕ ਯੁੱਗ ਵਿੱਚ ਈਸਵੀ ਸੰਨ ਨੂੰ ਪਹਿਲ ਦਿੱਤੀ ਜਾਂਦੀ ਹੈ।ਪੜ੍ਹੇ ਲਿਖੇ ਸਾਰਿਆਂ ਨੂੰ ਇੱਕ ਜਨਵਰੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਨ,ਬਜ਼ੁਰਗ ਲੋਕ ਨਵੇਂ ਸਾਲ ਤੇ ਦੁਆਵਾਂ ਭਰੀਆਂ ਅਸੀਸਾਂ ਦਿੰਦੇ ਹਨ।ਆਪਣੇ ਸਰਕਾਰੀ ਅਦਾਰੇ ਦਾ ਕੰਮ ਵੀ ਈਸਵੀ ਸੰਨ ਦੇ ਉੱਤੇ ਹੀ ਨਿਰਭਰ ਹੈ।ਵੱਡੇ ਘਰਾਂ ਵਿੱਚ ਇਕੱਤੀ ਦਸੰਬਰ ਰਾਤ ਨੂੰ ਵਧੀਆ ਸਮਾਗਮ ਤੇ ਪਾਰਟੀਆਂ ਦਿੱਤੀਆਂ ਜਾਂਦੀਆਂ ਹਨ।ਮੇਰੇ ਖ਼ਿਆਲ ਅਨੁਸਾਰ ਨਵੇਂ ਸਾਲ ਦੀਆਂ ਵਧਾਈਆਂ ਤੇ ਸਮਾਗਮ ਪਾਰਟੀਆਂ ਇੱਕ ਰਿਵਾਜ ਹੀ ਬਣ ਗਿਆ ਹੈ ਇਨ੍ਹਾਂ ਦਾ ਮਨੋਰਥ ਕੋਈ ਖ਼ਾਸ ਨਹੀਂ।ਚਲੋ ਸਮਾਜ ਨਾਲ ਹਰ ਇੱਕ ਨੂੰ ਚੱਲਣਾ ਚਾਹੀਦਾ ਹੈ ਮੈਂ ਵੀ ਸਾਰੇ ਪਾਠਕਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ।ਸਾਡੇ ਕਿਸਾਨ ਸੰਘਰਸ਼ ਨੇ ਕੇਂਦਰ ਸਰਕਾਰ ਦੇ ਧਰਤੀ ਨਾਲ ਗੋਡੇ ਲਗਾ ਦਿੱਤੇ ਹਨ ਤੇ ਸੰਘੀ ਫੜ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਇਆ ਹੈ।ਇਸ ਸਾਲ ਵਧਾਈਆਂ ਦਾ ਰੂਪ ਬਦਲ ਲਓ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।ਜਾਤਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਸਾਡੇ ਦੇਸ਼ ਵਿੱਚ ਬਹੁਤ ਵੱਡਾ ਇਨਕਲਾਬ ਆਇਆ ਹੈ।

ਇਸ ਵਾਰ ਸਾਨੂੰ ਨਵੇਂ ਸਾਲ ਦੀਆਂ ਪਾਰਟੀਆਂ ਨਹੀਂ ਸਾਨੂੰ ਪਰਿਵਾਰਾਂ ਮੁਹੱਲਿਆਂ ਤੇ ਸਾਰੇ ਪਿੰਡ ਦੀਆਂ ਪੰਚਾਇਤਾਂ ਨਗਰ ਪਾਲਿਕਾਵਾਂ ਨੂੰ ਮਿਲ ਕੇ ਇਸ ਵਾਰ ਦਾ ਨਵਾਂ ਸਾਲ ਨਵੇਂ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ।ਕਿਸਾਨ ਸੰਘਰਸ਼ ਸਾਡੇ ਯੋਧਿਆਂ ਨੇ ਕਿਵੇਂ ਜਿੱਤਿਆ ਇਸ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ।ਸਕੂਲਾਂ ਤੇ ਕਾਲਜਾਂ ਵਿੱਚ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਇਸ ਮੋਰਚੇ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ।ਕਿਸ ਤਰ੍ਹਾਂ ਦੁੱਖ ਤਕਲੀਫ਼ਾਂ ਸਹਿ ਕੇ ਸਾਡੇ ਯੋਧਿਆਂ ਨੇ ਇਹ ਯੁੱਧ ਜਿੱਤਿਆ ਹੈ,ਅਤਿ ਸਲਾਹੁਣਯੋਗ ਤਰੀਕਾ ਹੈ ਸਾਡਾ ਇਹ ਇਨਕਲਾਬ ਪੂਰੀ ਦੁਨੀਆਂ ਲਈ ਇਤਿਹਾਸ ਬਣ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਬਹੁਤ ਗੰਭੀਰ ਮਹਾਂਮਾਰੀ ਕੋਰੋਨਾ ਨਾਲ ਸ਼ੁਰੂ ਹੋਈ।

ਸਾਡੀ ਸਰਕਾਰ ਸਾਲਾਂ ਤੋਂ ਹਥਿਆਰ ਤਾਂ ਖ਼ਰੀਦ ਰਹੀ ਹੈ ਸਾਡੇ ਹਸਪਤਾਲਾਂ ਦਾ ਕੀ ਹਾਲ ਹੈ ਸਾਰੀ ਦੁਨੀਆਂ ਜਾਣਦੀ ਹੈ।ਸਾਡੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮਹਾਂਮਾਰੀ ਨੂੰ ਕਾਬੂ ਕਰਨ ਲਈ ਕੋਈ ਸਹੀ ਤਰੀਕਾ ਨਹੀਂ ਲੱਭ ਰਿਹਾ ਸੀ।ਇੱਕ ਨਵਾਂ ਰਾਗ ਅਲਾਪਿਆ ਲਾਕ ਡਾਊਨ ਨਾਲ ਤਕਰੀਬਨ ਸਾਰਾ ਸਾਲ ਲੋਕਾਂ ਨੂੰ ਘਰ ਅੰਦਰ ਬੰਦ ਰਹਿਣਾ ਹੀ ਸਹੀ ਇਲਾਜ ਦੱਸਿਆ,ਇੱਕ ਮੂੰਹ ਤੇ ਛਿਕਲੀ ਹੀ ਲਾਉਣਾ ਕਾਨੂੰਨੀ ਤੌਰ ਤੇ ਕਰਾਰ ਦਿੱਤਾ।ਮਜ਼ਦੂਰੀ ਕਰਨ ਕਰਨ ਵਾਲੇ ਲੋਕ ਭੁੱਖਮਰੀ ਦਾ ਸਾਹਮਣਾ ਕਰਦੇ ਰਹੇ ਪਰ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਬਹੁਤ ਸੋਹਣਾ ਘਰ ਘਰ ਰੋਟੀ ਪਹੁੰਚਾਉਣ ਦਾ ਉਪਰਾਲਾ ਕੀਤਾ।ਕਰੋਨਾ ਦੇ ਪਰਦੇ ਦੇ ਪਿੱਛੇ ਤਿੰਨ ਕਾਲੇ ਖੇਤੀ ਸਬੰਧੀ ਕਾਨੂੰਨ ਪਾਸ ਕੀਤੇ।ਸਰਕਾਰ ਦੀ ਸੋਚ ਸੀ।

ਕਿ ਕਰੋਨਾ ਦਾ ਭੂਤ ਛੱਡਿਆ ਹੋਇਆ ਹੈ ਲੋਕ ਚੁੱਪ ਕਰਕੇ ਬੈਠੇ ਰਹਿਣਗੇ।ਪਰ ਪੰਜਾਬੀਆਂ ਨੂੰ ਨਿੱਤ ਮੁਹਿੰਮਾਂ ਇਨ੍ਹਾਂ ਯੋਧਿਆਂ ਨੇ ਪੰਜਾਬ ਤੋਂ ਧਰਨੇ ਲਗਾਉਣੇ ਸ਼ੁਰੂ ਕੀਤੇ,ਤੇ ਸਰਕਾਰਾਂ ਵੱਲੋਂ ਅਨੇਕਾਂ ਦੁੱਖ ਸਹਿੰਦੇ ਹੋਏ ਜਾ ਕੇ ਦਿੱਲੀ ਨੂੰ ਘੇਰ ਲਿਆ।ਸਬਰ ਤੇ ਸੰਤੋਖ ਨਾਲ ਇਹ ਮੋਰਚਾ ਫਤਿਹ ਹੋਇਆ ਜੋ ਅੰਤਰਰਾਸ਼ਟਰੀ ਪੱਧਰ ਦਾ ਪਹਿਲਾ ਮੋਰਚਾ ਸੀ।ਗੋਦੀ ਮੀਡੀਆ ਤੇ ਸਰਕਾਰ ਨੇ ਧਰਨਾਕਾਰੀਆਂ ਨੂੰ ਮਜਬੂਰ ਕੀਤਾ ਕਿ ਉਹ ਸਰਕਾਰ ਨਾਲ ਕਿਸੇ ਵੀ ਰੂਪ ਵਿਚ ਪੰਗਾ ਲੈਣ ਤੇ ਬਹਾਨਾ ਬਣਾ ਕੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਾਵੇ,ਫੌਜ ਦੀ ਤਾਕਤ ਨਾਲ ਮੋਰਚੇ ਨੂੰ ਖਦੇੜ ਦਿੱਤਾ ਜਾਵੇ ਪਰ ਸਦਕੇ ਜਾਈਏ ਸਾਡੇ ਕਿਸਾਨ ਮਜ਼ਦੂਰ ਨੇਤਾਵਾਂ ਨੇ ਜਿਨ੍ਹਾਂ ਦੇ ਅੰਦਰ ਰਾਜਨੀਤੀ ਦਾ ਪਾਠ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਕਿ ਸ਼ਾਂਤੀ ਤੇ ਮੇਲ ਜੋਲ ਨਾਲ ਹਰ ਮੋਰਚਾ ਫਤਹਿ ਕੀਤਾ ਜਾ ਸਕਦਾ ਹੈ। ਕਿਸਾਨ ਸੰਘਰਸ਼ ਇਕੱਲੇ ਪੰਜਾਬ ਭਾਰਤ ਦਾ ਹੀ ਮਹਾਨ ਮੋਰਚਾ ਨਹੀਂ ਸੀ,ਇਹ ਅੰਤਰਰਾਸ਼ਟਰੀ ਪੱਧਰ ਦਾ ਹੋ ਨਿੱਬੜਿਆ।ਭਾਰਤ ਦਾ ਇਹ ਪਹਿਲਾ ਮੋਰਚਾ ਸੀ ਜਿਹੜਾ ਪੂਰੀ ਦੁਨੀਆ ਵਿਚ ਹਲਚਲ ਮਚਾ ਗਿਆ।ਇਹ ਤਿੰਨੋਂ ਕਾਲੇ ਕਾਨੂੰਨ ਵਿਦੇਸ਼ਾਂ ਵਿੱਚ ਬਹੁਤ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਸਨ,ਹਰ ਦੇਸ਼ ਦਾ ਕਾਰਪੋਰੇਟ ਘਰਾਣਾ ਬਹੁਤ ਫ਼ਾਇਦਾ ਕਮਾ ਰਿਹਾ ਹੈ।ਪਰ ਸਾਡੇ ਕਿਸਾਨ ਸੰਘਰਸ਼ ਨੇ ਦੁਨੀਆਂ ਨੂੰ ਇੱਕ ਨਵਾਂ ਪਾਠ ਪੜ੍ਹਾ ਦਿੱਤਾ ਹੈ।ਵਿਦੇਸ਼ੀ ਸਰਕਾਰਾਂ ਤੇ ਯੂ ਐਨ ਓ ਨੇ ਇਸ ਸੰਘਰਸ਼ ਬਾਰੇ ਖ਼ੂਬ ਵਿਚਾਰ ਚਰਚਾ ਕੀਤੀ ਹੈ।ਕਿਸਾਨੀ ਸੰਘਰਸ਼ ਜੋ ਇਕ ਇਤਿਹਾਸਕ ਪੰਨਾ ਬਣ ਚੁੱਕਿਆ ਹੈ ਪੂਰੀ ਦੁਨੀਆ ਇਸ ਨੂੰ ਪੜ੍ਹ ਕੇ ਆਪਣੀਆਂ ਜ਼ਰੂਰਤਾਂ ਤੇ ਮੁੱਦੇ ਹੱਲ ਕਰਵਾਏਗੀ।ਅੱਜ ਸੋਚੋ ਕੇਂਦਰ ਸਰਕਾਰ ਨੂੰ ਇਕੱਲੇ ਕਿਸਾਨਾਂ ਤੇ ਮਜ਼ਦੂਰਾਂ ਅੱਗੇ ਨਹੀਂ ਝੁਕਣਾ ਪਿਆ ਵਿਦੇਸ਼ੀ ਸਰਕਾਰਾਂ ਤੇ ਵਿਦੇਸ਼ ਵਿੱਚ ਰਹਿੰਦੇ ਆਪਣੇ ਲੋਕਾਂ ਨੇ ਭਰਪੂਰ ਯੋਗਦਾਨ ਦਿੱਤਾ ਹੈ।

ਕਿਸਾਨ ਸੰਘਰਸ਼ ਬਾਰੇ ਪਾਠਕੋ ਤੁਸੀਂ ਸਭ ਕੁਝ ਜਾਣਦੇ ਹੋ ਪਰ ਹੁਣ ਨਵਾਂ ਸਾਲ ਆ ਗਿਆ ਹੈ,ਤੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵੀ ਨੇੜੇ ਹੀ ਹਨ।ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੇ ਰਲ ਕੇ ਜਿਵੇਂ ਮੋਰਚਾ ਫਤਹਿ ਕੀਤਾ ਹੈ ਸਾਡੇ ਲਈ ਇਕ ਖਾਸ ਪੜ੍ਹਨਯੋਗ ਪੰਨਾ ਹੈ ਇਸ ਵਾਰ ਬਹੁਤ ਵੱਡੀ ਲੋੜ ਹੈ ਕਿ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ।ਜਿਵੇਂ ਕਿਸਾਨ ਯੋਧੇ ਰਾਜਨੀਤਕ ਪਾਰਟੀਆਂ ਨੂੰ ਪਿੱਛੇ ਹਟਾ ਕੇ ਮੋਰਚਾ ਜਿੱਤੇ ਹਨ।ਅੱਜ ਆਪਾਂ ਨੂੰ ਧਰਮ ਜਾਤਾਂ ਤੇ ਰਾਜ ਵਿਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ।ਅੱਜ ਨਵੇਂ ਸਾਲ ਨੂੰ ਮਿਲ ਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਓ ਤੇ ਜਿੱਤੇ ਮੋਰਚੇ ਦੀਆਂ ਵਧਾਈਆਂ ਦੇਵੋ।ਵੋਟ ਰਾਜਨੀਤਕ ਪਾਰਟੀਆਂ ਨੂੰ ਨਹੀਂ ਇਕ ਖ਼ਾਸ ਇਨਸਾਨ ਨੂੰ ਪਾਵੋ ਜੋ ਜਨਤਾ ਦੀ ਸੇਵਾ ਕਰਨਾ ਜਾਣਦਾ ਹੋਵੇ।ਅੱਜ ਆਪਣੀ ਸੋਚ ਨੂੰ ਬਦਲੋ ਸਾਡਾ ਭਾਰਤ ਵਰਸ਼ ਬਹੁਤ ਮਹਾਨ ਬਣ ਜਾਵੇਗਾ,ਜੇ ਤੁਸੀਂ ਕਿਸਾਨ ਸੰਘਰਸ਼ ਮੋਰਚੇ ਦਾ ਪੰਨਾ ਪੜ੍ਹ ਕੇ ਉਸ ਤੇ ਅਮਲ ਕਰੋ ਤਾਂ ਆਪਾਂ ਨੂੰ ਕਦੇ ਵੀ ਅਜਿਹੇ ਯੁੱਧ ਜਾਂ ਮੋਰਚੇ ਨਹੀਂ ਲਗਾਉਣੇ ਪੈਣਗੇ ਆਮੀਨ।ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ, ਇਨਕਲਾਬ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*नए पाकिस्तान का नक्शा…*
Next articleਸਾਹਿਬ