ਪੰਜਾਬ ਸਰਕਾਰ ਮਹਿਲਾਵਾਂ ਨੂੰ ਬਰਾਬਰੀ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਤੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਥਾਨਿਕ ਆਈ.ਟੀ.ਆਈ ਦੀ ਗਰਾਊਂਡ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਇਆ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਲਗਾਏ ਗਏ ਮੇਲੇ ਦੇ ਆਖਰੀ ਦਿਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ, ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਲਲਿਤ ਮੋਹਨ ਪਾਠਕ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ ਨੇ ਸ਼ਿਰਕਤ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਮੇਲਾ 5 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਿਸ ਦਾ ਲੋਕਾਂ ਵੱਲੋਂ ਵਧੀਆ ਹੁੰਗਾਰਾ ਭਰਿਆ ਗਿਆ ਹੈ। ਲੋਕਾਂ ਨੇ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ 58 ਦੇ ਕਰੀਬ ਵੱਖ–ਵੱਖ ਸਵੈ ਸਹਾਇਤਾ ਸਮੂਹ ਵੱਲੋਂ ਸਟਾਲ ਲਗਾਏ ਗਏ ਸਨ। ਜਿਸ ਵਿੱਚ ਘਰੇਲੂ ਸਮੱਗਰੀ ਸਮਾਨ, ਹੱਥੀ ਬਣਾਏ ਘਰੇਲੂ ਸਾਜੋ ਸਮਾਨ ਅਤੇ ਆਰਗੈਨਿਕ ਉਤਪਾਦ, ਆਚਾਰ, ਮੁਰੱਬੇ ਅਤੇ ਜੈਮ ਸਟਾਲ, ਮਹਿੰਦੀ, ਪਰਫਿਊਮ, ਕੈਂਡਲ ਸਟਾਲ, ਸਭਿਆਚਾਰਕ ਪ੍ਰੋਗਰਾਮ, ਨੇਲ ਆਰਟ, ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ ਟੈਟੂ ਆਰਟ, ਲਾਈਵ ਸਕੈਚਿੰਗ ਅਤੇ ਲਾਈਵ ਫੂਡ ਸਟਾਲਾਂ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹ ਨੂੰ ਇਸ ਮੇਲੇ ਦਾ ਕਾਫ਼ੀ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਵਿੱਚ ਮਦਦ ਮਿਲੇਗੀ।ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸ਼ਕਤੀਕਰਨ ਨੂੰ ਬੜਾਵਾ ਦੇਣ ਲਈ ਸੂਬੇ ਅੰਦਰ ਪੰਜਾਬ ਸਖੀ ਸ਼ਕਤੀ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਪੂਰੇ ਪੰਜਾਬ ਅੰਦਰ ਸਖੀ ਸ਼ਕਤੀ ਨੂੰ ਕਾਮਯਾਬ ਕਰਨ ਲਈ ਪਿੰਡ ਵਿੱਚ ਸਵੈ ਸਹਾਇਤ ਗਰੁੱਪ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਗਰੁੱਪਾਂ ਵੱਲੋਂ ਆਪਣੀ ਹੱਥੀ ਤਿਆਰ ਕੀਤੇ ਗਏ ਉਤਪਾਦਨਾਂ ਦੀ ਵਿਕਰੀ ਲਈ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਜਿੰਨੇ ਵੀ ਸਟਾਲ ਲੱਗੇ ਹਨ, ਉਹ ਸਾਰੇ ਸਟਾਲ ਸਾਡੀਆਂ ਭੈਣਾ ਵੱਲੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਔਰਤਾਂ ਨੂੰ ਕਾਮਯਾਬ ਬਣਾਉਣ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰਕੇ ਆਪਣੇ ਪਰਿਵਾਰ ਨੂੰ ਵਧੀਆਂ ਢੰਗ ਨਾਲ ਅੱਗੇ ਲੈ ਕੇ ਜਾ ਸਕਣ।
https://play.google.com/store/apps/details?id=in.yourhost.samajweekly



