ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)--ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਦੀ ਅਗਵਾਈ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿਹਤਮੰਦ ਜੀਵਨ ਲਈ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਰਾਹੀਂ ਪੰਜਾਬ ਦੇ ਹਰ ਨਾਗਰਿਕ ਨੂੰ ਦੱਸ ਲੱਖ ਰੁਪਏ ਤੱਕ ਦਾ ਮੁਫ਼ਤ ਬੀਮਾ ਮੁਹਿਆ ਕਰਵਾਇਆ ਜਾ ਰਿਹਾ ਹੈ। ਮੈਡੀਕਲ ਅਫਸਰ ਡੈਂਟਲ ਡਾ. ਅਵਿਨਾਸ਼ ਨੇ ਦੰਦਾ ਸਿਹਤ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਿਹਤਮੰਦ ਦੰਦ ਅਤੇ ਮੂੰਹ ਸਰੀਰ ਦੀ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਲੋਕਾਂ ਨੂੰ ਨਿਯਮਿਤ ਤੌਰ ਤੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮੈਡੀਕਲ ਅਫ਼ਸਰ ਡਾ.ਮਮਤਾ ਗੌਤਮ ਨੇ ਟੈਲੀ-ਮਨਾਸ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਿਕ ਤਣਾਅ, ਡਿਪ੍ਰੈਸ਼ਨ ਅਤੇ ਹੋਰ ਮਨੋਵਿਗਿਆਨਕ ਸਮੱਸਿਆਵਾਂ ਲਈ ਸਰਕਾਰ ਵੱਲੋਂ ਟੋਲ ਫਰੀ ਨੰਬਰ 14416 ਅਤੇ 1-800-899-4416 ਤੇ ਮਾਹਿਰਾਂ ਦੀ ਸਲਾਹ ਉਪਲਬਧ ਹੈ। ਬਲਾਕ ਐਜ਼ੂਕੇਟਰ ਪ੍ਰੀਤਇੰਦਰ ਸਿੰਘ ਨੇ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਟੀਕਾਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਇਹ ਟੀਕਾ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ ਹੈ ਅਤੇ 14 ਤੋਂ 15 ਸਾਲ ਤੱਕ ਦੀਆ ਲੜਕੀਆਂ ਨੂੰ ਸਿਹਤ ਸੰਸਥਾਵਾਂ ਵਿੱਚ ਮੁਫਤ ਲਗਾਇਆ ਜਾਂਦਾ ਹੈ। ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਸਿਹਤ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਲੈਣ। ਇਸ ਮੌਕੇ ਤੇ ਹੈਲਥ ਸੁਪਰਵਾਈਜਰ ਸਤਨਾਮ, ਹੈਲਥ ਸੁਪਰਵਾਈਜਰ ਕੁਲਦੀਪ ਵਰਮਾ, ਫਾਰਮਾਸਿਸਟ ਅਮਿਤ ਪਾਂਡੇ ਅਤੇ ਸਮੂਹ ਸਟਾਫ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



