ਪੁਸਤਕ ਮੇਰੀ ਨਜ਼ਰ ਵਿੱਚ –
ਪੁਸਤਕ ਦਾ ਨਾਂ : ਵਾਟ ਹਯਾਤੀ ਦੀ (ਗ਼ਜ਼ਲ ਸੰਗ੍ਰਹਿ)
ਲੇਖਕ ਦਾ ਨਾਂ : ਤ੍ਰਿਲੋਕ ਸਿੰਘ ਢਿੱਲੋਂ ਪੰਨੇ 96
ਮੁੱਲ : 200/- ਰੁਪਏ ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨ ਪਟਿਆਲਾ|
– ਤੇਜਿੰਦਰ ਚੰਡਿਹੋਕ ਐਮ.ਏ.

(ਸਮਾਜ ਵੀਕਲੀ) ਗ਼ਜ਼ਲ ਕਾਵਿ ਵਿਧਾ ਦਾ ਹੀ ਇੱਕ ਰੂਪ ਹੈ| ਗ਼ਜ਼ਲ ਦਾ ਆਪਣਾ ਹੀ ਵਿਧੀ ਵਿਧਾਨ ਹੁੰਦਾ ਹੈ| ਕਾਵਿ ਦੇ ਖੇਤਰ ਵਿੱਚ ਹੋਰ ਵੰਨਗੀਆਂ ਗੀਤ ਕਵਿਤਾ ਰੁਬਾਈ ਅਤੇ ਆਦਿ ਨਾਲੋਂ ਗ਼ਜ਼ਲ ਸਖ਼ਤ ਮਿਹਨਤ ਧਿਆਨ ਅਤੇ ਇਕਾਗਰਤਾ ਦੀ ਮੰਗ ਕਰਦੀ ਹੈ| ਗ਼ਜ਼ਲ ਦੀ ਸਿਰਜਣਾ ਕਰਨੀ ਆਸਾਨ ਕਾਰਜ ਨਹੀਂ ਹੈ ਸਗੋਂ ਇੱਕ ਸਾਧਨਾ ਕਰਨੀ ਪੈਂਦੀ ਹੈ ਕਿਉਂਕਿ ਗ਼ਜ਼ਲ ਕਾਵਿ ਵਿਧਾ ਦੀ ਬਹੁਤ ਨਾਜ਼ੁਕ ਸਿਨਫ਼ ਹੈ ਪਰ ਬਹੁਤ ਸਖ਼ਤ ਪਾਬੰਦੀ ਵਿੱਚ ਰਹਿਣ ਦੀ ਆਦੀ ਹੈ| ਇਸ ਵਿਧਾ ਵਿੱਚ ਰਦੀਫ਼ ਕਾਫੀਆ ਲੈਅ ਨੂੰ ਨਿਰੰਤਰ ਬਣਾਈ ਰੱਖਣਾ ਪੈਂਦਾ ਹੈ|
ਹਥਲਾ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ ਤ੍ਰਿਲੋਕ ਸਿੰਘ ਢਿੱਲੋਂ ਦਾ ਪਹਿਲਾ ਨਿਰੋਲ ਅਤੇ ਮੌਲਿਕ ਗ਼ਜ਼ਲ ਸੰਗ੍ਰਹਿ ਹੈ| ਉਸ ਨੇ ਪਹਿਲਾਂ ‘ਸੁਪਨਿਆਂ ਦੇ ਆਰ ਪਾਰ’ ਮੌਲਿਕ ਗ਼ਜ਼ਲ ਤੇ ਕਵਿਤਾਵਾਂ ਦਾ ਸੰਗ੍ਰਹਿ ਵੀ ਪਾਠਕਾਂ ਦੀ ਝੋਲੀ ਪਾਇਆ ਹੈ| ਇਸ ਤੋਂ ਇਲਾਵਾ ਕਾਵਿ ਸੰਗ੍ਰਹਿ ਸੰਪੂਰਣ ਨਾਟਕ ਇਕਾਂਗੀ/ਨਾਟਕ ਅਤੇ ਹਾਸ ਵਿਅੰਗ ਸਹਿਤ ਦੀਆਂ ਨੋਂ ਮੌਲਿਕ ਪੁਸਤਕਾਂ ਹਨ ਅਤੇ ਕੁਝ ਪੁਸਤਕਾਂ ਵਿੱਚ ਉਸ ਵਲੋਂ ਕੀਤੀ ਸਮੂਲੀਅਤ ਦਾ ਵਰਨਣ ਵੀ ਮਿਲਦਾ ਹੈ| ‘ਵਾਟ ਹਯਾਤੀ ਦੀ’ ਵਿੱਚ ਕੁੱਲ ਬਹੱਤਰ ਗ਼ਜ਼ਲਾਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਦਰਜ ਕੀਤੀਆਂ ਗਈਆਂ ਹਨ ਅਤੇ ਇੱਕ ਸੂਝਵਾਨ ਸਾਹਿਤਕਾਰ ਹੋਣ ਵਜੋਂ ਉਸਨੇ ਪੁਸਤਕ ਆਪਣੇ ਦਾਰ ਜੀ (ਸਹੁਰਾ ਸਾਹਿਬ ਸ. ਤੇਜਿੰਦਰ ਪਾਲ ਸਿੰਘ ਜੀ) ਨੂੰ ਸਮਰਪਿਤ ਕੀਤੀ ਹੈ| ਹਰ ਗ਼ਜ਼ਲ ਵਿੱਚ ਸੱਤ-ਸੱਤ ਸ਼ਿਅਰ ਪਾਏ ਗਏ ਹਨ| ਉਂਜ ਅਮਰਜੀਤ ਸਿੰਘ ਸੰਧੂ ਨੇ ਆਪਣੀ ਪੁਸਤਕ ‘ਆਓ ਗ਼ਜ਼ਲ ਲਿਖੀਏ’ ਵਿੱਚ ਸ਼ਿਅਰਾਂ ਦੀ ਗਿਣਤੀ ਪੰਜ ਤੋਂ ਤੇਰਾਂ ਦੱਸੀ ਹੈ|
ਗ਼ਜ਼ਲਗੋ ਤ੍ਰਿਲੋਕ ਸਿੰਘ ਢਿੱਲੋਂ ਨੇ ਆਪਣੇ ਦੋ ਸ਼ਬਦਾਂ ‘ਮੇਰਾ ਸਾਹਿਤਕ ਸਫ਼ਰ’ ਵਿੱਚ ਪਹਿਲਾਂ ਹੀ ਪਾਠਕਾਂ ਅਤੇ ਆਲੋਚਕਾਂ ਦੀ ਕਚਿਹਰੀ ਵਿੱਚ ਇਕਬਾਲ ਕਰਦਿਆਂ ਲਿਖਿਆ ਹੈ ਕਿ ‘‘ਕਾਵਿ ਵਿਧਾ ਗ਼ਜ਼ਲ ਦਾ ਮੈਨੂੰ ਕੋਈ ਡੂੰਘਾ ਗਿਆਨ ਜਾਂ ਅਨੁਭਵ ਨਹੀਂ ਹੈ|’’ ਪਰ ਜਦੋਂ ਅਸੀਂ ਉਸ ਦੀ ਪੁਸਤਕ ਦਾ ਨਿਰੰਤਰ ਨਿਠ ਕੇ ਪਾਠ ਕਰਦੇ ਹਾਂ ਤਾਂ ਪਤਾ ਲੱਗਦਾ ਹੈੈ ਕਿ ਉਸ ਦੀ ਗ਼ਜ਼ਲ ਅਤੇ ਵਿਚਾਰ ਕਿੰਨੇ ਕੁ ਪਰਪੱਕ ਹਨ| ਪੁਸਤਕ ਦੀ ਪੜਚੋਲ ਕਰੀਏ ਤਾਂ ਪੁਸਤਕ ਵਿੱਚ ਬਣਾਏ ਹਰ ਭਾਗ ਦੇ ਅੱਗੇ ਇੱਕ-ਇੱਕ ਸ਼ਿਅਰ ਲਿਖ ਕੇ ਤਤਕਰੇ ਅਨੁਸਾਰ ਸ਼ੁੱਭ ਆਰੰਭ ਕੀਤਾ ਹੈ|
ਢਿੱਲੋਂ ਦੀ ਪੁਸਤਕ ਵਿੱਚ ਗ਼ਜ਼ਲਾਂ ਨੇ ਅਨੇਕਾਂ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ ਗਿਆ ਹੈ| ਮਸਲਨ ਮੁਹੱਬਤ ਰਿਸ਼ਤਿਆਂ ਵਿੱਚ ਕੜਵਾਹਟ ਉਡੀਕ ਬੇਵਫ਼ਾਈ ਭਰੋਸੇ ਦਾ ਟੁੱਟਣਾ ਬੇਦੋਸ਼ੇ ਲੋਕਾਂ ਨੂੰ ਸਜ਼ਾ ਮਿਲਣੀ ਵਿਦੇਸ਼ਾ ਵੱਲ ਪ੍ਰਵਾਸ ਹੱਕ ਲਈ ਇਕਠੇ ਹੋਣਾ ਅਤੇ ਮਾਂ ਬੋਲੀ ਆਦਿ ਸ਼ਾਮਲ ਹਨ| ਇੱਕ ਗ਼ਜ਼ਲ ਵਿੱਚ ਲਿਖਦਾ ਹੈ ਕਿ ਜਦ ਬੰਦੇ ਵਿੱਚ ਹਊਮੈ ਤੇ ਤਾਕਤ ਮਿਲ ਜਾਵੇ ਤਾਂ ਫਿਰ ਜਾਬਰ ਬਣ ਜਾਂਦਾ ਹੈ| ਇਸੇ ਸੰਦਰਭ ਵਿੱਚ ਗ਼ਜ਼ਲਗੋ ਦਾ ਸ਼ਿਅਰ ਹੈ-
‘ਜਦ ਤਾਕਤ ਤੇ ਹਉਮੈ ਮਿਲ ਕੇ ਸ਼ਾਜਿਸ਼ ਰਚਦੇ ਨੇ
ਬੰਦਾ ਫਿਰ ਬੰਦਾ ਨ•ੀ ਦਿਸਦਾ ਜਾਬਰ ਦਿਸਦਾ ਹੈ|’ (ਪੰਨਾ-25)
ਪੁਸਤਕ ਦੀ ਸਿਰਲੇਖਤ ਪੰਜਵੀਂ ਗ਼ਜ਼ਲ ਵਿੱਚ ਸਮੇਂ ਦੇ ਲੰਘਦਿਆਂ ਉਮਰ ਦਾ ਰਾਹ ਮੁੱਕਦਾ ਜਾਂਦਾ ਹੈ ਜਿਵੇਂ ਕਿ ਸਮੇਂ ਨਾਲ਼ ਦੀਵੇ ਦੀ ਲਾਟ ਬੁੱਝ ਰਹੀ ਹੋਵੇ| ਰਿਸ਼ਤੇ ਨਾਤਿਆਂ ਨੂੰ ਨਿਭਾਉਣ ਲਈ ਉਹਨਾਂ ਨੂੰ ਸਮਝਣ ਦੀ ਤਵੱਕੋ ਵੀ ਕਰਦਾ ਹੈ| ਇੱਕ ਸਚਾਈ ਨੂੰ ਬਿਆਨਦਾ ਹੈ ਕਿ ਜੀਵਨ ਦੇ ਸਾਰੇ ਸੁੱਖ ਸੁਵਿਧਾਵਾਂ ਆਖ਼ਰੀ ਪੜਾਅ ਤੇ ਆ ਕੇ ਖ਼ਤਮ ਹੁੰਦੇ ਜਾਪਦੇ ਹਨ ਆਖ਼ਰੀ ਸਮੇਂ ਵਿੱਚ ਉਹ ਸਭ ਸੱਜਣ ਮਿੱਤਰ ਜਿਹੜੇ ਜਵਾਨੀ ਵੇਲੇ ਜੁੜ-ਜੁੜ ਬਹਿੰਦੇ ਸਨ ਉਹ ਵੀ ਸਾਥ ਛੱਡ ਜਾਂਦੇ ਹਨ| ਉਂਜ ਤਾਂ ਜੀਵਨ ਵਿੱਚ ਸਭ ‘ਆਪਣੇ’ ਹੀ ਬਣਦੇ ਹਨ ਪਰ ਉਹ ਮੰਨਦਾ ਹੈ ਕਿ ਜਿਹੜਾ ਜੀਵਨ ਭਰ ਨਾਲ਼ ਰਹੇ ਉਹ ਵਿਰਲਾ ਹੀ ਹੁੰਦਾ ਹੈ| ਇੱਕ ਸ਼ਿਅਰ ਦਾ ਮੁਲਾਹਜਾ ਫਰਮਾਓ-
‘ਹੁੱਬ ਕੇ ਤੁਰਦਾ ਹੁੰਦਾ ਸੀ ‘ਢਿੱਲੋਂ’ ਜਿਨ•ਾਂ ਸੱਜਣਾ ਨਾਲ਼
ਮੂਧੀ ਮਾਰ ਉਹ ਤੁਰ ਗਏ ਮੇਰੀ ਖਾਟ ਹਯਾਤੀ ਦੀ ਯਾਰੋ|’ (ਪੰਨਾ- 27)
ਮੁਹੱਬਤ ਵਿੱਚ ਬਿਰਹਾ ਸ਼ਾਮਲ ਹੁੰਦਾ ਹੈ| ਪ੍ਰੇਮ ਤਾਂ ਜਿਨਾਂ ਕੋਈ ਵਧਾਉਂਦਾ ਹੈ ਉਨਾਂ ਹੀ ਪੀਡਾ ਹੁੰਦਾ ਹੈ ਪਰ ਬੇਵਫ਼ਾਈ ਅਤੇ ਵਿਯੋਗ ਵੀ ਨਾਲ਼-ਨਾਲ਼ ਚਲਦੇ ਹਨ| ਪ੍ਰੇਮ ਵਿੱਚ ਸਮਾਏ ਬੰਦੇ ਵਲੋਂ ਬੇਵਫ਼ਾ ਦੋਸਤ ਨੂੰ ਬਦ-ਦੁਆ ਵੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਪ੍ਰੇਮ ਪਰੁਨਿਆ ਦਿਲ ਕਿਸੇ ਦਾ ਮਾੜਾ ਨਾ ਤਾਂ ਕਰ ਸਕਦਾ ਹੈ ਨਾ ਸੋਚ ਸਕਦਾ ਹੈ ਅਤੇ ਨਾ ਹੀ ਉਸ ਨੂੰ ਭੁਲਾਇਆ ਜਾ ਸਕਦਾ ਹੈ| ਪਿਆਰ ਵਿੱਚ ਸੰਵੇਦਨਾਂ ਇੰਨੀ ਪੈਦਾ ਹੋ ਜਾਂਦੀ ਹੈ ਕਿ ਆਪਣੇ ਪ੍ਰੀਤਮ ਪਿਆਰੇ ਦੇ ਖ਼ਿਆਲ ਅਤੇ ਵਿਯੋਗ ਦੀ ਉਦਾਸੀ ਮਨ ’ਚੋਂ ਨਹੀਂ ਜਾਂਦੀ| ਗ਼ਜ਼ਲਗੋ ਸੰਵੇਦਨਸ਼ੀਲ ਹੁੰਦਿਆਂ ਲਿਖਦਾ ਹੈ ਕਿ-
‘ਤੂੰ ਬੇਵਫ਼ਾਈ ਕਰ ਗਿਐਂ ਪਰ ਕੀ ਦਿਆਂ ਤੈਨੂੰ ਸਰਾਪ
ਹੰਝੂ ਤਿਰੀ ਉਡੀਕ ਵਿਚ ਹੀ ਵਹਿਣ ਮੇਰੇ ਦੋਸਤਾ|’ ਅਤੇ
‘ਕਰੀਆਂ ਮੈਂ ਬੜੀਆਂ ਕੋਸ਼ਿਸ਼ਾਂ ਭੁਲਦੇ ਨਹੀਂ ਤੇਰੇ ਖ਼ਿਆਲ
ਮੇਰੀ ਉਦਾਸੀ ਰੂਹ ’ਚ ਡੂੰਘਾ ਲਹਿਣ ਮੇਰੇ ਦੋਸਤਾ|’ (ਪੰਨਾ-32)
ਸੰਸਾਰ ਤੇ ਆਏ ਮਨੁੱਖ ਨੂੰ ਇਹ ਨਾਸ਼ਵਾਨ ਸਰੀਰ ਤਿਆਗ ਕੇ ਜਾਣਾ ਹੀ ਪੈਂਦਾ ਹੈ ਜਿਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ| ਮਨੁੱਖ ‘ਹੰਕਾਰ’ ਅਤੇ ‘ਮੈਂ’ ਵਿੱਚ ਇਹ ਸਭ ਭੁੱਲ ਜਾਂਦਾ ਹੈ ਅਤੇ ਇਸ ਪਦਾਰਥਵਾਦੀ ਯੁੱਗ ਵਿੱਚ ਸਿਰਫ਼ ਹਰ ਚੀਜ਼ ਨੂੰ ਆਪਣਾ ਮੰਨਣ ਲੱਗ ਪੈਂਦਾ ਹੈ| ਫਿਰ ਤਾਂ ਉਸਨੂੰ ਰੱਬ ਵੀ ਯਾਦ ਨਹੀਂ ਰਹਿੰਦਾ| ਇਸ ਕਰਕੇ ਗ਼ਜ਼ਲਗੋ ਮਨੁੱਖ ਨੂੰ ਸੁਚੇਤ ਕਰਦਾ ਹੈ ਕਿ ਜੀਵਨ ਦੇ ਅੰਤਿਮ ਪੜਾਅ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਕਿ ਅੰਤ ਨੂੰ ਸਭ ਨੇ ਸ਼ਮਸ਼ਾਨ ਅੰਦਰ ਜਾਣਾ ਹੀ ਪੈਂਦਾ ਹੈ| ਪੁਸਤਕ ਦੀ ਗ਼ਜ਼ਲ ਵਿੱਚ ਸਾਡੇ ਨਿਆਇਕ ਸਿਸਟਮ ਦੀ ਗੱਲ ਵੀ ਕੀਤੀ ਗਈ ਹੈ| ਮਨੁੱਖ ਪੈਦਾਇਸ਼ੀ ਮੁਜਰਿਮ ਨਹੀਂ ਹੁੰਦਾ ਪਰ ਹਾਲਾਤ ਉਸ ਨੂੰ ਅਜੇਹਾ ਬਣਾ ਦਿੰਦੇ ਹਨ| ਸਾਡਾ ਸਿਸਟਮ ਹੀ ਅਜੇਹਾ ਬਣ ਗਿਆ ਹੈ ਕਿ ਸੱਚ ਝੂਠ ਦਾ ਨਿਤਾਰਾ ਹੋ ਹੀ ਨਹੀਂ ਸਕਦਾ| ਦੋਸ਼ੀ ਤਾਂ ਮੌਜਾਂ ਲੁੱਟ ਰਹੇ ਹਨ ਅਤੇ ਬੇਦੋਸ਼ੇ ਸਜ਼ਾਵਾਂ ਭੁਗਤ ਰਹੇ ਹਨ| ਉਸ ਦੀ ਇੱਕ ਗ਼ਜ਼ਲ ਦਾ ਸ਼ਿਅਰ ਹੈ-
‘ਹੈ ਮੁਜ਼ਰਿਮ ਕੋਈ ਤੇ ਭੁਗਤੇ ਸਜ਼ਾ ਕੋਈ ਭਲਾਂ ਕਿਉਂ ਕਰ
ਐ ਭੋਲੇ ਮਨ ਹਰਾਮੀ ਨਾ ਕਿਸੇ ਨਵਜਾਤ ਨੂੰ ਆਖੀਂ|’ (ਪੰਨਾ-41)
ਅੱਜ ਔਰਤ ਜਾਤ ਦੇ ਜੀਵਨ ਦੀ ਤਰਾਸਦੀ ਅਸਹਿ ਹੋ ਗਈ ਹੈ| ਸੰਵੇਦਨਸ਼ੀਲ ਗ਼ਜ਼ਲਗੋ ਮਰਦ ਵਲੋਂਂ ਹੋ ਰਹੀ ਦਰਿੰਦਗੀ ਲਈ ਵੀ ਚਿੰਤਤ ਹੈ| ਸਮਾਜ ਵਿੱਚ ਕਿਧਰੇ ਭਰੂਣ ਹੱਤਿਆ ਬਲਾਤਕਾਰ ਔਰਤਾਂ ਤੇ ਜ਼ੁਲਮ ਹੁੰਦਾ ਨਜ਼ਰੀਂ ਪੈਂਦਾ ਹੈੈ| ਔਰਤ ਨੂੰ ਵੇਖ ਕੇ ਮਰਦ ਸ਼ੈਤਾਨ ਅਤੇ ਹੈਵਾਨ ਕਿਉਂ ਬਣ ਜਾਂਦਾ ਹ ਇਸ ਦੀ ਇੱਕ ਸਰਬ ਵਿਆਪੀ ਚਿੰਤਾ ਹੈ| ਸਾਧਾਂ ਸੰਤਾਂ ਭਗਤਾਂ ਦੇ ਚਿਹਰਿਆਂ ਤੇ ਅੱਜ ਮੁਖੋਟੇ ਚੜ•ੇ ਹੋਏ ਹਨ| ਅੰਦਰੋ ਕੁਝ ਹੋਰ ਹਨ ਅਤੇ ਬਾਹਰੋਂ ਕੁਝ ਹੋਰ ਦਿਸ ਰਹੇ ਹਨ| ਮਕਾਰ ਬਣ ਕੇ ਵੀ ਆਪਣੇ ਆਪ ਨੂੰ ਨਾਦਾਨ ਸਿੱਧ ਕਰਨ ਦਾ ਯਤਨ ਕਰਦੇ ਹਨ| ਆਪੇ ਮੰਦਰ ਆਪੇ ਪੁਜਾਰੀ ਅਤੇ ਆਪੇ ਹੀ ਭਗਵਾਨ ਬਣ ਬੈਠਦੇ ਹਨ| ਸ਼ਾਇਰ ਅਨੁਸਾਰ ਆਦਮੀ ਦੇ ਦੋ ਪਹਿਲ ਹਨ ਉਹ ਰਾਮ ਵੀ ਹੈ ਤੇ ਰਾਵਣ ਵੀ| ਫਿਰ ਜਗ ਤੋਂ ਪਾਪ ਕਿਵੇਂ ਖ਼ਤਮ ਹੋ ਸਕਦੇ ਹਨ| ਉਹ ਸਿਅਸਤ ਦੀ ਕਾਰਗੁਜਾਰੀ ਤੋਂ ਵੀ ਚਿੰਤਤ ਨਜ਼ਰ ਆਉਂਦਾ ਹੈ| ਦੇਸ਼ ਅੰਦਰ ਕੁਰਸੀਆਂ ਅਤੇ ਝੰਡੀਆਂ ਨੂੰ ਵਿਕਾਊ ਦੱਸਦਾ ਹੈ| ਉਸ ਦਾ ਇੱਕ ਸ਼ਿਅਰ ਸਾਡੀ ਰਾਜਨੀਤੀ ਦੀ ਦਸ਼ਾ ਬਿਆਨ ਕਰਦਾ ਲਿਖਦਾ ਹੈ ਗੌਰ ਫਰਮਾਓ –
‘ਵੇਚ ਵੇਚ ਕੇ ਕਿਣਕਾ-ਕਿਣਕਾ ਦੇਸ਼ ਵਿਦੇਸ਼ਾਂ ਦੇ ਹੱਥੀਂ
ਸੋਚੋ ਰੁਕ ਕੇ ਸੋਚੋ ਕਿਹੜੀ ਮਾਣ ਰਹੇ ਹਾਂ ਸ਼ਾਨ ਅਸੀਂ|’ (ਪੰਨਾ-66)
ਪੁਸਤਕ ਵਿੱਚ ਮਾਂ ਬੋਲੀ ਲਈ ਸੁਹਿਰਦ ਹੁੰਦਾ ਕਵੀ ਦਾ ਮਨ ਸ਼ਬਦਾਂ ਨਾਲ਼ ਜੁੜਿਆ ਰਹਿਣਾ ਚਾਹੁੰਦਾ ਹੈ| ਉਸ ਦਾ ਜੀਅ ਕਰਦਾ ਹੈ ਕਿ ਉਹ ਮਾਂ ਬੋਲੀ ਲਈ ਦੂਣੀ ਤੀਣੀ ਸ਼ਾਨ ਬਣੇ| ਆਪਣੀ ਜਨਨੀ ਤੋਂ ਕੁਰਬਾਨ ਜਾਣਾ ਚਾਹੁੰਦਾ ਹੈ ਜਿਸ ਨੇ ਉਸ ਨੂੰ ਸ਼ਬਦ ਨਾਲ਼ ਜੋੜਿਆ ਹੈ| ਗੁਰੂਆਂ ਭਗਤਾਂ ਦੀ ਬਾਣੀ ਨੁੰ ਆਪਣਾ ਰਾਹ ਦਸੇਰਾ ਮੰਨਦਾ ਹੈ ਸ਼ਬਦਾਂ ਦਾ ਵਣਜਾਰਾ ਬਣਨ ਦੀ ਇੱਛਾ ਰੱਖਦਾ ਹੈ ਅਤੇ ਇਹਨਾਂ ਸ਼ਬਦਾਂ ਨਾਲ਼ ਹੀ ਧਨਵਾਨ ਬਣਨਾ ਲੋਚਦਾ ਹੈ| ਇੱਕ ਗ਼ਜ਼ਲ ਦਾ ਸ਼ਿਅਰ ਹੈ-
‘ਮੈਂ ਵਣਜਾਰਾ ਸ਼ਬਦਾਂ ਦਾ ਹਾਂ
ਏਨੀ ਕੁ ਮੇਰੀ ਇੱਛਾ
ਮਨ ਮਸਤਿਕ ਵਿਚ ਸ਼ਬਦ ਹੀ ਵੱਸਣ ਮੈਂ ਐਸਾ ਧਨਵਾਨ ਬਣਾਂ|’ (ਪੰਨਾ-47)
ਮਾਡਰਨ ਜ਼ਮਾਨੇ ਦੀ ਗੱਲ ਕਰਦਿਆਂ ਸ਼ਾਇਰ ਉਸ ਵਕਤ ਦੀ ਗੱਲ ਕਰਦਾ ਹੈ ਕਿ ਜਿਹੜਾ ਸਮਾਂ ਪੁਰਾਣਾ ਸੀ ਕਿੰਨਾਂ ਚੰਗਾ ਸੀ ਜਦੋਂ ਕੋਈ ਪਰਾਇਆ ਨਹੀਂ ਸੀ ਹੁੰਦਾ ਸਭ ਆਪਣੇ ਹੀ ਹੁੰਦੇ ਸਨ ਪਰ ਹੁਣ ਦਾ ਸਮਾਂ ਕਿਹੋ ਜਿਹਾ ਆ ਗਿਆ ਹੈ ਕਿ ਔਖੇ ਵੇਲੇ ਕੋਈ ਆਪਣਾ ਲੱਭਦਾ ਹੀ ਨਹੀਂ| ਸਾਰੇ ਲੋਕ ਮਤਲਬੀ ਅਤੇ ਗਰਜ਼ੀ ਬਣੇ ਹੋਏ ਹਨ| ਇੱਥੋਂ ਤੱਕ ਕਿ ਬੱਚੇ ਵੀ ਆਪਣੇ ਬਜ਼ੁਰਗਾਂ ਤੋਂ ਇੰਨੇ ਦੂਰ ਹੋ ਗਏ ਹਨ ਜਿਹਨਾਂ ਪਾਸ ਇੰਨਾਂ ਸਮਾਂ ਹੀ ਨਹੀਂ ਕਿ ਉਹ ਆਪਣੇ ਬਜ਼ੁਰਗਾਂ ਨਾਲ਼ ਦੋ ਮਿੰਟ ਬਿਤਾ ਸਕਣ ਅਤੇ ਉਹਨਾਂ ਦੇ ਵਲਵਲਿਆਂ ਨੂੰ ਜਾਣ ਸਕਣ| ਔਲਾਦ ਦਾ ਖ਼ੂਨ ਇੰਨਾਂ ਚਿੱਟਾ ਹੋ ਗਿਆ ਹੈ ਕਿ ਮਾਪੇ ਬਿਰਧ ਆਸ਼ਰਮਾਂ ਵਿੱਚ ਜਾਣ ਲਈ ਮਜ਼ਬੂਰ ਹੋ ਗਏ ਹਨ| ਤੇ ਫਿਰ ਵੀ ਇੱਕ ਆਸ ਅਤੇ ਹੌਸਲੇ ਨਾਲ਼ ਆਪਣੀ ਇਸ ਪੁਸਤਕ ਨੂੰ ਵਿਰਾਮ ਦਿੰਦਾ ਹੋਇਆ ਸ਼ਾਇਰ ਆਖਦਾ ਹੈ ਕਿ ਮੇਹਨਤ ਕੀਤੀ ਕਦੇ ਵਿਫਲ ਨਹੀਂ ਹੋਣੀ ਜ਼ਿੰਦਗੀ ਵਿੱਚ ਬੜੇ ਉਤਰਾਅ ਚੜਾਅ ਆਉਣਗੇ| ਹਨੇਰੀਆਂ ਝੱਖੜ ਮੀਂਹ ਵਿੱਚ ਵੀ ਡਟੇ ਰਹਿਣਾ ਚਾਹੀਦਾ ਹੈ| ਹੌਸਲੇ ਨਾਲ਼ ਹੀ ਜਾਬਰ ਦਾ ਸਿੰਘਾਸਣ ਹਿਲਾਇਆ ਜਾ ਸਕਦਾ ਹੈ|
ਮੈਂ ਇਸ ਪਲੇਠੇ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ ਨੂੰ ਖੁਸ਼ ਆਮਦੀਦ ਆਖਦਿਆਂ ਸ਼ਾਇਰ ਤ੍ਰਿਲੋਕ ਸਿੰਘ ਢਿੱਲੋਂ ਹੁਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਨੇੜਲੇ ਭਵਿੱਖ ਵਿੱਚ ਉਹ ਪਾਠਕਾਂ ਲਈ ਹੋਰ ਗ਼ਜ਼ਲ ਸੰਗ੍ਰਹਿ ਲੈ ਕੇ ਸਾਹਿਤ ਜਗਤ ਵਿੱਚ ਆਉਣਗੇ|
ਤੇਜਿੰਦਰ ਚੰਡਿਹੋਕ,
ਸਾਬਕਾ ਏ.ਐਸ.ਪੀ, ਬਰਨਾਲਾ|
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj