ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਬਲਦੀ ਹੋਈ ਸ਼ਮਾਂ ਵੱਲ ਆਕਰਸ਼ਿਤ ਹੋ ਉਸ ਦਾ ਆਸ਼ਕ ਬਣ ਓਸਤੇ ਮਰ ਮਿਟਣ ਵਾਲੇ ਨੂੰ ਪਰਵਾਨਾ ਕਹਿੰਦੇ ਹਨ। ਪਰਵਾਨਾ ਤਖੱਲਸ ਆਪਣੇ ਆਪ ਵਿੱਚ ਇੱਕ ਸੰਪੂਰਨ ਆਸ਼ਕ ਦਾ ਦਰਜਾ ਹੈ । ਪਰਵਾਨਾ ਹੋਵੇ ਤੇ ਉਸਦਾ ਇਸ਼ਕ ਅਧੂਰਾ ਰਹਿ ਜਾਵੇ ਇਹ ਕਦੇ ਹੋ ਹੀ ਨਹੀਂ ਸਕਦਾ। ਆਪਣੇ ਇਸ਼ਕ ਵਿੱਚ ਸਿਰ ਧੜ ਦੀ ਬਾਜੀ ਲਾਉਣ ਵਾਲੇ ਆਸ਼ਕ ਨੂੰ ਹੀ ਪਰਵਾਨੇ ਦਾ ਦਰਜਾ ਮਿਲਦਾ । ਅੱਜ ਜਿਸ ਪਰਵਾਨੇ ਦੀ ਗੱਲ ਕਰਨ ਜਾ ਰਿਹਾ ਹਾਂ ਉਹ ਪਰਵਾਨਾ ਪੰਜਾਬੀ ਗੀਤਕਾਰੀ ਦੀ ਇੱਕ ਵਿਲੱਖਣ ਸ਼ਖਸੀਅਤ ਪਰਵਾਨਾ ਸੀ। ਜਿਸ ਨੂੰ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਚਤਰ ਸਿੰਘ ਪਰਵਾਨਾ ਦੇ ਨਾਮ ਨਾਲ ਦੁਨੀਆਂ ਨੇ ਜਾਣਿਆ ਉਸ ਦੇ ਲਿਖੇ ਗੀਤਾਂ ਨੂੰ ਉਸ ਸਮੇਂ ਦੇ ਚੋਟੀ ਦੇ ਗਾਇਕਾਂ ਨੇ ਰੱਜ ਕੇ ਗਾਇਆ ਅਤੇ ਖੂਬ ਨਾਮਣਾ ਖੱਟਿਆ । ਚਤਰ ਸਿੰਘ ਪਰਵਾਨਾ ਦੇ ਲਿਖੇ ਅਣਗਿਣਤ ਹਿੱਟ ਗੀਤ ਤਵਿਆਂ ਰੀਲਾਂ ਕੈਸਟਾਂ ਤੇ ਇੰਝ ਵੱਜੇ ਜਿਵੇਂ ਕੁਦਰਤ ਨੇ ਉਹਨਾਂ ਨੂੰ ਇਹ ਖੁੱਲੀ ਛੁੱਟੀ ਦੇ ਦਿੱਤੀ ਹੋਵੇ ਕਿ ਜਾਓ ਤੇ ਅਜੋਕੇ ਸੰਗੀਤ ਦੇ ਸਮੇਂ ਤੇ ਰਾਜ ਕਰੋ । ਝੱਲ ਬਲੱਲੀ ਫਕੀਰਾਂ ਵਰਗੀ ਮਸਤੀ ਦਾ ਨਿੱਘ ਮਾਨਣ ਵਾਲਾ ਇਹ ਪੰਜਾਬੀ ਗੀਤਕਾਰ ਬੇਸ਼ੱਕ ਗੁਰਬਤ ਦੀ ਜ਼ਿੰਦਗੀ ਜਿਉਂਦਾ ਆਪਣੇ ਆਖਰੀ ਸਾਹ ਤਿਆਗ ਕੇ ਪੰਜ ਤੱਤਾਂ ਵਿੱਚ ਵਲੀਨ ਹੋ ਗਿਆ ,ਪਰ ਉਸ ਦੀ ਲਿਖਤ ਹਮੇਸ਼ਾ ਸਮੇਂ ਵਿੱਚ ਕਬੂਲੀ ਜਾਂਦੀ ਰਹੇਗੀ ਅਤੇ ਉਸ ਨੂੰ ਕਦੇ ਵੀ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮਨਫੀ ਨਹੀਂ ਕੀਤਾ ਜਾ ਸਕਦਾ । ਕਈ ਵਾਰ ਮੇਲਿਆਂ ਦੇ ਬਾਬਾ ਬੋਹੜ ਸਵ. ਸਰਦਾਰ ਜਗਦੇਵ ਸਿੰਘ ਜੱਸੋਵਾਲ ਕੋਲ ਲੁਧਿਆਣੇ ਜਾਣ ਦਾ ਮੌਕਾ ਮਿਲਿਆ, ਜਿਨਾਂ ਨੇ ਅਨੇਕਾਂ ਵਾਰ ਪੁਰਾਣੇ ਸਾਰੇ ਕਲਾਕਾਰਾਂ ਨਾਲ ਮੇਰੀਆਂ ਮੁਲਾਕਾਤਾਂ ਕਰਵਾਈਆਂ, ਉਹਨਾਂ ਨੇ ਕਈ ਵਾਰ ਜ਼ਿਕਰ ਕੀਤਾ ਕਿ ਆਪਾਂ ਕਦੇ ਸਮਾਂ ਲੱਗਿਆ ਪਰਵਾਨੇ ਕੋਲ ਵੀ ਜਾ ਕੇ ਆਉਣਾ ਪਰ ਸਬੱਬ ਹੀ ਨਾ ਬਣ ਸਕਿਆ । ਮੇਰੀ ਮੁਲਾਕਾਤ ਚਤਰ ਸਿੰਘ ਪਰਵਾਨਾ ਜੀ ਦੇ ਨਾਲ ਇੰਟਰਨੈਸ਼ਨਲ ਸ਼ਾਮ ਚੁਰਾਸੀ ਦੇ ਸੰਗੀਤਕ ਮੇਲੇ ਵਿੱਚ ਬਾਬਾ ਸ਼ਾਮੀ ਸ਼ਾਹ ਜੀ ਦੇ ਦਰਬਾਰ ਵਿੱਚ ਮੰਚ ਤੇ ਹੋਈ । ਜਿੱਥੇ ਉਹਨਾਂ ਨੂੰ ਰੂਬਰੂ ਕਰਾਉਣ ਦਾ ਮੈਨੂੰ ਐਂਕਰਿੰਗ ਦੌਰਾਨ ਮੌਕਾ ਮਿਲਿਆ। ਇਸ ਮੁਲਾਕਾਤ ਲਈ ਮੈਂ ਹਮੇਸ਼ਾ ਵੱਡੇ ਵੀਰ ਤਰਲੋਚਨ ਲੋਚੀ, ਸੁਰਿੰਦਰ ਸੇਠੀ ਲੁਧਿਆਣਾ ਦਾ ਧੰਨਵਾਦੀ ਰਹਾਂਗਾ। ਇਸ ਮੁਲਾਕਾਤ ਦੌਰਾਨ ਮੈਂ ਉਹਨਾਂ ਨਾਲ ਕੁਝ ਯਾਦਗਾਰੀ ਤਸਵੀਰਾਂ ਵੀ ਖਿੱਚੀਆਂ, ਜੋ ਮੇਰੀ ਯਾਦ ਦਾ ਸਰਮਾਇਆ ਹਨ। ਇਸ ਦੌਰਾਨ ਪਰਵਾਨਾ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਲੁਧਿਆਣੇ ਤੋਂ ਆਈ ਸਵਰਗੀ ਅਮਰ ਸਿੰਘ ਚਮਕੀਲਾ ਜੀ ਦੀ ਸਹਿਯੋਗੀ ਗਾਇਕਾ ਸੁਰਿੰਦਰ ਸੋਨੀਆ ਨਾਲ ਵੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਹ ਦੋਨੋਂ ਕਲਾਕਾਰਾਂ ਨੂੰ ਜਿੱਥੇ ਵਡਮੁੱਲਾ ਸਨਮਾਨ ਦੇ ਕੇ ਮੰਚ ਤੇ ਸਨਮਾਨਿਤ ਕੀਤਾ ਗਿਆ , ਉਥੇ ਹੀ ਇਹਨਾਂ ਦੀ ਗਾਇਕੀ ਦਾ ਪ੍ਰਦਰਸ਼ਨ ਕਰਵਾਉਣ ਲਈ ਮੇਰੇ ਵੱਲੋਂ ਮੰਚ ਸੰਚਾਲਨਾ ਦੀ ਭੂਮਿਕਾ ਅਦਾ ਕੀਤੀ ਗਈ । ਜਦੋਂ ਚਤਰ ਸਿੰਘ ਪਰਵਾਨਾ ਨੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਉਸ ਨੇ ਇੱਕ ਮਿੰਟ ਵਿੱਚ ਹੀ ਆਪਣੇ ਅਣਗਿਣਤ ਹਿੱਟ ਗੀਤਾਂ ਦੇ ਮੁੱਖੜੇ ਸੁਣਾ ਕੇ ਲੋਕਾਂ ਨੂੰ ਸ਼ਰਸ਼ਾਰ ਕਰ ਦਿੱਤਾ ਅਤੇ ਲੋਕ ਇਸ ਸਧਾਰਨ ਜਿਹੇ ਕਲਾਕਾਰ ਦੀ ਕਲਮ ਤੋਂ ਨਿਕਲੇ ਐਨੇ ਹਿੱਟ ਗੀਤ ਸੁਣ ਕੇ ਹੱਕੇ ਬੱਕੇ ਰਹਿ ਗਏ । ਪਰਵਾਨਾ ਜੀ ਦੀ ਸਟੇਜੀ ਚੁਸਤੀ ਫੁਰਤੀ ਅਤੇ ਉਨਾਂ ਦੀ ਪਗੜੀ ਬੰਨਣ ਦਾ ਵੱਖਰਾ ਸਟਾਈਲ ਹਮੇਸ਼ਾ ਸਰੋਤਿਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ । ਜ਼ਿੰਦਗੀ ਵਿੱਚ ਪਰਵਾਨਾ ਜੀ ਨਾਲ ਇੱਕੋ ਵਾਰ ਮੁਲਾਕਾਤ ਹੋਈ ਜੋ ਮੇਰੇ ਲਈ ਯਾਦ ਦਾ ਸਰਮਾਇਆ ਹੈ । ਸੱਚਮੁੱਚ ਉਹ ਅਲਬੇਲਾ ਫਕੀਰ ਗੀਤਕਾਰ ਸੀ । ਜਿਸ ਨੇ ਆਪਣਾ ਜੀਵਨ ਤੰਗੀਆਂ ਤੁਰਸੀਆਂ ਨੂੰ ਝੇਲਦਿਆਂ ਬਤੀਤ ਕਰ ਲਿਆ ,ਪਰ ਅਫ਼ਸੋਸ ਕਿ ਕਿਸੇ ਨੇ ਵੀ ਉਸ ਦੀ ਪੰਜਾਬੀ ਸੰਗੀਤ ਜਗਤ ਵਿੱਚ ਵਸਦੇ ਅਣਗਿਣਤ ਕਲਾਕਾਰਾਂ ਵਿੱਚੋਂ ਸਾਰ ਨਹੀਂ ਲਈ, ਸ਼ਾਇਦ ਇਸ ਲਈ ਕਿ ਉਹ ਗੁਰਬਤ ਭਰੀ ਜਿੰਦਗੀ ਬਤੀਤ ਕਰ ਰਿਹਾ ਹੈ। ਹਾਂ ਇੱਕ ਗੱਲ ਹੋਰ ਜੇ ਕੋਈ ਸਰਦਾ ਪੁੱਜਦਾ ਗੀਤਕਾਰ ਹੁੰਦਾ ਤਾਂ ਸ਼ਾਇਦ ਉਸ ਦੇ ਪਿੱਛੇ ਸਾਰੇ ਸਪੋਰਟ ਲਈ ਖੜਦੇ । ਸੱਚਮੁੱਚ ਅਸੀਂ ਜਿਉਂਦੇ ਜੀਅ ਕਿਸੇ ਦੀ ਕਦਰ ਨਹੀਂ ਕਰਦੇ, ਮਰਿਆਂ ਨੂੰ ਮੋਢਿਆਂ ਤੇ ਚੁੱਕ ਲੈਂਦੇ ਹਾਂ । ਜਿਨ੍ਹਾਂ ਲੋਕਾਂ ਨੇ ਪਰਵਾਨਾ ਜੀ ਦੇ ਅੰਤਲੇ ਸਮੇਂ ਉਹਨਾਂ ਦਾ ਸਾਥ ਦਿੱਤਾ ਦੇਖਭਾਲ ਕੀਤੀ ਮਾਲੀ ਮਦਦ ਕੀਤੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਡਾਇਰੈਕਟਰ ਚੋਪੜਾ ਜੀ ਨੇ ਉਹਨਾਂ ਨੂੰ ਭਰ ਉਮਰ ਪੈਨਸ਼ਨ ਦੇ ਕੇ ਨਿਵਾਜਿਆ ਜੋ ਆਪਣੇ ਆਪ ਵਿੱਚ ਵੱਡੀ ਗੱਲ ਹੈ । ਪਰਵਾਨਾ ਜੀ ਤੁਹਾਡੀ ਕਲਮ ਨੂੰ ਸਜਿਦਾ ਕਰਦਾ ,ਤੁਹਾਨੂੰ ਆਪਣੇ ਸਮੁੱਚੇ ਸੰਗੀਤ ਜਗਤ ਵਲੋਂ ਸੱਚੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਤੁਹਾਡੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly