(ਸਮਾਜਵੀਕਲੀ)–ਪਿਆਰੇ ਬੱਚਿਓ ! ਕੁਦਰਤ ਨੇ ਸਾਨੂੰ ਅਨੇਕਾਂ ਦਿਲਕਸ਼ ਤੋਹਫ਼ਿਆਂ , ਵਸਤਾਂ , ਨਜ਼ਾਰਿਆਂ , ਦ੍ਰਿਸ਼ਾਂ ਆਦਿ ਨਾਲ ਨਿਵਾਜਿਆ ਹੈ । ਜਿਨ੍ਹਾਂ ਵਿੱਚੋਂ ਫੁੱਲ ਵੀ ਇੱਕ ਹੈ । ਫੁੱਲ ਕੁਦਰਤ ਦੀ ਅਜਿਹੀ ਨਾਜ਼ੁਕ , ਸੁੰਦਰ , ਅਨਮੋਲ , ਕੋਮਲ ਤੇ ਦਿਲਕਸ਼ ਰਚਨਾ ਹੈ ਜੋ ਕਿ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ , ਤਰੋ – ਤਾਜ਼ਗੀ ਪ੍ਰਦਾਨ ਕਰਦੇ ਹਨ ਤੇ ਰੂਹ ਖੁਸ਼ ਕਰ ਜਾਂਦੇ ਹਨ । ਫੁੱਲਾਂ ਅਤੇ ਫੁੱਲਾਂ ਨਾਲ ਭਰੀ ਹੋਈ ਬਨਸਪਤੀ ਨੂੰ ਦੇਖ ਕੇ ਅਤੇ ਮਹਿਸੂਸ ਕਰਕੇ ਮਨ ਉਡਾਰੀਆਂ ਭਰਨ ਲੱਗਦਾ ਹੈ ਅਤੇ ਇਸ ਦੀ ਮਹਿਕ ਮੰਤਰ ਮੁਗਧ ਕਰ ਦਿੰਦੀ ਹੈ ।ਅਜਿਹਾ ਕੁਦਰਤੀ ਨਜ਼ਾਰਾ ਤੇ ਵਰਤਾਰਾ ਹਰ ਕਿਸੇ ਨੂੰ ਕੁਝ ਪਲਾਂ ਲਈ ਰੁਕਣ ਲਈ ਮਜਬੂਰ ਕਰ ਹੀ ਜਾਂਦਾ ਹੈ । ਫੁੱਲ ਕੁਦਰਤ ਦੀ ਅਜਿਹੀ ਵਡਮੁੱਲੀ ਨਿਆਮਤ / ਵਰਦਾਨ ਹੈ , ਜਿਸ ਨੂੰ ਸਾਡੀਆਂ ਅੱਖਾਂ ਵਾਰ – ਵਾਰ ਹਰ ਵਾਰ ਦੇਖਣਾ ਪਸੰਦ ਕਰਨਾ ਲੋਚਦੀਆਂ ਹਨ ਅਤੇ ਮਨ ਫਿਰ ਵੀ ਨਹੀਂ ਭਰਦਾ । ਫੁੱਲ ਭਾਵੇਂ ਕਿਸੇ ਵੀ ਸਮੇਂ ਕਿਸੇ ਵੀ ਸਥਾਨ ‘ਤੇ ਲੱਗਿਆ ਜਾਂ ਉਗਾਇਆ ਗਿਆ ਹੋਵੇ ਆਪਣੀ ਚੰਗਿਆਈ ਕਰਕੇ ਹਮੇਸ਼ਾ ਹਮੇਸ਼ਾ ਹਮੇਸ਼ਾ ਚੰਗਾ ਹੀ ਲੱਗਦਾ ਹੈ । ਫੁੱਲਾਂ ਦੀ ਦਿੱਖ ਸੁੰਦਰਤਾ ਅਤੇ ਖੁਸ਼ਬੋ ਜਿੱਥੇ ਮਨ ਨੂੰ ਮੋਹ ਲੈਂਦੀ ਹੈ ਤੇ ਤਰੋਤਾਜ਼ਗੀ ਪ੍ਰਦਾਨ ਕਰਦੀ ਹੈ , ਉੱਥੇ ਹੀ ਇਹ ਸਾਨੂੰ ਨਕਾਰਾਤਮਕਤਾ ਤੋਂ ਬਚਾ ਕੇ ਸਕਾਰਾਤਮਕਤਾ ਪੈਦਾ ਕਰਦੀ ਹੈ। ਇੱਥੋਂ ਤੱਕ ਕਿ ਫੁੱਲਾਂ ਦਾ ਜ਼ਿਕਰ ਸਾਡੇ ਸੱਭਿਆਚਾਰ , ਵਿਰਸੇ , ਸਾਡੇ ਇਤਿਹਾਸ ਵਿੱਚ ਅਤੇ ਗੀਤਾਂ ਦੀ ਵਿੱਚ ਵੀ ਕੀਤਾ ਗਿਆ ਮਿਲਦਾ ਹੈ । ਸਾਡੇ ਆਲੇ – ਦੁਆਲੇ ਦੇ ਵਾਤਾਵਰਨ ਤੇ ਕੁਦਰਤ ਵਿੱਚ ਸਮੇਂ , ਸਥਾਨ , ਸਥਿਤੀ ਅਨੁਸਾਰ ਤੇ ਮੌਸਮ ਅਨੁਸਾਰ ਫੁੱਲ ਛੋਟੇ , ਵੱਡੇ , ਰੰਗ – ਬਿਰੰਗੇ ਅਤੇ ਵੱਖ – ਵੱਖ ਰੰਗਾਂ ਦੇ ਹੋ ਸਕਦੇ ਹਨ । ਕੁਦਰਤੀ ਤੌਰ ‘ਤੇ ਪੈਦਾ ਹੋਏ ਅਨੇਕਾਂ ਕਿਸਮਾਂ ਦੇ ਰੰਗ – ਬਿਰੰਗੇ ਫੁੱਲਾਂ ਦੇ ਲਈ ਵਿਸ਼ਵ ਵਿੱਚ ਪ੍ਰਸਿੱਧ ਉੱਤਰਾਖੰਡ ਦੀ ਫੁੱਲਾਂ ਦੀ ਘਾਟੀ ਆਪਣੇ ਪਿਆਰੇ , ਰੰਗ ਬਿਰੰਗੇ , ਦਿਲਕਸ਼ , ਮਨਮੋਹਕ ਅਤੇ ਖ਼ੁਸ਼ਬੋਆਂ ਵੰਡਣ ਵਾਲੇ ਫੁੱਲਾਂ ਕਰਕੇ ਬਹੁਤ ਪ੍ਰਸਿੱਧ ਸਥਾਨ ਹੈ । ਜਿਸ ਨੂੰ ਦੇਖਣ ਲਈ ਦੇਸ਼ਾਂ – ਵਿਦੇਸ਼ਾਂ ਤੋਂ ਅਣਗਿਣਤ ਸੈਲਾਨੀ ਆਉਂਦੇ ਹਨ । ਫੁੱਲ ਭਾਵੇਂ ਘਰੇਲੂ ਆਪ ਲਗਾਏ ਹੋਏ ਹੋਣ ਜਾਂ ਕੁਦਰਤੀ ਤੌਰ ‘ ਤੇ ਜੰਗਲਾਂ ਦੇ ਵਿੱਚ ਪੈਦਾ ਹੋਏ ਹੋਣ ਧਰਤੀ ਨੂੰ ਸੁੰਦਰਤਾ ਅਤੇ ਮਨ ਨੂੰ ਖੁਸ਼ੀ , ਸਕੂਨ ਤੇ ਆਨੰਦ ਪ੍ਰਦਾਨ ਕਰਦੇ ਹਨ । ਫੁੱਲਾਂ ਦੀ ਵਰਤੋਂ ਵੱਖ – ਵੱਖ ਰਸਮਾਂ ਰਿਵਾਜਾਂ , ਵਿਆਹਾਂ , ਜਨਮ ਦਿਨਾਂ , ਧਾਰਮਿਕ ਪ੍ਰੋਗਰਾਮਾਂ , ਪੂਜਾ ਪਾਠ , ਭਗਵਾਨ ਨੂੰ ਚੜ੍ਹਾਉਣ , ਖੁਸ਼ੀਆਂ – ਗ਼ਮੀਆਂ , ਸਜਾਵਟ ਕਰਨ ਭਾਵ ਹਰ ਤਰ੍ਹਾਂ ਦੇ ਮੌਕਿਆਂ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ । ਬੱਚਿਓ ! ਫੁੱਲਾਂ ਵਿੱਚ ਟਿਊਲਿਪ , ਬਰਾੱਂਸ ਦਾ ਫੁੱਲ (ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਣ ਵਾਲਾ ਫੁੱਲ ), ਗੇਂਦਾ ,ਫਲੋਕਸ, ਗੁਲਾਬ , ਡੇਹਲੀਆ ਫੁੱਲ , ਚਮੇਲੀ , ਸੂਰਜਮੁਖੀ , ਗੁਲਦਾਊਦੀ ਆਦਿ ਅਨੇਕਾਂ ਕਿਸਮਾਂ ਹਨ । ਫੁੱਲਾਂ ਦੀ ਕਿਸਮ ਡੇਹਲੀਆ ਨੂੰ ” ਫੁੱਲਾਂ ਦਾ ਰਾਜਾ ” ਕਿਹਾ ਜਾਂਦਾ ਹੈ । ਬੱਚਿਓ ! ਵੱਖ – ਵੱਖ ਕਿਸਮਾਂ ਦੇ ਫੁੱਲਾਂ ਤੋਂ ਵੱਖ – ਵੱਖ ਤਰ੍ਹਾਂ ਦੀਆਂ ਦਵਾਈਆਂ , ਘਰੇਲੂ ਦਵਾਈਆਂ , ਜੁੂਸ , ਸਬਜ਼ੀਆਂ , ਚੱਟਣੀਆਂ , ਖਾਨਪਾਨ , ਰਸ , ਖ਼ੁਸ਼ਬੋਆਂ , ਤੇਲ ਆਦਿ ਤਿਆਰ ਕੀਤੇ ਜਾਂਦੇ ਹਨ । ਗੁਲਾਬ ਦੇ ਫੁੱਲਾਂ ਤੋਂ ਅਨਮੋਲ ਗੁਲਕੰਦ ਤਿਆਰ ਕੀਤਾ ਜਾਂਦਾ ਹੈ । ਕਚਨਾਰ ਦੇ ਦਰੱਖਤ ਦੇ ਫੁੱਲਾਂ ਤੋਂ ਸਬਜ਼ੀ ਬਣਾਈ ਜਾਂਦੀ ਹੈ । ਸਾਡੇ ਰਾਜ ਪੰਜਾਬ ਵਿੱਚ ਆਮ ਤੌਰ ‘ਤੇ ਫਰਵਰੀ – ਮਾਰਚ ਦੇ ਮਹੀਨਿਆਂ ਵਿੱਚ ਫੁੱਲ ਖਿੜਦੇ ਹਨ। ਸ਼ਹਿਦ ਦੀਆਂ ਮੱਖੀਆਂ ਵੱਖ – ਵੱਖ ਤਰ੍ਹਾਂ ਦੇ ਫੁੱਲਾਂ ‘ਤੇ ਮੰਡਰਾ ਕੇ ਉਨ੍ਹਾਂ ਦਾ ਰਸ ਪ੍ਰਾਪਤ ਕਰਕੇ ਸ਼ਹਿਦ ਤਿਆਰ ਕਰਦੀਆਂ ਹਨ । ਫੁੱਲਾਂ ‘ਤੇ ਤਿੱਤਲੀਆਂ , ਕੀੜੇ – ਮਕੌੜੇ , ਭੌਰੇ ਆਦਿ ਵੀ ਮੰਡਰਾਉਂਦੇ ਹਨ ਅਤੇ ਕੁਦਰਤ ਤੰਤਰ ਅਤੇ ਪ੍ਰਸਥਿਤੀਆਂ ਨੂੰ ਸਹੀ ਤੇ ਦਰੁਸਤ ਬਣਾਉਣ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ । ਇਸ ਤਰ੍ਹਾਂ ਫੁੱਲਾਂ ਦੀ ਜ਼ਰੂਰਤ ਪੂਰੀ ਕਰਨ ਦੇ ਲਈ ਫੁੱਲਾਂ ਦੀ ਖੇਤੀ ਪ੍ਰਤੀ ਉਤਸ਼ਾਹ ਵਧਦਾ ਹੈ ਤੇ ਫੁੱਲ ਸੁੰਦਰਤਾ ਅਤੇ ਖੁਸ਼ੀਆਂ ਪ੍ਰਦਾਨ ਕਰਨ ਦੇ ਨਾਲ – ਨਾਲ ਰੁਜ਼ਗਾਰ ਪ੍ਰਦਾਨ ਕਰਨ ਦਾ ਸਾਧਨ ਵੀ ਬਣਦੇ ਹਨ । ਹਾਲੀਵੁੱਡ ਬਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਲਈ ਰੰਗ ਬਿਰੰਗੇ ਖ਼ੂਬਸੂਰਤ ਫੁੱਲਾਂ ਨਾਲ ਭਰਪੂਰ ਥਾਵਾਂ ਦੀ ਚੋਣ ਕੀਤੀ ਜਾਂਦੀ ਹੈ । ਇਨ੍ਹਾਂ ਪਿਆਰੇ ਮਨਮੋਹਕ ਫੁੱਲਾਂ ਦੀ ਬਦੌਲਤ ਹੀ ਸੈਰ ਸਪਾਟਾ ਖੇਤਰ ਵਿੱਚ ਵੀ ਵਿਕਾਸ ਹੋਇਆ ਹੈ । ਇੱਥੇ ਹੀ ਬੱਸ ਨਹੀਂ ਇਸ ਤੋਂ ਇਲਾਵਾ ਵੱਖ – ਵੱਖ ਸਥਾਨਾਂ ਅਤੇ ਦੇਸ਼ – ਵਿਦੇਸ਼ਾਂ ਵਿੱਚ ਫੁੱਲਾਂ ਸਬੰਧੀ ਮੇਲੇ ਅਤੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ , ਜੋ ਕਿ ਸਥਾਨਕ ਲੋਕਾਂ ਅਤੇ ਹੋਰ ਵਿਅਕਤੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਦੇ ਹਨ । ਜਿਵੇਂ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ” ਰੋਜ਼ ਫੈਸਟੀਵਲ ” , ਸ੍ਰੀਨਗਰ ਦਾ ” ਟਿਊਲਿਪ ਫੈਸਟੀਵਲ ” ਆਦਿ ਆਦਿ । ਬੱਚਿਓ ! ਜੰਮੂ ਕਸ਼ਮੀਰ ਦੇ ਗੁਲਮਰਗ ਨਾਂ ਦਾ ਸਥਾਨ ਇੱਥੋਂ ਦੇ ਸੁੰਦਰ ਅਤੇ ਮਨਮੋਹਕ ਫੁੱਲਾਂ ਕਰਕੇ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ । ਗੁੱਲ ਤੋਂ ਭਾਵ ਹੈ : ਫੁੱਲ ਅਤੇ ਮਰਗ ਤੋਂ ਭਾਵ ਹੈ : ਚਰਾਂਦ , ਸੋ ਗੁਲਮਰਗ ਤੋਂ ਭਾਵ ਹੈ : ਫੁੱਲਾਂ ਦੀ ਚਰਾਂਦ ।ਅਮਰੀਕਾ ਦੇ ਕੈਲੀਫੋਰਨੀਆ ਦੀ ਲੇਕ ਐਲਸਿਨੋਰ ਘਾਟੀ ਵਿੱਚ ਦਸ ਸਾਲ ਤੋਂ ਬਾਅਦ ਖਿੜਨ ਵਾਲੇ ਪਾਪੀ ਦੇ ਫੁੱਲਾਂ ਨੂੰ ਦੇਖਣ ਲਈ ਲੱਖਾਂ ਦੀ ਤਾਦਾਦ ਵਿਚ ਸੈਲਾਨੀ ਆ ਰਹੇ ਹਨ । ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਵੀ ਮਾਰਚ – ਅਪ੍ਰੈਲ ਮਹੀਨੇ ਦੌਰਾਨ ਚੇੈਰੀ ਦੇ ਦਰੱਖਤਾਂ ‘ਤੇ ਫੁੱਲਾਂ ਦੀ ਬਹਾਰ ਆਈ ਹੋਈ ਹੁੰਦੀ ਲੱਖਾਂ ਸੈਲਾਨੀ ਇਸ ਨੂੰ ਦੇਖਣ ਆਉਂਦੇ ਹਨ । ਬੱਚਿਓ ! ਸਾਡਾ ਰਾਸ਼ਟਰੀ ਫੁੱਲ ਕਮਲ ਦਾ ਫੁੱਲ ਹੈ। ਬੱਚਿਓ ! ਫੁੱਲ ਸਾਡੇ ਜੀਵਨ ਵਿੱਚੋਂ ਉਦਾਸੀ ਅਤੇ ਨੀਰਸਤਾ ਦੂਰ ਕਰਕੇ ਜ਼ਿੰਦਗੀ ਵਿੱਚ ਰੰਗ ਭਰ ਦਿੰਦੇ ਹਨ । ਬੱਚਿਓ ! ਫੁੱਲ ਸਾਨੂੰ ਇਹੋ ਸੰਦੇਸ਼ ਦਿੰਦੇ ਹਨ ਕਿ ਹਰ ਸਥਾਨ , ਹਰ ਸਥਿਤੀ ਅਤੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਦੂਸਰਿਆਂ ਨੂੰ ਸੁੱਖ , ਸ਼ਾਂਤੀ , ਖੁਸ਼ੀ , ਸਕੂਨ ਤੇ ਆਨੰਦ ਪ੍ਰਦਾਨ ਕਰਦੇ ਰਹੋ , ਖ਼ੁਸ਼ਬੂਆਂ ਵੰਡਦੇ ਰਹੋ ਤੇ ਜੀਵਨ ਵਿੱਚ ਖਿੜਖਿੜਾਉਂਦੇ ਤੇ ਮੁਸਕਰਾਉਂਦੇ ਰਹੋ । ਪਰਮਾਤਮਾ ਕਰੇ ! ਤੁਸੀਂ ਸਭ ਬੱਚੇ ਜ਼ਿੰਦਗੀ ਵਿੱਚ ਮਿਹਨਤ ਕਰਕੇ ਬੁਲੰਦੀਆਂ ਛੂਹੋ ਅਤੇ ਫੁੱਲਾਂ ਵਾਂਗ ਖਿੜਖੜ੍ਹਾਉਂਦੇ ਅਤੇ ਮਹਿਕਦੇ ਰਹੋ ਤੇ ਖ਼ੁਸ਼ਬੂਆਂ ਵੰਡਦੇ ਰਹੋ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356 .
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly