ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ (ਸਮਾਜ ਵੀਕਲੀ) ਕਵਿਤਾ ਸਾਹਿਤ ਦੀ ਕੋਮਲ ਕਲਾ ਹੈ। ਕਵਿਤਾ ਕੋਮਲ ਮਨ ਵਿੱਚੋਂ ਹੀ ਉਪਜਦੀ ਹੈ। ਕਾਵਿ ਪੁਸਤਕ ‘ਪੇਖਨ ਸੁਨਨ ਸੁਨਾਵਨੋ’ ਇੰਜ. ਡੀ. ਐੱਮ ਸਿੰਘ ਦੀ ਦੂਜੀ ਕਿ੍ਰਤ ਹੈ। ਇਸ ਤੋਂ ਪਹਿਲਾਂ ਕਾਵਿ ਸੰਗ੍ਰਹਿ ‘ਪ੍ਰੀਤ ਦੀ ਲੋਰ’ ਪਾਠਕਾਂ ਦੇ ਸਨਮੁੱਖ ਆਈ ਜਿਸ ਨੂੰ ਬੇਹੱਦ ਹੁੰਗਾਰਾ ਮਿਲਿਆ। ਇੰਜ. ਡੀ. ਐੱਮ. ਸਿੰਘ ਨੇ ਕੇਵਲ ਦੋ ਹੀ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਨਹੀਂ ਦਿੱਤੇ ਸਗੋਂ ਕਹਾਣੀ ਸੰਗ੍ਰਹਿ ਮਿੰਨੀ ਕਹਾਣੀ ਸੰਗ੍ਰਹਿ ਨਾਵਲ ਨਾਟਕ ਤੋਂ ਇਲਾਵਾ ਬਹੁਤ ਕੁਝ ਸਾਹਿਤ ਦੀ ਝੋਲੀ ਪਾਇਆ ਹੈ। ਕਿਉਕਿ ਲੇਖਕ ਭਾਰਤ ਪਾਕਿ ਦੀ ਵੰਡ ਦੀ ਤਰਾਸਦੀ ਤੋਂ ਅਣਭਿੱਜ ਨਹੀਂ ਹੈ ਜਿਸ ਕਰਕੇ ਉਸ ਨੇ ਦੇਸ਼ ਦੀ ਵੰਡ ਨਾਲ਼ ਸਬੰਧਤ ਕਹਾਣੀਆਂ ਵੀ ਸਿਰਜੀਆਂ ਅਤੇ ਪੰਜਾਬੀ ਟਿ੍ਰਬਿਊਨ ਵਿੱਚ ਸਥਾਈ ਕਾਲਮ ਆਦਿ ਵੀ ਲਿਖੇ। ਲੇਖਕ ਨੇ ਇੰਜੀਨੀਅਰ ਤੋਂ ਚੀਫ ਜਨਰਲ ਮੈਨੇਜਰ ਤੱਕ ਦਾ ਸਫਰ ਵੀ ਤਹਿ ਕੀਤਾ ਹੈ। ਉਸ ਦੀਆਂ ਰਚਨਾਵਾਂ ਦੇ ਸ਼ਬਦਾਂ ਵਿੱਚੋਂ ਵੀ ਇੰਜੀਨੀਅਰਿੰਗ ਦੀ ਝਲਕ ਪੈਂਦੀ ਹੈ।
ਪੁਸਤਕ ਦਾ ਪਾਠ ਕਰਦਿਆਂ ਇੰਝ ਵੀ ਮਹਿਸੂਸ ਹੋਇਆ ਹੈ ਕਿ ਉਸ ਉਪਰ ਗੁਰਬਾਣੀ ਦਾ ਵੀ ਗਾੜਾ ਪ੍ਰਭਾਵ ਹੈ। ਇਸੇ ਲਈ ਇਸ ਕਾਵਿ ਪੁਸਤਕ ਦਾ ਨਾਮਕਰਨ ‘ਪੇਖਨ ਸੁਨਨ ਸੁਨਾਵਨੋ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 706 ਤੇ ਅਧਾਰਤ ਵਾਕ ‘ਪੇਖਨ ਸੁਨਨ ਸੁਨਾਵਨੋ ਮਨ ਮਹਿ ਦਿ੍ਰੜੀਏ ਸਾਚੁ’ ਰੱਖਿਆ ਹੈ। ਇਹ ਪੁਸਤਕ ਆਪਣੀ ਪੋਤਰੀ ਗੁਰਖੁੱਸ਼ੀ ਕੌਰ ਨੂੰ ਬੜੇ ਮਾਣ ਨਾਲ਼ ਸਮਰਪਿਤ ਕੀਤੀ ਹੈ ਜਿਸ ਬਾਰੇ ਕਵਿਤਾ ਵੀ ਅੰਕਿਤ ਹੈ। ਪੁਸਤਕ ਦੀ ਪਹਿਲੀ ਕਵਿਤਾ ਹੀ ਲੇਖਕ ਦੇ ਗਿਆਨ ਦਾ ਵਰਨਣ ਕਰਦੀ ਹੈ ਜਦੋਂ ਉਹ ਲਿਖਦਾ ਹੈ ਕਿ ਜੋ ਮੈਂ ਲਿਖਦਾ ਹਾਂ ਸਭ ਸਮਝਦਾ ਹਾਂ ਅਤੇ ਜੋ ਪੜ੍ਹਦੇ ਹਨ ਉਹ ਵੀ ਸਭ ਸਮਝਦੇ ਹਨ। ਪਰ ਫਿਰ ਵੀ ਉਹ ਆਪਣੀ ਕਵਿਤਾ ਵਿੱਚ ਸੁਧਾਰ ਲਿਆਉਣ ਦੀ ਇੱਛਾ ਰੱਖਦਾ ਹੈ। ਉਹ ਕਵਿਤਾ ਨੂੰ ਕਵੀ ਦੀ ਪ੍ਰਸੂਤ ਪੀੜਾ ਨਾਲ਼ ਤੋਲਦਾ ਹੈ ਅਤੇ ਕਵਿਤਾ ਦੇ ਜਨਮ ਤੋਂ ਬਾਅਦ ਮਿਲਿਆ ਸਕੂਨ ਮਹਿਸੂਸ ਕਰਦਾ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਵਿੱਚ ਕਾਰੋਨਾ ਕਾਲ ਅਪਣੇ ਆਪ ਨੂੰ ਮਿਲਣਾ ਅਧੁਨਿਕਤਾ ਸਮਾਜਿਕ ਰਾਜਨਿਤਕ ਵਰਤਾਰੇ ਕਿਸਾਨੀ ਅਤੇ ਫੈਸ਼ਨ ਦੀ ਪ੍ਰੀਭਾਸ਼ਾ ਨਾਲ਼ ਸਬੰਧਤ ਪਹਿਲੂ ਵੀ ਮਿਲਦੇ ਹਨ।
ਕਵੀ ਦਾ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਸਿਰਜਣਾ ਕਰਨ ਦਾ ਉਦੇਸ਼ ਵੀ ਸਪਸ਼ਟ ਹੁੰਦਾ ਹੈ ਕਿ ਉਹ ਮਨੁੱਖ ਨੂੰ ਆਪਣੀ ਸਖਸ਼ੀਅਤ ਅਤੇ ਹੋਂਦ ਤੋਂ ਜਾਣੂ ਕਰਾਉਣਾ ਚਾਹੁੰਦਾ ਹੈ ਜਿਸ ਬਾਰੇ ਡਾ. ਕੁਲਦੀਪ ਸਿੰਘ ਨੇ ਆਪਣੇ ਅਲੇਖ ਵਿੱਚ ਜਿਕਰ ਕੀਤਾ ਹੈ। ਅੱਜ ਦੇ ਜ਼ਮਾਨੇ ਦੀ ਪੀੜੀ ਵਿੱਚੋਂ ਕੁਝ ਨੌਜਵਾਨ ਆਪਣੀ ਮਾਂ ਦੀ ਕਦਰ ਨਹੀਂ ਕਰਦੇ ਪਰ ਮਾਂ ਹਮੇਸ਼ਾ ਬੱਚਿਆਂ ਲਈ ਦੁੱਖ ਦਰਦ ਸਹਿੰਦੀ ਹੈ। ਆਪ ਔਖੀ ਹੋ ਕੇ ਬੱਚਿਆਂ ਲਈ ਸੁੱਖ ਲੋਚਦੀ ਹੈ। ਕਵਿਤਾ ‘ਮੇਰੀ ਮਾਂ’ ਵਿੱਚੋਂ ਸਪਸ਼ਟ ਹੁੰਦਾ ਹੈ –
‘ਮਲ ਮੂਤਰ ਵਿੱਚ ਆਪੂੰ ਸੋਂਦੀ
ਪੁੱਤ ਨੂੰ ਰਖਦੀ ਸਖੜ ਸੰਭਾਲ।’ (ਪੰਨਾ 31)
ਕਵਿਤਾ ‘ਸੇਵਾ ਮੁਕਤੀ’ ਵਿੱਚ ਸੇਵਾ ਮੁਕਤੀ ਦੇ ਭਾਵ ਅਰਥ ਪ੍ਰਗਟ ਕਰਦੀ ਹੈ। ਸਰਕਾਰੀ ਤੌਰ ਤੇ ਨੋਕਰੀ ਕਰਦੇ ਲੋਕ ਤਾਂ ਕਿਸੇ ਨਿਯਮਤ ਉਮਰ ਵਿੱਚ ਸੇਵਾ ਮੁਕਤ ਹੋ ਜਾਂਦੇ ਹਨ ਪਰ ਰਾਜਸੀ ਨੇਤਾ ਕਿ੍ਰਤੀ ਮਜ਼ਦੂਰ ਆਦਿ ਸਾਰੀ ਉਮਰ ਸੇਵਾ ਮੁਕਤ ਨਹੀਂ ਹੁੰਦੇ ਉਹ ਜੀਵਨ ਮੁਕਤ ਤਾਂ ਹੋ ਜਾਂਦੇ ਹਨ। ਕਵਿਤਾ ‘ਗੁਲਦਸਤਾ-ਏ ਨਵਾਂ ਵਰ੍ਹਾ’ ਚੜ੍ਹਦੇ ਨਵੇਂ ਸਾਲ ਮੌਕੇ ਖ਼ਲਕਤ ਨੂੰ ਸ਼ੁੱਭ ਇੱਛਾਵਾਂ ਵੀ ਭੇਟ ਕਰਦੀ ਹੈ। ਕਵਿਤਾ ‘ਪਸੰਦਗੀ’ ਪਸੰਦਗੀ-ਨਾ ਪਸੰਦਗੀ ਨੂੰ ਸੰਜੋਗ-ਵਿਜੋਗ ਨਾਲ਼ ਤੋਲਦੀ ਹੈ। ਪਸੰਦੀਦਾ ਨੂੰ ਮਿਲਣਾ ਸੰਜੋਗੀ ਸੱਚ ਹੈ। ਕਿਸੇ ਦੇ ਰੂ-ਬ-ਰੂ ਹੋ ਜਾਣਾ ਪਾਣੀਆਂ ਦਾ ਸਾਗਰ ਵਿੱਚ ਸਮੋ ਜਾਣਾ ਹੀ ਤਾਂ ਹੈ। ਕਵਿਤਾ ਕਹਿੰਦੀ ਹੈ-
‘ਪਸੰਦੀਦਾ ਨੂੰ ਮਿਲਣਾ ਸੰਜੋਗੀ ਸੱਚ
ਧੁਨ-ਮਸਤ ਇਤਫ਼ਾਕਨ ਰੂ-ਬ-ਰੂ ਹੋ ਜਾਣਾ
ਜਿਉਂ ਸੁਰ-ਸੁਰੀ ਦੇ ਪਾਣੀਆਂ ਦਾ
ਸਾਗਰ ਵਿੱਚ ਸਮੋ ਜਾਣਾ
ਪਤਾ ਵੀ ਨਾ ਲਗਣਾ।’ (ਪੰਨਾ 54)
ਸਮਾਜ ਵਿਚਲੇ ਪਰਿਵਾਰਕ ਰਿਸ਼ਤਿਆਂ ਦੀ ਬਣਤਰ ਉਹਨਾਂ ਦੀ ਕਾਰਜਸ਼ਾਲੀ ਬਾਰੇ ਜਿਕਰ ਕਰਦੀ ਕਵਿਤਾ ‘ਸ਼ਾਲਾ! ਕੌਣ ਜਾਣੇ?’ ਹੈ ਜਿਸ ਵਿੱਚ ਘਰ ਦੀ ਸੁਆਣੀ ਨੂੰ ਸੱਸ ਫ਼ਫੇ ਕੁੱਟਣੀ ਦਿਉਰ ਪਿਆਰਾ ਲਗਦਾ ਹੈ ਅਤੇ ਸੁਆਣੀ ਦੀ ਭੈਣ ਸਾਲੀ ਅੱਧੇ ਘਰ ਵਾਲੀ ਜਾਪਦੀ ਹੈ ਪਰ ਦਿਉਰ ਅੱਧਾ ਮਾਹੀਆ ਕਿਉਂ ਨਹੀਂ? ਜੇਕਰ ਮਰਦ ਇਹ ਭਾਵਨਾ ਰੱਖਦਾ ਹੈ ਕਿ ਸਾਲੀ ਨੂੰ ਅੱਧੀ ਘਰ ਵਾਲੀ ਕਿਹਾ ਜਾ ਸਕਦਾ ਹੈ ਤਾਂ ਫਿਰ ਔਰਤ ਨੂੰ ਦੇਵਰ ਨੂੰ ਅੱਧਾ ਮਾਹੀਆ ਕਿਉਂ ਨਹੀਂ ਕਹਿਣ ਦਾ ਹੱਕ। ਠਇਹ ਇਕ ਸਵਾਲ ਪੈਦਾ ਕਰਦੀ ਹੈ। ਕਵਿਤਾ ਦੀਆਂ ਪੰਕਤੀਆਂ ਤੇ ਵਿਚਾਰ ਕਰਨਾ-
‘ਇਕ ਦੇਵਰ ਬੱਸ ਨਿਰਾ ਈ ਸੇਵ
ਛੈਲ ਛਬੀਲਾ ਬੜਾ ਦਲੇਰ।
ਦਿਲ ਡੋਲੇ ਕਈ ਵੇਰਾਂ ਅੜਿਆ
ਮੁੰਦਰੀ ਵਿੱਚ ਜਿਉਂ ਮੋਤੀ ਮੜ੍ਹਿਆ
ਜੇ ਸਾਲੀ ਅੱਧੀ ਘਰ ਵਾਲੀ
ਦੇਵਰ ਕਿਉਂ ਨਹੀਂ ਅੱਧਾ ਮਾਹੀਆ
ਸ਼ਾਲਾ! ਕੌਣ ਜਾਣੇ?’ (ਪੰਨਾ 65)
ਕਵਿਤਾ ‘ਅੱਖੀਆਂ’ ਵਿੱਚ ਅੱਖੀਆਂ ਨੂੰ ਕਈ ਨਾਂਵ ਦਿੱਤੇ ਜਾਂਦੇ ਹਨ ਜਿਵੇਂ ਸਾਗਰ ਝੀਲ ਸੁਰਾਹੀਆਂ ਆਦਿ। ਨਜ਼ਰਾਂ ਨੂੰ ਵੱਡੀ ਤਾਕਤ ਗਰਦਾਨਿਆ ਗਿਆ ਹੈ ਕਿ ਇਹ ਨਜ਼ਰਾਂ ਬਹੁਤ ਕੁਝ ਕਹਿਣ ਸਮਝਾਉਣ ਤੇ ਵੈਰ ਪਾਉਣ ਵਿਚ ਆਪਣੀ ਕਾਰਜਸ਼ੀਲਤਾ ਕਰਦੀਆਂ ਹਨ। ਪਰ ਨਜ਼ਰ ਸਵਲੀ ਹੀ ਹੋਣੀ ਸਭ ਦੀ ਭਲਾਈ ਦਾ ਪ੍ਰਤੀਕ ਹੁੰਦੀ ਹੈ। ਨਜਰਾਂ ਦੇ ਪਾਏ ਪੁਆੜਿਆਂ ਤੋਂ ਬਚਣ ਲਈ ਹੀ ਕਵਿਤਾ ਦੀਆਂ ਪੰਕਤੀਆਂ ਸਵਲਾ ਹੋਣਾ ਲੋਚਦੀਆਂ ਹਨ ਜਿਵੇਂ-
‘ਤਹੀਓਂ ਨਜ਼ਰ ਸੁਵੱਲੀ ਦੇ ਲਈ ਹਰ ਕੋਈ ਕਰੇ ਅਰਜੋਈ
ਮਾਲਕ ਜੇਕਰ ਨਜ਼ਰ ਹਟਾਵੇ ਕਿਤੇ ਨਾ ਮਿਲਦੀ ਢੋਈ।’ (ਪੰਨਾ 72)
ਇਸੇ ਤਰ੍ਹਾਂ ਪੁਸਤਕ ਵਿਚਲੀਆਂ ਕਵਿਤਾਵਾਂ ਲਕਸ਼ ਦਲ ਬਦਲੂ ਜਾਣ ਤੋਂ ਪੇਸ਼ਤਰ ਬੂਟ ਸੱਚ ਥੰਮ ਹੈ ਲੋਕ ਪਸੰਦ ਨਿਰ-ਵਸਤਰ ਆਦਿ ਵੀ ਪੜ੍ਹਨਯੋਗ ਹਨ।
ਇੱਥੇ ਹੀ ਬੱਸ ਨਹੀਂ ਪੁਸਤਕ ਵਿੱਚ ਕਵਿਤਾਵਾਂ ਤੋਂ ਇਲਾਵਾ ਲੇਖਕ ਨੇ ਇੱਕੀ ਹਾਇਕੂ ਵੀ ਸ਼ਾਮਲ ਕੀਤੇ ਹਨ ਜੋ ਜਾਪਾਨੀ ਕਾਵਿਕ ਵਿਧਾ (5-7-5) ਅੱਖਰਾਂ ਤੇ ਅਧਾਰਤ ਹਨ। ਲੇਖਕ ਇਹਨਾ ਰਾਹੀਂ ਵੀ ਆਪਣੇ ਵਲਵਲੇ ਪੇਸ਼ ਕਰਦਾ ਹੈ। ਇਹਨਾਂ ਹਾਇਕੂਆਂ ਵਿੱਚ ਵੀ ਕਵੀ ਮੋਹ ਤੇ ਰੋਹ ਬਿਨ ਬਾਦਲ ਬਰਸਾਤ ਅਤੇ ਫੇਸ ਬੁੱਕ ਤੇ ਮਿਲਦੇ ਪਿਆਰ ਦਾ ਜਿਕਰ ਕਰਦਾ ਹੈ।
‘ਰੋਹ ਜਾਂ ਮੋਹ
ਭੋਰਾ ਨਹੀਂ ਭਰੋਸਾ
ਪੁਲਸੀਏ ਦਾ।’ (ਪੰਨਾ 108)
‘ਬਿਨ ਬਾਦਲ
ਇਹ ਬਰਖਾ ਕੈਸੀ?
ਕਰਤਾ ਜਾਣੇ।’ (ਪੰਨਾ 109)
ਅਤੇ
‘ਫੇਸ ਬੁਕ ਤੇ
ਪਿਆਰ ਬੇ-ਸ਼ੁਮਾਰ
ਮਿਲੀ —ਬੇਕਾਰ।’ (ਪੰਨਾ 111)
ਪੁਸਤਕ ਵਿਚਲੀ ਸਿਰਜਣਾ ਸਹਿਜ ਅਤੇ ਸਰਲ ਭਾਸ਼ਾ ਵਿੱਚ ਕੀਤੀ ਗਈ ਹੈ। ਪੁਸਤਕ ਵਿੱਚ ਕੁਝ ਸ਼ਬਦ ਪਠੋਹਾਰੀ ਬੋਲੀ ਨਾਲ਼ ਪ੍ਰਭਾਵਿਤ ਹਨ ਜਿਵੇਂ ਆਪੂੰ ਮੰਨਨਾਂ ਵੰਜਣਾ ਸੁਣਾਸਾਂ ਆਦਿ। ਪੁਸਤਕ ਦੀ ਸ਼ਾਇਰੀ ਅਰਥ ਭਰਪੂਰ ਅਤੇ ਡੂੰਘੀ ਹੈ ਜਿਸ ਨੂੰ ਕੇਵਲ ਪੜ੍ਹਨ ਹੀ ਨਹੀਂ ਸਮਝਣ ਦੀ ਵੀ ਲੋੜ ਹੈ। ਲੇਖਕ ਇਸ ਕਿ੍ਰਤ ਲਈ ਵਧਾਈ ਦਾ ਪਾਤਰ ਹੈ ਅਤੇ ਉਮੀਦ ਹੈ ਕਿ ਲੇਖਕ ਭਵਿੱਖ ਵਿੱਚ ਇਸ ਤਰ੍ਹਾਂ ਦੀ ਸੰਵੇਦਨਸ਼ੀਲ ਸ਼ਾਇਰੀ ਪਾਠਕਾਂ ਦੀ ਝੋਲੀ ਪਾਵੇਗਾ।
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly