ਰੰਗਦੇ

ਡਾ. ਤੇਜਿੰਦਰ
         (ਸਮਾਜ ਵੀਕਲੀ)
ਲਲਾਰੀਆ ਸਾਡੇ ਦਿਲਾਂ ਨੂੰ, ਪਿਆਰ ਦੇ ਰੰਗਾਂ ‘ਚ ਰੰਗਦੇ,
ਅਸੀਂ ਪਿਆਰ ਦੇ ਪੁਜਾਰੀ, ਤੈਥੋਂ ਹੋਰ ਨਹੀਂ ਕੁਝ ਮੰਗਦੇ।
ਔਖਾ ਏ ਬੱਚ ਕੇ ਰਹਿਣਾ, ਯਾਰੋ ਐਸੇ ਲੋਕਾਂ ਤੋਂ,
ਜੇਬਾਂ ‘ਚ ਰੱਖਦੇ ਖ਼ੰਜਰ ਜੋ, ਕਾਲਰਾਂ ਤੇ ਫੁੱਲ ਟੰਗਦੇ।
ਹਰ ਰੋਜ ਜੋ ਸ਼ੋਰ-ਸ਼ਰਾਬਾ, ਮੇਰੇ ਜ਼ਿਹਨ ਦੇ ਵਿੱਚ ਹੁੰਦੈ,
ਲੱਗੇ ਜਿਉਂ ਹਜ਼ਾਰਾਂ ਫਨੀਅਰ, ਮੈਨੂੰ ਇਕੋ ਵੇਲੇ ਡੰਗਦੇ।
ਜਦ ਧਰਤੀ ਵੱਲ ਪਰਤੀ, ਤਾਂ ਇਹਦਾ ਹਾਲ ਬੁਰਾ ਹੋਣੈ,
ਦੀਵਾਨੇ ਬੜੇ ਘੁੰਮਦੇ ਨੇ, ਇਸ ਕਟੀ ਹੋਈ ਪਤੰਗ ਦੇ।
ਇਹ ਦੋ ਭਰਾਵਾਂ ਦਾ ਯੁੱਧ, ਕਦੇ ਵੀ ਖਤਮ ਨਹੀਂ ਹੋਣਾ,
ਕੋਈ ਹੈ ਜੋ ਚਾਹੇ ਨਾ, ਫੁੱਲ ਮਹਿਕਣ ਚਿੱਟੇ ਰੰਗ ਦੇ।
ਬੜੇ ਤੰਗ ਨੇ ਲੋਕ ਬੇਸ਼ੱਕ, ਸਰਹੱਦਾਂ ਦੇ ਤਕਰਾਰ ਤੋਂ,
ਦੋਵਾਂ ਮੁਲਕਾਂ ਦੇ ਲੋਕ ਫਿਰ ਵੀ, ਯੁੱਧ ਕਦੇ ਨਹੀਂ ਮੰਗਦੇ।
ਤੇਰੇ ਗੀਤਾਂ ਨੇ ਯਾਰਾ, ਸਾਨੂੰ ਮੋਹਿਆ ਹੈ ਕੁਝ ਏਦਾਂ,
ਹੋ ਗਏ ਹਾਂ ਦੀਵਾਨੇ ਅਸੀਂ, ਤੇਰੇ ਸਾਦੇ ਢੰਗ ਦੇ।
ਡਾ. ਤੇਜਿੰਦਰ…

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ ਦੀ ਚੁੱਪ ਵਿਚਲੇ ਸਵਾਲ
Next articleਯਾਦਾਂ