ਰੰਗ, ਭੰਗ, ਖੰਘ ਤੇ ਤੰਗ ਦੀ ਖੇਡ

(ਜਸਪਾਲ ਜੱਸੀ)

ਬਾਂਦਰ ‌ਕਿੱਲਾ । (ਸਮਾਜ ਵੀਕਲੀ)

ਰੰਗ, ਭੰਗ ਤੇ ਖੰਘ, ਤਿੰਨਾਂ ਨੇ ਮਿਲ ਕੇ ਰਾਇ ਕੀਤੀ ਕਿ ਤੰਗ ਸਾਹਿਬ ਨੂੰ ‌ਡਾਕਟਰ ਸਾਹਿਬ ਕੋਲ ਲੈ ਕੇ ਹੀ ਜਾਣਾ ਪਵੇਗਾ। ਬੀਮਾਰੀ ਇੱਕ ਹੁੰਦੀ ਤਾਂ ਕੋਈ ਬਚਾਓ ਹੋ ਸਕਦਾ ਸੀ।
ਆਖਿਰ ਤਿੰਨਾਂ ਨੇ ਫੈਸਲਾ ਕੀਤਾ ਕਿ ਕਿਸੇ ਚੰਗੇ ਡਾਕਟਰ ਨੂੰ ਦਿਖਾਇਆ ਜਾਵੇ। ਪਰ ‘ਤੰਗ’ ਸਾਹਿਬ ਨੂੰ ਕਿਵੇਂ ਦੱਸੀਏ ਤੈਨੂੰ ਬੀਮਾਰੀ ਹੈ। ਉਹ ਤਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਮੈਨੂੰ ਕੋਈ ਬੀਮਾਰੀ ਹੈ। ਕੌਣ ਪੰਗਾ ਲਵੇ ਕਿ ਤੇਰੀ ਜੀਭ ‘ਤੇ ਵੀ ਤੰਦੂਆ ਹੈ ਤੇ ਦਿਮਾਗ਼ ਦੀ ਕੋਈ ਨਸ ਢਿੱਲੀ ਹੋ ਗਈ ਐ। ਤਿੰਨੇਂ ਸੋਚੀਂ ਪਏ ਹੋਏ ਸਨ। ਆਪਣੇ ‌’ਚੋਂ ਜਿਸ ਨੇ ਵੀ ਬੀਮਾਰੀ ਦੀ ਗੱਲ ਛੇੜੀ ਹੋ ਸਕਦਾ ਹੈ ਇਹ ਉਸੇ ਦੇ ਹੀ ਢੂਕਣੇ ਵਿਚ ਬੁਰਕ ਭਰ ਲਵੇ ਜਾਂ ਪੁੜੇ ਸੇਕ ਦਵੇ। ਗਾਲਾਂ ਦੀ ਬੁਛਾਰ ਤਾਂ ਗੱਲ ਸੁਣਨ ਸਾਰ ਹੀ ਕਰ ਦੇਣੀ ਐਂ।
ਜੇ ਇਸ ਦਾ ਇਲਾਜ ਨਾ ਕਰਾਇਆ ਤਾਂ ਆਪਾਂ ਸਭ ਨੇ ਬੀਮਾਰ ਹੋ ਕੇ ਘਰੇ ਬਹਿ ਜਾਣੈਂ। ‘ਰੰਗ’ ਨੇ ਚਿੰਤਾ ਜ਼ਾਹਰ ਕੀਤੀ। ਇਸ ਨੂੰ ਕਿਵੇਂ ਡਾਕਟਰ ਕੋਲ ਲੈ ਕੇ ਜਾਇਆ ਜਾਵੇ।
ਆਖਿਰ ਭੰਗ ਨੇ ਫੈਸਲਾ ਸੁਣਾ ਦਿੱਤਾ ਇਸ ਤਰ੍ਹਾਂ ਕਰੋ, ਆਪਾਂ ਸਾਰੇ ਕੁਰਸੀ,ਕੁਰਸੀ ਦੀ ਖੇਡ ਖੇਡਦੇ ਹਾਂ।
ਜਦੋਂ ਇਹ ਕੁਰਸੀ ‘ਤੇ ਬੈਠ ਗਿਆ ਉਦੋਂ ਕੁਰਸੀ ‘ਤੇ ਬੈਠੇ ਬਿਠਾਏ ਨੂੰ ਹੀ ਝੂਟੇ ਦਿੰਦੇ ਹੋਏ ਡਾਕਟਰ ਕੋਲ ਲੈ ਚੱਲਾਂਗੇ।
ਗੱਲ ਬਣ ਗਈ ਲੱਗਦੀ ਸੀ।
ਡਾਕਟਰ ਨੂੰ ਬੇਨਤੀ ਕਰਕੇ, ਸਣੇ ਕੁਰਸੀ ‘ਤੰਗ’ ਸਾਹਿਬ ਨੂੰ ਡਾਕਟਰ ਦੇ ਕਲੀਨਿਕ ‘ਚ ਪਹੁੰਚਾਇਆ ਗਿਆ। ਡਾਕਟਰ ਵੀ ਬਹੁਤਾ ਸਮਝਦਾਰ ਨਹੀਂ ਸੀ ਕਮਲਿਆਂ ਚ ਰਹਿ ਕੇ ਉਸ ਦਾ ਦਿਮਾਗ਼ ਪਹਿਲਾਂ ਹੀ ਚੁੱਕਿਆ ਗਿਆ ਸੀ।
ਉਹਨਾਂ ‘ਤੰਗ’ ਸਾਹਿਬ ਨਾਲ ਕੋਈ ਦਿਮਾਗ਼ ਵਾਲੀ ਗੱਲ ਨਾ ਕੀਤੀ ਤੇ ਨਾਲ ਹੀ ਡਾਕਟਰ ਸਾਹਿਬ ਕੋਲ ਗਏ ਰੰਗ,ਭੰਗ ਤੇ ਖੰਘ ਨੇ ਕੋਈ ਗੱਲ ਨਾ ਛੇੜੀ।
ਹਾਂਜੀ ਤੰਗ ਸਾਹਿਬ!
“ਤੁਸੀਂ ਤਾਂ ਸਣੇਂ ਕੁਰਸੀ ਵੀ ਹੀ ਆ ਗਏ।” ਡਾਕਟਰ ਨੇ ਤੰਗ ਸਾਹਿਬ ਨੂੰ ਪਿਆਰ ਨਾਲ ਪੁੱਛਿਆ।
ਹੋਰ ਕੀ ਕਰਾਂ, ਆਹ ਤਿੰਨ ਬਾਂਦਰ ਮੇਰੀ ਕੁਰਸੀ ਖੋਹਣ ਨੂੰ ਫਿਰਦੇ ਆ। ਮਿਹਨਤ ਮੈਂ ਕੀਤੀ,
ਕੁਰਸੀ ਮੈਂ ਖ਼ਾਲੀ ਕਰਾਈ, ਮੈਂ ਕੰਮ ਕੀਤੇ ਤੇ ਬੈਠਣ ਨੂੰ ਇਹ ਰੰਗ,ਭੰਗ ਤੇ ਖੰਘ ਫਿਰਦੇ ਨੇ।
“ਮੈਂ ਤੁਹਾਡੀ ਕੀ ਸੇਵਾ ਕਰ ਸਕਦਾਂ ?”
ਡਾਕਟਰ ਨੇ ਤੰਗ ਸਾਹਿਬ ਨੂੰ ਪੁੱਛਿਆ।
ਕੋਈ ਤਕਲੀਫ਼ ?
ਤਕਲੀਫ ! ਮੈਨੂੰ ਤਕਲੀਫ਼ ਕਾਹਦੀ , ਤਕਲੀਫ਼ ਤਾਂ ਤੁਹਾਨੂੰ ਹੋਣੀ ਐਂ ਜਾਂ ‌ਇਹਨਾਂ ਨੂੰ । ਮੈਨੂੰ ਕੋਈ ਤਕਲੀਫ਼ ਤੁਕਲੀਫ਼ ਨਹੀਂ।
ਡਾਕਟਰ ਹੈਰਾਨ ਪਰੇਸ਼ਾਨ।
ਰੰਗ ਨੇ ਆਪਣੀ ਜੀਭ ਕੱਢ ਕੇ ਡਾਕਟਰ ਵੱਲ ਇਸ਼ਾਰਾ ਕੀਤਾ।
ਭੰਗ ਨੇ ਕੰਨਪਟੀ ‘ਤੇ ਉਂਗਲ ਰੱਖ ਕੇ ਦਿਮਾਗ਼ੀ ਬੀਮਾਰੀ ਹੋਣ ਦਾ ਸੰਕੇਤ ਦਿੱਤਾ ਤੇ ਭੰਗ ਨੇ ਕੁਰਸੀ ਵੱਲ ਇਸ਼ਾਰਾ ਕੀਤਾ।
ਹੁਣ ਡਾਕਟਰ ਨੂੰ ਤੰਗ ਸਾਹਿਬ ਜੀ ਦੀ ਬੀਮਾਰੀ ਸਮਝ ਆ ਗਈ।
ਉਸ ਨੇ ਤਿੰਨਾਂ ਨੂੰ ਕੈਵਿਨ ਚੋਂ ਬਾਹਰ ਜਾਣ ਲਈ ਕਿਹਾ ਤੇ ਇਹ ਵੀ ਦੱਸਿਆ ਕਿ ਮੈਂ ਨੇਤਾ ਜੀ ਨਾਲ ਕੁਝ ਨਿੱਜੀ ਗੱਲਾਂ ਕਰਨੀਆਂ ਨੇ।
ਤਿੰਨੇ ਰੰਗ, ਭੰਗ ਤੇ ਖੰਘ ਬਾਹਰ ਚਲੇ ਗਏ।
ਲੱਗਦੈ, ਤੁਹਾਡੀ ਜੀਭ ਤੇ ਤਦੂਆ ਹੈ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਕਹਿ ਨਹੀਂ ਸਕਦੇ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਨਹੀਂ ਨਿਕਲਦਾ, ਲੱਗਦੈ, ਕੁਝ ਹੋਰ ਹੀ ਨਿਕਲ਼ ਜਾਂਦੈਂ।
ਓਏ ਡਾਕਟਰਾ ! ਤੈਨੂੰ ਕਿਹੜਾ ਭੜੂਆ ਕਹਿੰਦੇ ? ਲੱਗਦੈ
‘ਰੰਗ’ ਨੇ ਕੰਨ ਭਰੇ ਨੇ ਤੇਰੇ !
ਇਹ ਤਿੰਨੇ ਰਲੇ ਹੋਏ ਨੇ, ਮੇਰੀ ਕੁਰਸੀ ਖੋਹਣ ਨੂੰ ਫਿਰਦੇ ਨੇ। ਕਈ ਹੋਰ ਚੋਰ ਵੀ ਇਹਨਾਂ ਨਾਲ ਰਲੇ ਹੋਏ ਨੇ।
ਡਾਕਟਰ,” ਨਹੀਂ ਇਸ ਤਰ੍ਹਾਂ ਨਹੀਂ।
ਮੈਨੂੰ ਲਗਦੈ ਤੁਹਾਡੇ ਦਿਮਾਗ ‘ਤੇ ਕੋਈ ਭਾਰ ਵੀ ਐ।
ਭਾਰ ਤਾਂ ਭੰਗ ਦੇ ਸਿਰ ਤੇ ਐ ਜਿਸ ਨੂੰ ਮੇਰੀ ਪਾਰਟੀ ਨੇ ਪੱਠੇ ਨਹੀਂ ਪਾਏ ਤੇ ਉਸ ਨੂੰ ਕਿਹਾ ਤੂੰ ਕਦੇ ਵੀ ਅਗਵਾਈ ਨਹੀਂ ਕਰ ਸਕਦਾ।
ਤੁਹਾਡੇ ਮਿੱਤਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ।
ਇਹ ਤੈਨੂੰ ਡਾਕਟਰਾ, ਖੰਘ ਨੇ ਕਿਹਾ ਹੋਣੈਂ।
ਨਹੀਂ, ਮੈਂ ਉਹਨਾਂ ਨਾਲ ਮੈਂ ਕੋਈ ਗੱਲ ਨਹੀਂ ਕੀਤੀ।
ਬੁਲਾਓ ‌ਫਿਰ ਉਹਨਾਂ ਨੂੰ। ਜਦੋਂ ਡਾਕਟਰ ਨੇ ਤਿੰਨਾਂ ਨੂੰ ਅੰਦਰ ਬੁਲਾਇਆ ਤਾਂ ਉੱਥੇ ਇਕੱਲਾ ਰੰਗ ਬੈਠਾ ਸੀ, ਭੰਗ ਤੇ ਖੰਘ ਭੱਜ ਚੁੱਕੇ ਸਨ।
ਡਾਕਟਰ ਨੇ ਰੰਗ ਨੂੰ ਪੁੱਛਿਆ ਤੁਸੀਂ ਕਿਉਂ ਲੈ ਕੇ ਆਏ ਸੀ ਇਸ ਨੂੰ।
ਰੰਗ ਨੇ ਕਿਹਾ,” ਭੰਗ ਤੇ ਖੰਘ ਦੀ ਸਾਜ਼ਿਸ਼ ਸੀ। ਮੈਂ ਤਾਂ ਇਸ ਨੂੰ ਹਮੇਸ਼ਾਂ ਕੁਰਸੀ ਤੇ ਦੇਖਣਾ ਚਾਹੁੰਦਾਂ।
ਪਰ ਇਸ ਨੂੰ ਇੱਕ ਵਾਰ ਕੁਰਬਾਨੀ ਦੇਣੀ ਪਵੇਗੀ ਕਿਉਂਕਿ ਮੈਂ ਬਾਬੇ ਦੀ ਸੰਹੁ ਚੁੱਕੀ ਐ ਤੇ ਬਾਬੇ ਦੇ ਬਹੁਤੇ ਚੇਲੇ ਮੇਰਾ ਇੱਜ਼ਤ ਮਾਣ ਕਰਦੇ ਨੇ। ਹੁਣ ਤੁਸੀਂ ਦੇਖੋ ‌ਡਾਕਟਰ ਸਾਹਿਬ।
ਮੈਂ ਜੋ ਗੱਲ ਕਹਿਣੀ ਸੀ ਕਹਿ ਦਿੱਤੀ, ਮੈਂ ਤਾਂ ਖੁਦ ਬੀਮਾਰ ਹਾਂ, ਮੇਰੇ ਵੀ ਕੋਈ ਚੱਜ ਦਾ ਟੀਕਾ ਲਗਾ ਦਿਓ।
ਠੀਕ ਹੈ ਮੈਂ ਇਸ ਨੂੰ ਮਨਾਂ ਲਵਾਂਗਾ, ਤੇ ‌ਤੇਰੇ ਵੀ ‌ਚੱਜ‌ ਦਾ ‌ਟੀਕਾ ਲਗਾ ਦਿੰਦਾ ਹਾਂ,‌ ਤੂੰ ਅਜੇ ਬਾਹਰ ਬੈਠ।
ਰੰਗ ਚਾਬੜਾਂ ਪਾਉਂਦਾ ਹੋਇਆ ਬਾਹਰ ਆ ਗਿਆ ਤੇ ‌ਡਾਕਟਰ ਨੇ ਨਰਸ ਨੂੰ ਬੁਲਾ ਕੇ ਤੰਗ ‌ਦੇ ਬੇਹੋਸ਼ੀ ਦਾ ਟੀਕਾ ਲਗਾ ਦਿੱਤਾ।

(ਜਸਪਾਲ ਜੱਸੀ)
9463321125

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਜਾ ਪੂਰੀ ਕਰ ਚੁੱਕੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ -ਖਾਲਸਾ
Next articlePKL 8: Vijay, Neeraj Narwal shine as Dabang Delhi beat U Mumba