ਰੰਗ ਬਰੱਸ਼ ਤੇ ਕੈਨਵਸ 

ਜਗੀਰ ਸੱਧਰ

(ਸਮਾਜ ਵੀਕਲੀ)

             ਨਾ ਮੈਂ ਕਵੀ ਸਾਂ,
         ਨਾ ਕਹਾਣੀਕਾਰ,
         ਨਾ ਚਿਤਰਕਾਰ!
         ਮੈਂ ਤਾਂ ਇਕ ਗੀਤ ਸਾਂ
         ਗੀਤ ਵਾਂਗ ਜਿਉਂਦਾ ,
         ਤੇ ਜਿਉਂਣਾ ਚਾਹੁੰਦਾ ਸਾਂ !
         ਮੇਰੇ ਸੁਰ
         ਕਦੇ ਉਦਾਸ ਹੋ ਜਾਂਦੇ,
         ਕਦੇ ਸ਼ਹਿਨਾਈ ਬਣ ਗੂੰਜਦੇ
         ਮੈਂਨੂੰ ਪਿਆਰ ਵੀ
         ਬਹੁਤ ਮਿਲਿਆ
        …ਤੇ ਨਫਰਤ ਵੀ !
        ਪਰ ਮੈਂ
        ਪਿਆਰ ਅਤੇ ਨਫਰਤ
        ਦੋਹਾਂ ਦਾ ਸਤਿਕਾਰ ਕੀਤਾ
        ਮੈਂ ਜਿੰਦਗੀ ਨੂੰ
        ਬਹੁਤ ਪਿਆਰ ਕੀਤਾ !
       ਮੈਂ ਕਵਿਤਾ ਵੀ ਲਿਖਦਾ
       ਕਹਾਣੀ ਵੀ
      ..ਤੇ ਮੂਰਤਾਂ  ਵੀ ਵਾਹੁੰਦਾ!
        ਤੇ ..ਆਪਣੇ ਆਪ ਨੂੰ
        ਕਵੀ , ਕਹਾਣੀਕਾਰ
        ਤੇ ਚਿਤਰਕਾਰ ਅਖਵਾਉਂਦਾ !
       ਪਰ ਨਾ ਮੈਂ ਕਵੀ ਸਾਂ
       ਨਾ ਕਹਾਣੀਕਾਰ
      ਤੇ..ਨਾ ਮੂਰਤ ਕਾਰ !
     ਫਿਰ ਇਕ ਦਿਨ
     ਮੇਰੇ ਚਿਤਰਕਾਰ ਰਾਹਨੁਮਾ ਨੇ…
     ‘ਜਿਸਨੇ ਮੇਰੀਆਂ ਕਵਿਤਾਵਾਂ ਸੁਣੀਆਂ
      ਕਹਾਣੀਆਂ ਪੱੜੀਆਂ
      ਤੇ ਮੇਰੇ  ਵਾਹੇ ਚਿਤਰ ਵੇਖੇ ਸਨ !,
      ਕਿਹਾ —
       ” ਕਿਸੇ ਇਕ ਦਾ ਹੋਜਾ,
       ਤੂੰ ਇਕ ਨਹੀਂ..
       ਤਿੰਨ ਬੇੜੀਆਂ ਦਾ ਸਵਾਰ ਏਂ
       ਇਸ ਤਰਾਂ ,
       ਤੂੰ ਕਦੇ ਮੰਜਲ ਤੇ ਨਹੀਂ ਪਹੁੰਚ ਸਕਣਾ “!
       ਹੁਣ ਮੈਂ
       ਕਵਿਤਾ, ਕਹਾਣੀ ਜਾਂ ਚਿਤਰਕਾਰੀ ਚੋਂ
       ਇਕ ਨੂੰ ਚੁਣਨ ਸੀ
       ਗੁਰੂ ਦਾ ਕਿਹਾ ਜੁ ਮੰਨਣਾ ਸੀ !
       ..ਤੇ ਮੈਂ
       ਬੁਰਸ਼ ਨੂੰ ਤਿਆਗ ਕੇ
       ਕਲਮ ਨੂੰ ਸੀਨੇ ਨਾਲ ਲਾ ਲਿਆ
       ਇਕ ਖਿੰਡਰਿਆ ਹੋਇਆ ਵਿਅਕਤੀ
        ਮਹਿਜ਼ ਕਵੀ ਬਣਕੇ ਰਹਿ ਗਿਆ !
       ਅੱਜ ਮੇਰੇ ਕਮਰੇ ‘ਚ ਪਏ
       ਕੈਨਵਸ , ਬਰੱਸ਼  ਤੇ ਰੰਗ
       ਉਦਾਸ ਨੇ !
  ਜਗੀਰ ਸੱਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ   ਇਨਕਾਰ       
Next articleਸੁਫਨਾ