ਨਵੀਂ ਦਿੱਲੀ : ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਕੜਾਕੇ ਦੀ ਠੰਡ ਦਸਤਕ ਦੇਣ ਜਾ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਕਈ ਸੂਬਿਆਂ ‘ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
**ਪੱਛਮੀ ਹਿਮਾਲੀਅਨ ਖੇਤਰ ਵਿੱਚ ਬਰਫਬਾਰੀ ਅਤੇ ਮੀਂਹ:** ਮੌਸਮ ਵਿਭਾਗ ਦੇ ਅਨੁਸਾਰ, 23 ਜਨਵਰੀ ਤੱਕ ਪੱਛਮੀ ਹਿਮਾਲੀਅਨ ਖੇਤਰ ਵਿੱਚ ਕਈ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। 22 ਜਨਵਰੀ ਨੂੰ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਵੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ 22 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
**ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ:** ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ 27 ਜਨਵਰੀ ਤੱਕ ਮੌਸਮ ਖੁਸ਼ਕ ਰਹੇਗਾ। ਸਥਾਨਕ ਮੌਸਮ ਦਫਤਰ ਦੇ ਅਨੁਸਾਰ, ਹੰਸਾ ਅਤੇ ਕਾਜ਼ਾ ਵਿੱਚ ਕ੍ਰਮਵਾਰ 2.5 ਸੈਂਟੀਮੀਟਰ ਅਤੇ 0.8 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ।
**ਦਿੱਲੀ-ਐਨਸੀਆਰ ਵਿੱਚ ਠੰਢ ਅਤੇ ਧੁੰਦ:** ਦਿੱਲੀ-ਐਨਸੀਆਰ ਵਿੱਚ 23 ਜਨਵਰੀ ਤੋਂ ਬਾਅਦ ਠੰਢ ਵਧਣ ਦੀ ਸੰਭਾਵਨਾ ਹੈ। 24 ਜਨਵਰੀ ਨੂੰ ਸਵੇਰੇ ਬਹੁਤੀਆਂ ਥਾਵਾਂ ‘ਤੇ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਥਾਵਾਂ ‘ਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
** ਹਰਿਆਣਾ ਅਤੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਵੱਧ: ** ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਹਰਿਆਣਾ ਦੇ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਹਿਸਾਰ, ਕਰਨਾਲ, ਰੋਹਤਕ, ਨਾਰਨੌਲ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ, ਜਦਕਿ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 9.1 ਡਿਗਰੀ ਦਰਜ ਕੀਤਾ ਗਿਆ। ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਮੋਹਾਲੀ ਵਿੱਚ ਵੀ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਉਂਜ ਬਠਿੰਡਾ ਅਤੇ ਫ਼ਰੀਦਕੋਟ ਵਿੱਚ ਰਾਤ ਕਾਫ਼ੀ ਠੰਢੀ ਰਹੀ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 6.4 ਡਿਗਰੀ ਅਤੇ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly