HOME ਠੰਡੇ ਪਦਾਰਥ ਗਰਮੀਆਂ ਦੀ ਸੌਗਾਤ ਜਾਂ ਗਰਮੀਆਂ ਦੇ ਤੌਹਫੇ

ਠੰਡੇ ਪਦਾਰਥ ਗਰਮੀਆਂ ਦੀ ਸੌਗਾਤ ਜਾਂ ਗਰਮੀਆਂ ਦੇ ਤੌਹਫੇ

ਕਰਨੈਲ ਸਿੰਘ ਐੱਮ.ਏ. ਲੁਧਿਆਣਾ
 

ਕਰਨੈਲ ਸਿੰਘ ਐੱਮ.ਏ.

 (ਸਮਾਜ ਵੀਕਲੀ)   ਅੱਜ ਕੱਲ੍ਹ ਗਰਮੀ ਬਹੁਤ ਪੈ ਰਹੀ ਹੈ। ਤਾਪਮਾਨ 45 ਡਿਗਰੀ ਤੋਂ ਵੀ ਵੱਧ ਹੈ। ਗਰਮੀਆਂ ਦੇ ਦਿਨਾਂ ਵਿੱਚ ਹਰ ਕੋਈ ਠੰਡੇ ਪਦਾਰਥ ਹੀ ਖਾਣਾ ਪਸੰਦ ਕਰਦਾ ਹੈ । ਇਹਨਾਂ ਦਿਨਾਂ ਵਿੱਚ ਸਭ ਪਕਵਾਨ ਮਠਿਆਈਆਂ ਉਨਾਂ ਚਿਰ ਵਿਅਰਥ ਹਨ ਜਿਨ੍ਹਾਂ ਚਿਰ ਗਰਮੀ ਦੇ ਤੋਹਫ਼ੇ ਖਾਰਾ ਨਿੰਬੂ ਸੋਡਾ, ਸਿਕੰਜਵੀਂ, ਮਿਲਕ ਬਦਾਮ, ਆਈਸਕ੍ਰੀਮ, ਕੁਲਫੀ, ਕਸਾਟਾ, ਠੰਡੀ ਮਿੱਠੀ ਲੱਸੀ, ਠੰਡੇ ਕੋਕ, ਸ਼ੇਕ, ਰੂਹ ਅਫਜ਼ਾ ਸਰਬਤ, ਜੂਸ ਤੇ ਹੋਰ ਕਈ ਤਰ੍ਹਾਂ ਦੇ ਸ਼ਰਬਤ ਨਾ ਪੀਤੇ ਜਾਣ । ਇਹ ਸਭ ਮਾਰਕਿਟ ਵਿੱਚ ਉਪਲਬਧ ਹਨ।  ਗਰਮੀ ਵਿੱਚ ਮੂੰਹ ਵੀ ਛੇਤੀ ਸੁੱਕਦਾ ਹੈ ਤੇ ਪਿਆਸ ਵੀ ਬਹੁਤ ਲੱਗਦੀ ਹੈ । ਪਿਆਸ ਬੁਝਾਉਣ ਲਈ ਅਸੀਂ ਫਰਿੱਜ਼ ਜਾਂ ਵਾਟਰ-ਕੂਲਰ ਦਾ ਠੰਡਾ ਪਾਣੀ ਜਾਂ ਜੂਸ, ਕੋਕ ਦਾ ਇਸਤੇਮਾਲ ਕਰਦੇ ਹਾਂ। ਗਰਮੀਆਂ ਵਿੱਚ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ । ਧੁੱਪ ਵਿੱਚ ਜ਼ਿਆਦਾ ਕੰਮ ਕਾਰ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । ਜੇਕਰ ਕੰਮ ਬਹੁਤ ਜ਼ਰੂਰੀ ਹੋਣ ਤਾਂ ਕੀਤੇ ਜਾਣ ਪਰ ਪਾਣੀ ਦੀ ਬੋਤਲ ਹਮੇਸ਼ਾਂ ਆਪਣੇ ਨਾਲ ਰੱਖੋ।  ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਗੁਰਬਾਣੀ ਵਿੱਚ ਲਿਖਿਆ ਹੈ “ਪਹਿਲਾ ਪਾਣੀ ਜੀਉ ਹੈ” । ਪਾਣੀ ਦੀ ਸੇਵਾ ਵੀ ਹੋ ਸਕੇ ਤਾਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ । ਗਰਮੀਆਂ ਵਿੱਚ ਹੇਠ ਲਿਖੀਆਂ ਵਸਤਾਂ/ ਪਦਾਰਥਾਂ/ ਤੋਹਫ਼ਿਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ

   ਖਾਰਾ ਨਿੰਬੂ ਸੋਡਾ : ਗਰਮੀਆਂ ਵਿੱਚ ਸਫ਼ਰ ਦੌਰਾਨ ਪਿਆਸ ਬੁਝਾਉਣੀ ਹੋਵੇ ਜਾਂ ਸਫ਼ਰ ਦੀ ਥਕਾਵਟ ਦੂਰ ਕਰਨੀ ਹੋਵੇ ਤਾਂ ਤਾਜ਼ਾ ਖਾਰਾ ਨਿੰਬੂ ਸੋਡਾ ਗਿਲਾਸ ਭਰ ਕੇ ਇੱਕ ਵਾਰ ਪੀ ਲਿਆ ਜਾਵੇ।  ਇਸ ਨਾਲ ਇੱਕ ਵਾਰ ਰੂਹ ਤੱਕ ਦੀ ਗਰਮੀ ਲਹਿ ਜਾਂਦੀ ਹੈ। ਸਰੀਰ ਵਿੱਚ ਖੇੜਾ ਆ ਜਾਂਦਾ ਹੈ। ਬੱਸਾਂ, ਰੇਲ ਗੱਡੀਆਂ ਵਿੱਚ ਖਾਰਾ ਨਿੰਬੂ ਸੋਡਾ ਨੌਜਵਾਨ ਲੜਕੇ ਦਸ ਰੁਪਏ ਦਾ ਗਿਲਾਸ ਵੇਚਦੇ ਹਨ। ਪਰ ਇੱਕ ਤਾਂ ਉਹ ਠੰਡਾ ਨਹੀਂ ਹੁੰਦਾ, ਦੂਜਾ ਪਤਾ ਨਹੀਂ ਉਹ ਕਿੰਨਾ ਚਿਰ ਪਹਿਲਾਂ ਦਾ ਹੀ ਗਿਲਾਸ ਵਿੱਚ ਪਾ ਕੇ ਲਈ ਫਿਰਦੇ ਹੁੰਦੇ ਹਨ ।  ਉਹਨਾਂ ਪਾਸੋਂ ਸੋਡਾ ਲੈ ਕੇ ਪੀਣਾ ਆਪਣੇ ਆਪ ਨੂੰ ਬਿਮਾਰੀ ਹੀ ਸਹੇੜਨੀ ਹੈ ।  ਇਸ ਲਈ ਕੋਸ਼ਿਸ਼ ਕਰੋ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਬਾਜ਼ਾਰ ‘ਚ ਕਿਸੇ ਵਧੀਆ ਦੁਕਾਨ ਜਾਂ ਰੇਹੜੀ ਵਾਲੇ ਕੋਲੋਂ ਹੀ ਤਾਜ਼ਾ ਖਾਰਾ ਨਿੰਬੂ ਸੋਡਾ ਪੀਤਾ ਜਾਵੇ।
   ਸ਼ਿਕੰਜਵੀ : ਸ਼ਿਕੰਜਵੀਂ ਨਿੰਬੂ ਦੀ ਬਣਦੀ ਹੈ ਅੱਜ-ਕੱਲ੍ਹ ਬਾਜ਼ਾਰ ਵਿੱਚ ਨਿੰਬੂ 100 ਰੁਪਏ ਕਿੱਲੋ ਤੋਂ ਲੈ ਕੇ 200-250 ਰੁਪਏ ਕਿੱਲੋ ਤੱਕ ਵਿਕ ਰਹੇ ਹਨ।  ਗਰਮੀਆਂ ਵਿੱਚ ਸਫ਼ਰ ਦੌਰਾਨ ਸ਼ਿਕੰਜਵੀਂ ਪੀਣ ਨਾਲ ਪਿਆਸ ਜ਼ਿਆਦਾ ਲੱਗਦੀ ਹੈ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਸ਼ਿਕੰਜਵੀ ਵੇਚਣ ਵਾਲੇ ਆਮ ਹੀ ਫਿਰਦੇ ਮਿਲਦੇ ਹਨ ।  ਇਹਨਾਂ ਕੋਲੋਂ ਸ਼ਿਕੰਜਵੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੇਚਣ ਵਾਲੇ ਬੱਚੇ, ਵਿਅਕਤੀ ਪਤਾ ਨਹੀਂ ਕਦੋਂ ਦੀ ਬਣਾ ਕੇ ਲਈ ਫਿਰਦੇ ਹੁੰਦੇ ਹਨ । ਇਸ ਲਈ ਕਿਸੇ ਥਾਂ ਰੁਕ ਕੇ ਤਾਜ਼ਾ ਸ਼ਿਕੰਜਵੀਂ ਬਣਵਾ ਕੇ ਹੀ ਪੀਣੀ ਚਾਹੀਦੀ ਹੈ । ਕਈ ਵਾਰ ਪਹਿਲਾਂ ਦੀ ਬਣੀ ਹੋਈ ਸ਼ਿਕੰਜਵੀਂ ਰੇਹੜੀ ਵਾਲੇ ਪਿਆ ਦਿੰਦੇ ਹਨ । ਇਸ ਨਾਲ ਨਾ ਤਾਂ ਸਰੀਰ ਵਿੱਚ ਠੰਡਕ ਪਹੁੰਚਦੀ ਹੈ, ਨਾ ਹੀ ਪੀਣ ਦਾ ਮਜ਼ਾ ਆਉਂਦਾ ਹੈ । ਦਿਲ ਵੀ ਕੱਚਾ-ਕੱਚਾ ਹੁੰਦਾ ਹੈ ਤੇ ਕਈ ਵਾਰ ਪੇਟ ਵੀ ਦਰਦ ਹੋਣ ਲੱਗ ਪੈਂਦਾ ਹੈ । ਸ਼ਿਕੰਜਵੀ ਦਾ ਛੋਟਾ ਗਿਲਾਸ 10 ਰੁਪਏ, ਵੱਡਾ ਗਿਲਾਸ 20 ਰੁਪਏ ਦਾ ਹੈ। ਸ਼ਿਕੰਜਵੀਂ ਘਰ ਵੀ ਬਣਾ ਕੇ ਪੀਤੀ ਜਾ ਸਕਦੀ ਹੈ ।  ਥੋੜ੍ਹੇ ਜਿਹੇ ਤਾਜ਼ਾ ਪਾਣੀ ਵਿੱਚ ਖੰਡ ਘੋਲ ਲਉ, ਫਿਰ ਨਿੰਬੂ ਨਿਚੋੜ ਲਉ, ਠੰਡਾ ਪਾਣੀ ਫਰਿੱਜ਼ ਦਾ ਜਾਂ ਘੜੇ ਦਾ ਲੋੜ ਅਨੁਸਾਰ ਪਾਓ । ਜਿਤਨਾ ਠੰਡਾ ਪਸੰਦ ਕਰਦੇ ਹੋ, ਉਸ ਅਨੁਸਾਰ ਬਰਫ਼ ਪਾਈ ਜਾ ਸਕਦੀ ਹੈ । ਨਮਕ (ਲੂਣ) ਤੇ ਕਾਲੀ ਮਿਰਚ ਪਾਉਣ ਨਾਲ ਸ਼ਿਕੰਜਵੀਂ ਦਾ ਸਵਾਦ ਹੀ ਅਲੱਗ ਹੁੰਦਾ ਹੈ ।
 ਮਿਲਕ ਬਦਾਮ : ਸੋਢੇ ਦੀਆਂ ਬੋਤਲਾਂ ਵਿੱਚ ਮਿੱਠੇ ਵਾਲਾ ਦੁੱਧ ਠੰਡਾ ਕਰਕੇ ਪਾਇਆ ਜਾਂਦਾ ਹੈ।  ਬਦਾਮ, ਕਾਜੂ ਟੋਟਾ, ਸੌਗੀ ਵਿੱਚ ਪਾ ਕੇ ਬਰਫ਼ ਦੀ ਪੇਟੀ ਜਾਂ ਫਰਿੱਜ਼ ਵਿੱਚ ਠੰਡੀਆਂ ਹੋਣ ਲਈ ਬੋਤਲਾਂ ਲਾ ਦਿੱਤੀਆਂ ਜਾਂਦੀਆਂ ਹਨ । ਬੋਤਲਾਂ ਦੇ ਉੱਪਰ ਢੱਕਣ ਪਲਾਸਟਿਕ ਦੇ ਹੁੰਦੇ ਹਨ ।  ਜਦੋਂ ਦੁਕਾਨਦਾਰ ਵੱਲੋਂ ਗਾਹਕ ਨੂੰ ਦੁੱਧ ਵਾਲੀ ਬੋਤਲ (ਭਾਵ ਮਿਲਕ ਬਦਾਮ) ਪੀਣ ਲਈ ਦਿੱਤੀ ਜਾਂਦੀ ਹੈ ਤਾਂ ਉਹ ਬੋਤਲ ਉੱਪਰੋਂ ਢੱਕਣ ਉਤਾਰ ਕੇ ਦਿੰਦਾ ਹੈ ।  ਇਹ ਢੱਕਣ ਦੁਬਾਰਾ ਫਿਰ ਬੋਤਲਾਂ ਨੂੰ ਸਾਫ਼ ਕਰਨ ਉਪਰੰਤ ਉਹਨਾਂ ‘ਚ ਦੁੱਧ, ਡਰਾਈ ਫਰੂਟ ਪਾ ਕੇ ਫਿਰ ਬੋਤਲ ਤੇ ਲਗਾਇਆ ਜਾਂਦਾ ਹੈ। ਮਿਲਕ ਬਦਾਮ ਪੀਣ ਨਾਲ ਸਰੀਰ ਅੰਦਰ ਠੰਡ ਪੈ ਜਾਂਦੀ ਹੈ। ਇਸ ਦੀ ਕੀਮਤ 60 ਰੁਪਏ ਤੋਂ ਲੈ ਕੇ 90 ਰੁਪਏ ਤੱਕ ਹੈ । ਇਹ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਹੈ। 200 ਮਿਲੀ ਲੀਟਰ ਦੀ ਬੋਤਲ 75 ਰੁਪਏ, 300 ਮਿਲ਼ੀ ਲੀਟਰ ਦੀ ਬੋਤਲ 110 ਰੁਪਏ ਦੀ ਹੈ। 200 ਮਿਲੀ ਲੀਟਰ ਗਿਲਾਸ 70 ਰੁਪਏ ਦਾ ਹੈ। ਰੈਡੀਮੇਡ ਦੁੱਧ ਦੀ ਕੀਮਤ ਦੀ ਬੋਤਲ 35-40 ਰੁਪਏ ਦੀ ਹੈ। ਇਹ ਰੇਲਵੇ ਸਟੇਸ਼ਨਾਂ ,ਬੱਸ ਅੱਡਿਆਂ ਤੇ ਵੀ ਉਪਲਬਧ ਹੈ। ਇਸ ਵਿੱਚ ਡਰਾਈ ਫਰੂਟ ਨਹੀਂ ਪਾਇਆ ਹੁੰਦਾ।
ਲੱਸੀ : ਇਹ ਹਲਵਾਈ ਜਾਂ ਢਾਬਿਆਂ ਦੀਆਂ ਦੁਕਾਨਾਂ, ਦੁੱਧ ਦੀਆਂ ਡੈਅਰੀਆਂ ਤੇ ਜਾਂ ਫਿਰ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਉਪਲਬਧ ਹੁੰਦੀ ਹੈ । ਵੈਸੇ ਤਾਂ ਗਰਮੀ ਕਾਰਨ ਅੱਜ-ਕੱਲ੍ਹ ਲੋਕ ਘਰਾਂ ਵਿੱਚ ਹੀ ਦਹੀਂ ਤੋਂ ਲੱਸੀ ਤਿਆਰ ਕਰ ਲੈਂਦੇ ਹਨ ਪਰ ਕਈ ਵੱਡੇ ਸ਼ਹਿਰਾਂ ਵਿੱਚ ਤਾਂ ਲੋਕ ਗਰਮੀ ਦੇ ਸੀਜ਼ਨ (ਮੌਸਮ) ਵਿੱਚ ਲੱਸੀ ਵੇਚਣ ਦਾ ਕੰਮ ਕਰਕੇ ਹੀ ਪਰਿਵਾਰ ਪਾਲ ਰਹੇ ਹਨ । ਲੁਧਿਆਣਾ ਸ਼ਹਿਰ ਵਿੱਚ ਲੋਕਲ ਅੱਡੇ ਦੇ ਨਜ਼ਦੀਕ ਲੱਸੀ ਦਾ ਛੋਟਾ ਗਿਲਾਸ 10 ਰੁਪਏ ਅਤੇ ਵੱਡਾ ਗਿਲਾਸ 20 ਰੁਪਏ ਦਾ ਹੈ । ਡੈਅਰੀਆਂ ਤੇ ਲੱਸੀ ਦਾ ਛੋਟਾ ਗਿਲਾਸ 40 ਰੁਪਏ ਦਾ ਅਤੇ ਵੱਡਾ ਗਿਲਾਸ 60 ਰੁਪਏ ਦਾ ਹੈ। ਇਹ ਲੱਸੀ ਪੀਣ ਦਾ ਮਜ਼ਾ ਆ ਜਾਂਦਾ ਹੈ। ਦੁੱਧ-ਦਹੀਂ ਦੀਆਂ ਕਈ ਡੈਅਰੀਆਂ ਤੇ ਪਹਿਲਾਂ ਇੱਕ ਕਿੱਲੋ ਦਹੀਂ ਨਾਲ ਇੱਕ ਕਿੱਲੋ ਲੱਸੀ ਮੁਫ਼ਤ ਦਿੱਤੀ ਜਾਂਦੀ ਸੀ, ਹੁਣ ਲੱਸੀ 25 ਰੁਪਏ ਕਿੱਲੋ ਹੈ, ਮਿੱਠੀ ਲੱਸੀ, ਦਹੀਂ ਦੀ ਲੱਸੀ, ਚਾਟੀ ਦੀ ਲੱਸੀ ਬਹੁਤ ਮਸ਼ਹੂਰ ਹੈ । ਇਸਦਾ ਵੱਡਾ ਗਿਲਾਸ ਇੱਕੋ ਵਾਰੀ ਡੀਕ ਲਾ ਕੇ ਪੀਣ ਦਾ ਆਪਣਾ ਹੀ ਅਨੰਦ ਹੈ। ਲੱਸੀ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ । ਗਰਮੀ ਵਿੱਚ ਦਹੀਂ-ਲੱਸੀ ਦਾ ਨਾਸ਼ਤੇ ਵਿੱਚ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀ ਵਿੱਚ ਲੱਸੀ ਸਿਹਤ ਲਈ ਬਹੁਤ ਲਾਹੇਵੰਦ ਹੈ।
ਆਈਸਕ੍ਰੀਮ : ਗਰਮੀਆਂ ਵਿੱਚ ਲੋਕ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹੀ ਆਈਸਕ੍ਰੀਮ ਖਾਣਾ ਪਸੰਦ ਕਰਦੇ ਹਨ ।  ਇਸੇ ਕਰਕੇ ਲੋਕ ਖਾਣਾ ਖਾਣ ਉਪਰੰਤ ਸੈਰ ਕਰਨ ਦੇ ਬਹਾਨੇ ਜਦੋਂ ਘਰਾਂ ‘ਚੋਂ ਨਿਕਲਦੇ ਹਨ ਤਾਂ ਠੰਡੀ ਆਈਸਕ੍ਰੀਮ ਚੁਸਕੀਆਂ ਲੈ ਕੇ ਖਾਂਦੇ ਹਨ। ਆਈਸਕ੍ਰੀਮ ਦਾ ਵਿਆਹ ਸ਼ਾਦੀਆਂ,  ਖੁਸ਼ੀ ਗਮੀ ਦੇ ਮੌਕਿਆਂ ‘ਚ ਵੀ ਆਮ ਹੀ ਇਸਤੇਮਾਲ ਕੀਤਾ ਜਾਂਦਾ ਹੈ । ਪਹਿਲਾਂ-ਪਹਿਲ ਤਾਂ ਇਸ ਦਾ ਇਸਤੇਮਾਲ ਗਰਮੀਆਂ ਵਿੱਚ ਹੀ ਕੀਤਾ ਜਾਂਦਾ ਸੀ, ਅੱਜ-ਕੱਲ੍ਹ ਤਾਂ ਦਸੰਬਰ-ਜਨਵਰੀ ਮਹੀਨੇ ਵਿੱਚ ਵਿਆਹਾਂ ਤੇ ਹੋਰ ਕਈ ਪ੍ਰੋਗਰਾਮਾਂ ਵਿੱਚ ਵੀ ਆਈਸਕ੍ਰੀਮ ਪ੍ਰੋਸੀ ਜਾਂਦੀ ਹੈ ਕਿਉਂਕਿ ਹੁਣ ਪਹਿਲਾਂ ਜਿੰਨੀ ਠੰਡ ਨਹੀਂ ਪੈਂਦੀ । ਅੱਜ ਘਰ ਆਏ ਮਹਿਮਾਨਾਂ ਨੂੰ ਵੀ ਲੰਚ ਜਾਂ ਡਿਨਰ ਕਰਵਾਉਣ ਉਪਰੰਤ ਆਈਸਕ੍ਰੀਮ ਪ੍ਰੋਸੀ ਜਾ ਰਹੀ ਹੈ ।
           ਅੱਜ-ਕੱਲ੍ਹ ਆਈਸਕ੍ਰੀਮ ਬੰਦ ਪੈਕਟਾਂ, ਡੱਬਿਆਂ ‘ਚ ਰੰਗ-ਬਿਰੰਗੀ ਤੇ ਵੱਖ-ਵੱਖ ਤਰ੍ਹਾਂ ਦੇ ਫਲੇਵਰਸ ਦੀ ਬਜ਼ਾਰਾਂ ‘ਚ ਉਪਲਬਧ ਹੈ। ਗਲੀਆਂ-ਮੁਹੱਲਿਆਂ ਵਿੱਚ ਵੀ ਆਈਸਕ੍ਰੀਮ ਵੇਚਣ ਵਾਲੇ ਆਮ ਹੀ ਫਿਰਦੇ ਹੁੰਦੇ ਹਨ ਆਈਸਕ੍ਰੀਮ ਦੇ ਕੋਨ/ ਕੱਪ ਦੀ ਮਾਰਕੀਟ ਵਿੱਚ ਵੱਖ-ਵੱਖ ਕੀਮਤ ਹੈ।  ਫਰੂਟ ਆਈਸਕ੍ਰੀਮ 40 ਰੁਪਏ, ਵਨੀਲਾ 40 ਰੁਪਏ, ਸਟਰਾਬੈਰੀ 40 ਰੁਪਏ, ਮੈਂਗੋ 40 ਰੁਪਏ,ਪਾਈਨ ਐਪਲ 40 ਰੁਪਏ, ਬਟਰ ਸਕਾਚ 60 ਰੁਪਏ, ਬਲੈਕ ਕਰੰਟ 70 ਰੁਪਏ, ਚੋਕੋ ਚਿਪਸ 70 ਰੁਪਏ, ਟੂਟੀ ਫਰੂਟੀ 60 ਰੁਪਏ, ਡਰਾਈ ਫਰੂਟ 70 ਰੁਪਏ, ਚਾਕਲੇਟ 50 ਰੁਪਏ, ਕੋਨ ਆਈਸਕ੍ਰੀਮ 30 ਤੋਂ 60 ਰੁਪਏ ਅਤੇ ਹੋਰ ਅਨੇਕਾਂ ਹੀ ਫਲੇਵਰਸ ਹਨ ।  ਡਰਾਈ ਫਰੂਟ ਆਈਸਕ੍ਰੀਮ ਇੱਕ ਕਿੱਲੋ 570 ਰੁਪਏ, ਡਰਾਈ ਫਰੂਟ ਆਈਸਕ੍ਰੀਮ 500 ਗ੍ਰਾਮ 290 ਰੁਪਏ, ਡਰਾਈ ਫਰੂਟ ਆਈਸਕ੍ਰੀਮ 250 ਗ੍ਰਾਮ 170 ਰੁਪਏ ਦੀ ਮਿਲਦੀ ਹੈ। ਬੰਦ ਪੈਕਟਾਂ, ਡੱਬਿਆਂ ਵਿੱਚ ਇੱਕ ਲੀਟਰ ਆਈਸਕ੍ਰੀਮ ਦੀ ਕੀਮਤ 150 ਰੁਪਏ  ਤੋਂ ਲੈ ਕੇ 500-600 ਰੁਪਏ ਤੱਕ ਹੈ। ਜਿਵੇਂ ਵਨੀਲਾ ਇੱਕ ਲੀਟਰ 170 ਰੁਪਏ, ਚਾਰ ਲੀਟਰ ਗੈਲਨ 680 ਰੁਪਏ, ਸਟਰਾਬੇਰੀ ਇੱਕ ਲੀਟਰ 170 ਰੁਪਏ, ਚਾਰ ਲੀਟਰ ਗੈਲਨ 680 ਰੁਪਏ, ਮੈਂਗੋ ਇੱਕ ਲੀਟਰ 200 ਰੁਪਏ, ਚਾਰ ਲੀਟਰ ਗੈਲਨ 800 ਰੁਪਏ, ਪਾਈਨ ਐਪਲ ਇੱਕ ਲੀਟਰ 180 ਰੁਪਏ, ਚਾਰ ਲੀਟਰ ਗੈਲਨ 720 ਰੁਪਏ, ਬਟਰ ਸਕਾਚ ਇੱਕ ਲੀਟਰ 230 ਰੁਪਏ, ਚਾਰ ਲੀਟਰ ਗੈਲਨ 920 ਰੁਪਏ, ਬਲੈਕ ਕਰੰਟ ਇੱਕ ਲੀਟਰ 230 ਰੁਪਏ, ਚਾਰ ਲੀਟਰ ਗੈਲਨ 920 ਰੁਪਏ, ਬਲਿਊ ਬੇਰੀ ਇੱਕ ਲੀਟਰ 230 ਰੁਪਏ, ਚਾਰ ਲੀਟਰ ਗੈਲਨ 920 ਰੁਪਏ, ਬਦਾਮ ਕੇਵੜਾ ਇੱਕ ਲੀਟਰ 220 ਰੁਪਏ, ਚਾਰ ਲੀਟਰ ਗੈਲਨ 840 ਰੁਪਏ, ਟੂਟੀ ਫਰੂਟੀ ਇੱਕ ਲੀਟਰ 200 ਰੁਪਏ, ਚਾਰ ਲੀਟਰ ਗੈਲਨ 800 ਰੁਪਏ, ਰੋਸਟਡ ਅਲਮੋਂਡ ਇੱਕ ਲੀਟਰ 220 ਰੁਪਏ, ਚਾਰ ਲੀਟਰ ਗੈਲਨ 880 ਰੁਪਏ, ਬਨਾਨਾ ਇੱਕ ਲੀਟਰ 220 ਰੁਪਏ, ਚਾਰ ਲੀਟਰ ਗੈਲਨ 880 ਰੁਪਏ, ਕਾਜੂ ਕਿਸ਼ਮਿਸ਼ ਇੱਕ ਲੀਟਰ 225 ਰੁਪਏ, ਚਾਰ ਲੀਟਰ ਗੈਲਨ 900 ਰੁਪਏ, ਪਿਸਤਾ ਇੱਕ ਲੀਟਰ 230 ਰੁਪਏ, ਚਾਰ ਲੀਟਰ ਗੈਲਨ 920 ਰੁਪਏ, ਟੂ ਇਨ ਵਨ ਇੱਕ ਲੀਟਰ 175 ਰੁਪਏ, ਚਾਰ ਲੀਟਰ ਗੈਲਨ 700 ‌ ਰੁਪਏ ਕੀਮਤ ਹੈ। ਇਸ ਤੋਂ ਇਲਾਵਾ ਹੋਰ ਵੀ ਆਈਸਕ੍ਰੀਮ ਦੇ ਵੱਖ-ਵੱਖ ਫਲੇਵਰ ਹਨ । ਚਾਰ ਲੀਟਰ ਗੈਲਨ ਦੀ ਕੀਮਤ 680 ਰੁਪਏ ਤੋਂ ਲੈ ਕੇ 2950 ਰੁਪਏ ਤੱਕ ਹੈ।
              ਆਈਸਕ੍ਰੀਮ ਦੇ ਸ਼ੇਕ ਵੀ ਪੀਣ ਲਈ ਮਾਰਕਿਟ ਵਿੱਚ ਉਪਲਬਧ ਹਨ ਜਿਵੇਂ ਵਨੀਲਾ ਸ਼ੇਕ 130 ਰੁਪਏ, ਸਟਰਾਬੇਰੀ ਸ਼ੇਕ 130 ਰੁਪਏ, ਮੈਂਗੋ ਸ਼ੇਕ 140 ਰੁਪਏ, ਚੋਕਲੇਟ ਸ਼ੇਕ 140 ਰੁਪਏ, ਕੋਲਡ ਕੌਫੀ ਆਈਸਕ੍ਰੀਮ ਸਮੇਤ ਸ਼ੇਕ 140 ਰੁਪਏ, ਇਲਾਇਚੀ ਕੇਸਰ ਸ਼ੇਕ 140 ਰੁਪਏ, ੳਰੀਉ ਆਈਸਕ੍ਰੀਮ ਸ਼ੇਕ 150 ਰੁਪਏ, ਡਰਾਈ ਫਰੂਟ ਆਈਸਕ੍ਰੀਮ ਸ਼ੇਕ 160 ਰੁਪਏ,ਕੇਲਾ ਸ਼ੇਕ 130 ਰੁਪਏ, ਬਟਰ ਸਕਾਚ ਸ਼ੇਕ 140 ਰੁਪਏ ਹਨ। ਆਈਸਕ੍ਰੀਮ ਚੈਰੀ, ਕਾਜੂ, ਬਦਾਮ ਤੇ ਹੋਰ ਕਈ ਪ੍ਰਕਾਰ ਦੇ ਡਰਾਈ ਫਰੂਟਸ ਦੀਆਂ ਮਾਰਕਿਟ ਵਿੱਚ ਮਿਲਦੀਆਂ ਹਨ।  ਜਿਨ੍ਹਾਂ ਨੂੰ ਖਾਣ ਨਾਲ ਵਿਅਕਤੀ/ ਲੋਕਾਂ ਦੇ ਧੁਰ ਅੰਦਰ ਤੱਕ ਠੰਡਕ ਪਹੁੰਚ ਜਾਂਦੀ ਹੈ। ਆਪਣੀ ਜੇਬ ਵੇਖ ਕੇ ਆਈਸਕ੍ਰੀਮ ਖਾਉ। ਜੋ ਤੁਹਾਡਾ ਮਨ ਕਹੇ ਜਾਂ ਤੁਹਾਡਾ ਮਨ ਖਾਣ ਨੂੰ ਕਰੇ, ਉਹ ਹੀ ਆਈਸਕ੍ਰੀਮ ਲੈ ਕੇ ਖਾਉ। ਆਈਸਕ੍ਰੀਮ ਦਾ ਲੁਤਫ ਕੁਝ ਪਲਾਂ ਦਾ ਹੁੰਦਾ ਹੈ। ਅੱਜ-ਕੱਲ‌ ਤਾਂ ਆਈਸਕ੍ਰੀਮ ਘਰ ਵੀ ਬਣਾਈ ਜਾ ਸਕਦੀ ਹੈ । ਆਈਸਕ੍ਰੀਮ ਦਾ ਪਾਊਡਰ ਮਾਰਕਿਟ ਵਿੱਚ ਮਿਲਦਾ ਹੈ । ਪਾਊਡਰ ਵਾਲੇ ਡੱਬੇ ਤੇ ਆਈਸਕ੍ਰੀਮ ਬਣਾਉਣ ਦਾ ਤਰੀਕਾ ਲਿਖਿਆ ਹੋਇਆ ਹੁੰਦਾ ਹੈ ਜਿਸ ਨੂੰ ਪੜ੍ਹ ਕੇ ਬਣਾਈ ਜਾ ਸਕਦੀ ਹੈ । ਇਹ ਆਈਸਕ੍ਰੀਮ ਸਵਾਦਿਸ਼ਟ ਤੇ ਬਜ਼ਾਰੀ ਆਈਸਕ੍ਰੀਮ ਨਾਲੋਂ ਸਸਤੀ ਪੈਂਦੀ ਹੈ।
ਫਰੂਟੀ : ਇਸ ਨੂੰ ਬੱਚੇ ਹੀ ਜ਼ਿਆਦਾ ਪਸੰਦ ਕਰਦੇ ਹਨ ਇਸ ਦੀ ਕੀਮਤ 10 ਰੁਪਏ ਹੈ ਪਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਿਨੇਮਾ ਘਰਾਂ  ਅਤੇ ਰੈਸਟੋਰੈਂਟਾਂ ਵਿੱਚ ਇਸ ਦੀ ਕੀਮਤ 15 ਤੋਂ 30 ਤੱਕ ਹੈ। ਇਹ ਡੱਬੀ ਵਿੱਚ ਹੁੰਦੀ ਹੈ ਅੱਜ- ਕੱਲ੍ਹ ਤਾਂ ਵੱਡੇ ਡੱਬਿਆਂ ਵਿੱਚ ਵੀ ਇਸਤੇਮਾਲ ਹੋਣ ਲੱਗ ਪਈ ਹੈ। ਕਈ ਵਾਰ ਪਿਆਸ ਬੁਝਾਉਣ ਲਈ ਨੌਜਵਾਨ, ਮੱਧ ਵਰਗ ਤੇ ਬਜ਼ੁਰਗ ਵੀ ਇਸ ਦਾ ਇਸਤੇਮਾਲ ਕਰਦੇ ਹਨ। ਇਸ ਦਾ ਵੀ ਆਪਣਾ ਹੀ ਸਵਾਦ ਹੈ। ਫਰੂਟੀ ਦੇ ਬੰਦ ਪੈਕਟ ਵਿੱਚ 10 ਡੱਬੀਆਂ ਹੁੰਦੀਆਂ ਹਨ। ਇਸ ਦੀ ਕੀਮਤ ਥੋਕ ਰੇਟ ਵਿੱਚ 85-90 ਰੁਪਏ ਹੈ। ਫਰੂਟੀ ਦੇ ਵੱਡੇ ਡੱਬੇ ਵਿੱਚ 40 ਪੀਸ (ਡੱਬੀਆਂ) ਦੀ ਕੀਮਤ 340 ਰੁਪਏ ਹੈ ।
ਕਸਾਟਾ : ਇਹ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ । ਇਸ ਦੀ ਪੈਕਿੰਗ ਗੱਤੇ ਦੇ ਡੱਬਿਆਂ ‘ਚ ਹੁੰਦੀ ਹੈ। ਛੋਟਾ ਪੈਕਟ 90 ਰੁਪਏ, ਵੱਡਾ 120 ਰੁਪਏ ਤੇ ਉਸ ਤੋਂ ਵੱਡਾ 150 ਰੁਪਏ ਦਾ ਹੈ । ਇਹ ਬਹੁਤ ਠੰਡਾ-ਠਾਰ ਹੁੰਦਾ ਹੈ । ਇਸ ਨੂੰ ਹੌਲੀ-ਹੌਲੀ ਖਾਧਾ ਜਾਂਦਾ ਹੈ । ਇਹ ਜ਼ਿਆਦਾ ਠੰਡਾ ਹੋਣ ਕਰਕੇ ਦੰਦਾਂ ਨੂੰ ਲੱਗਦਾ ਹੈ । ਇਸ ਵਿੱਚ ਕਾਜੂ, ਬਦਾਮ ਤੇ ਹੋਰ ਕਈ ਮਿਸ਼ਰਣ ਪਾਏ ਹੁੰਦੇ ਹਨ।
ਘੜੇ ਵਾਲੀ ਕੁਲਫੀ : ਘੜੇ ਵਾਲੀ ਕੁਲਫੀ ਨੂੰ ਮੱਟ ਵਾਲੀ ਕੁਲਫੀ ਜਾਂ ਮਟਕਾ ਕੁਲਫੀ ਵੀ ਕਿਹਾ ਜਾਂਦਾ ਹੈ।  ਇਸ ਨੂੰ ਖਾਣ ‘ਚ ਵੱਖਰਾ ਹੀ ਅਨੰਦ ਹੈ । ਠੰਡੇ ਖੋਏ ਵਿੱਚ ਬਦਾਮ, ਕਾਜੂ, ਪਿਸਤਾ, ਸੌਗੀ ਤੇ ਮਿੱਠੇ ਦਾ ਸਵਾਦੀ ਮਿਸ਼ਰਣ ਹੁੰਦਾ ਹੈ। ਇਹ ਮਿਸ਼ਰਣ ਪਲਾਸਟਿਕ ਜਾਂ ਸਿਲਵਰ ਦੀਆਂ ਕੁੱਪੀਆਂ ਦੇ ਖੋਲ੍ਹ ਵਿੱਚ ਭਰ ਕੇ ਬਰਫ ਤੇ ਲੂਣ (ਨਮਕ) ਵਾਲੇ ਮੱਟ ਵਿਚ ਸੁੱਟ (ਪਾ) ਦਿੱਤੀਆਂ ਜਾਂਦੀਆਂ ਹਨ ਫਿਰ ਇੱਕ ਮਜ਼ਬੂਤ ਲੱਕੜ ਦੇ ਡੰਡੇ ਨਾਲ ਹਿਲਾਇਆ ਜਾਂਦਾ ਹੈ । ਵਾਧੂ ਪਾਣੀ ਪਾਈਪ ਜਾਂ ਕੱਪ ਨਾਲ ਬਾਹਰ ਕੱਢ ਦਿੱਤਾ ਜਾਂਦਾ ਹੈ। ਜਦ ਕੁਲਫੀ ਪੂਰੀ ਤਰ੍ਹਾਂ ਜੰਮ ਕੇ ਠੰਡੀ ਹੋ ਜਾਂਦੀ ਹੈ ਤਾਂ ਗਾਹਕ ਨੂੰ ਪਲੇਟ ਵਿੱਚ ਪਾ ਕੇ, ਕੱਟ ਕੇ, ਦੂਜੇ ਪਦਾਰਥਾਂ ਫਲੂਦਾ, ਗੂੰਦ ਕਤੀਰਾ ਤੇ ਸ਼ਰਬਤ (ਮਿੱਠਾ) ਪਾ ਕੇ ਖਾਣ ਲਈ ਪਰੋਸ ਦਿੱਤੀ ਜਾਂਦੀ ਹੈ। ਇਸ ਦੀ ਕੀਮਤ 70 ਰੁਪਏ ਤੋਂ ਲੈ ਕੇ 120 ਰੁਪਏ ਤੱਕ ਹੈ। ਸਪੈਸ਼ਲ ਘੜੇ ਵਾਲੇ ਕੁਲਫੀ ਰਬੜੀ ਸਮੇਤ ਦੀ ਕੀਮਤ 120 ਰੁਪਏ ਹੈ। ਇਸ ਦਾ ਸਵਾਦ ਸਭ ਠੰਡੇ ਪਦਾਰਥਾਂ ਤੋਂ ਉੱਤਮ ਹੈ।
 ਠੰਡੇ ਕੋਕ  : ਗਰਮੀਆਂ ਵਿੱਚ ਪੀਣ ਵਾਲੇ ਠੰਡੇ ਕੋਕ ਜਿਵੇਂ ਲਿਮਕਾ, ਕੋਕਾ ਕੋਲਾ, ਲੈਮਨ, ਥਮਸ ਅੱਪ, ਸਪਰਾਈਟ, ਪੈਪਸੀ, ਫੈਂਟਾ, ਮਾਜਾ ਆਦਿ ਹਨ। ਕੋਕਾ ਕੋਲਾ, ਸਪਰਾਈਟ, ਲਿਮਕਾ, ਫੈਂਟਾ ਤੇ ਥਮਸ ਅੱਪ ਦੀਆਂ ਦੋ ਲੀਟਰ ਵੀ ਮਾਰਕੀਟ ਵਿੱਚ ਉਪਲਬਧ ਹਨ। ਲਿਮਕਾ, ਮਾਜਾ, ਕੋਕਾ ਕੋਲਾ, ਸਪਰਾਈਟ ਦੀਆਂ ਬੋਤਲਾਂ ਦੇ ਤਿੰਨ ਚਾਰ ਸਾਈਜ਼ ਮਾਰਕੀਟ ਵਿੱਚ ਹਨ ਤੇ ਇਸ ਦੀ ਕੀਮਤ ਵੀ ਵੱਖ- ਵੱਖ ਹੈ। ਸਾਰੇ ਕੋਕ ਦੀਆਂ ਦੋ ਲੀਟਰ ਬੋਤਲਾਂ ਦੀ ਕੀਮਤ 75 ਰੁਪਏ ਤੋਂ 95-100 ਰੁਪਏ ਦੇ ਵਿਚਕਾਰ ਹੈ।  ਕੋਲਡ ਡਰਿੰਕ 300 ਐਮ.ਐਲ ਦੀ ਬੋਤਲ 20 ਰੁਪਏ ਅਤੇ 700 ਐਮ.ਐਲ ਦੀ ਬੋਤਲ 40 ਰੁਪਏ ਦੀ ਹੈ। ਕਈ ਕੰਪਨੀਆਂ ਲੋਕਲ ਬਰਾਂਡ ਵੀ ਤਿਆਰ ਕਰਕੇ ਵੇਚ ਰਹੀਆਂ ਹਨ। ਗਰਮੀਆਂ ਵਿੱਚ ਸਿਰਫ਼ ਕੁਝ ਸਮੇਂ ਲਈ ਹੀ ਇਹ ਪਿਆਸ ਬੁਝਾਉਣ ਲਈ ਵਰਤੋਂ ‘ਚ ਆਉਂਦੇ ਹਨ । ਵਿਆਹ ਸ਼ਾਦੀਆਂ, ਧਾਰਮਿਕ ਸਮਾਗਮਾਂ, ਖੁਸ਼ੀ ਦੇ ਮੌਕੇ ਤੇ ਸਪਰਾਈਟ, ਮਾਜਾ, ਕੋਕ ਦਾ ਇਸਤੇਮਾਲ ਆਮ ਹੀ ਕੀਤਾ ਜਾਂਦਾ ਹੈ। ਬੱਸ ਅੱਡਿਆਂ, ਹੋਟਲਾਂ, ਰੇਲਵੇ ਸਟੇਸ਼ਨਾਂ ਤੇ ਕੋਕ ਦੀ ਕੀਮਤ ਮਾਰਕੀਟ ਕੀਮਤ ਨਾਲੋਂ ਜ਼ਿਆਦਾ ਹੈ ।
 ਕੁਲਫੀ  : ਇਹ ਖੋਏ, ਚਾਕਲੇਟ, ਬਰਫ਼ ਦੀ ਹੁੰਦੀ ਹੈ। ਅੱਜ-ਕੱਲ੍ਹ ਤਾਂ ਮਾਰਕੀਟ ਚ ਬਹੁਤ ਖੂਬਸੂਰਤ ਪੈਕਿੰਗ ਵਿੱਚ ਤਿਆਰ ਕੁਲਫੀਆਂ ਮਿਲਦੀਆਂ ਹਨ। ਕੁਲਫੀ 10 ਰੁਪਏ ਤੋਂ ਲੈ ਕੇ 160 ਰੁਪਏ ਤੱਕ ਹੈ। ਖੋਏ ਦੀ ਕੁਲਫੀ ਛੋਟੀ 10 ਰੁਪਏ, ਵੱਡੀ 20 ਰੁਪਏ ਦੀ ਹੈ। ਸਪੈਸ਼ਲ ਸਟਿੱਕ ਕੁਲਫੀ 30 ਰੁਪਏ, 40 ਰੁਪਏ, 50 ਰੁਪਏ, 60 ਰੁਪਏ, 80 ਰੁਪਏ,100 ਰੁਪਏ ਦੀ ਹੈ। ਸਪੈਸ਼ਲ ਸਟਿਕ ਕੇਸਰ ਕੁਲਫੀ ਦੀ ਕੀਮਤ 40 ਰੁਪਏ ਤੋਂ 100 ਰੁਪਏ ਤੱਕ ਹੈ। ਸ਼ੂਗਰ ਫਰੀ ਸਟਿਕ ਕੁਲਫੀ 30 ਰੁਪਏ ਅਤੇ 50 ਰੁਪਏ ਦੀ  ਹੈ। ਲੱਛਾ ਕੁਲਫੀ 80 ਰੁਪਏ ਗਿਲਾਸ ਹੈ। ਗਲੀਆਂ- ਮੁਹੱਲਿਆਂ ਵਿੱਚ ਵੀ ਰੇਹੜੀਆਂ ਵਾਲੇ ਕੁਲਫੀਆਂ, ਬਰਫ ਦੇ ਗੋਲੇ ਬਣਾ ਕੇ ਪਹਿਲਾਂ ਵੇਚਦੇ ਸਨ, ਅੱਜ ਇਹ ਬਹੁਤ ਘੱਟ ਗਏ ਹਨ ਇਸ ਦੀ ਕੀਮਤ 20 ਰੁਪਏ ਹੈ। ਅੱਜ ਗਲੀਆਂ-ਮੁਹੱਲਿਆਂ ਤੇ ਦੁਕਾਨਾਂ ਤੇ ਖੋਏ ਵਾਲੀਆਂ ਕੁਲਫੀਆਂ, ਚਾਕਲੇਟ ਕੁਲਫੀਆਂ ਤੇ ਹੋਰ ਅਨੇਕਾਂ ਤਰ੍ਹਾਂ ਦੇ ਫਲੇਅਰ ਹਨ। ਪਹਿਲਾਂ ਪਹਿਲ ਬਰਫ਼ ਦੇ ਗੋਲੇ ਵਿੱਚ ਤੇ ਖੋਏ ਵਾਲੀ ਕੁਲਫੀ ਵਿੱਚ ਲੱਕੜ ਦਾ ਤੀਲਾ ਲਾਇਆ ਹੁੰਦਾ ਸੀ ਪਰ ਅੱਜ ਖੋਏ ਵਾਲੇ ਕੁਲਫੀ ਬੰਦ ਪੈਕਿੰਗ ਵਿੱਚ ਤੇ ਪਲਾਸਟਿਕ ਦਾ ਤੀਲਾ(ਸਟਿੱਕ) ਲਗਾਇਆ ਹੁੰਦਾ ਹੈ । ਕਈ ਕੁਲਫੀਆਂ ਵਿੱਚ ਲੱਕੜ ਦੀ ਫੱਟੀ ਵਾਂਗ ਚੌੜਾ ਤੀਲਾ ਲਗਾਇਆ ਹੁੰਦਾ ਹੈ।  ਬਰਫ਼ ਦੇ ਗੋਲੇ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ । ਰੇਹੜੀਆਂ ਵਾਲੇ ਜੋ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਕੁਲਫੀਆਂ ਵੇਚਦੇ ਹਨ ਉਹੀ ਬੱਚਿਆਂ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਹਨ।
ਸ਼ਰਬਤ : ਗਰਮੀਆਂ ਵਿੱਚ ਪੀਣ ਵਾਲੇ ਸ਼ਰਬਤ ਵੀ ਅਨੇਕਾਂ ਹਨ ਪਰ ਤਾਜ਼ੇ ਸਵਾਦੀ ਸ਼ਰਬਤਾਂ ਨੂੰ ਪੀਣ ਦਾ ਆਪਣਾ ਹੀ ਮਜ਼ਾ ਹੈ ।  ਹਾਂ ਇੱਕ ਗੱਲ ਜ਼ਰੂਰ ਧਿਆਨ ਰੱਖਣਾ, ਪਹਿਲਾਂ ਤਿਆਰ ਕੀਤਾ ਸ਼ਰਬਤ ਪੀਣ ਨਾਲ ਕਈ ਵਾਰ ਪੇਟ ਖ਼ਰਾਬ ਹੋ ਜਾਂਦਾ ਹੈ ਤੇ ਸ਼ਰਬਤ ਪੀਣ ਵਿੱਚ ਸਵਾਦ ਵੀ ਨਹੀਂ ਆਉਂਦਾ।  ਜੇਕਰ ਹੋ ਸਕੇ ਤਾਂ ਰਸਨਾ,ਪਾਈਨ ਐਪਲ ਦੇ ਸ਼ਰਬਤ ਘਰ ਵਿੱਚ ਹੀ ਤਿਆਰ ਕਰੋ ਤੇ ਤੁਸੀਂ ਮਿੱਠਾ ਵੀ ਆਪਣੀ ਪਸੰਦ ਅਨੁਸਾਰ ਪਾ ਸਕਦੇ ਹੋ । ਮਾਰਕੀਟ ਵਿੱਚ ਬੰਦ ਸ਼ਰਬਤਾਂ ਦੇ ਵੀ ਵੱਖ-ਵੱਖ ਫਲੇਵਰ ਉਪਲਬਧ ਹਨ ਜਿਵੇਂ ਲੈਮਨ, ਲੀਚੀ, ਮੈਂਗੋ ਤੇ ਹੋਰ ਆਦਿ। ਇਹ 750 ਐਮ.ਐਲ ਬੋਤਲ ਦੀ ਕੀਮਤ 170 ਰੁਪਏ ਤੋਂ 300 ਰੁਪਏ ਤੱਕ ਹੈ। ਇਹਨਾਂ ਸ਼ਰਬਤਾਂ ਦਾ ਪਾਣੀ ਦੇ ਗਿਲਾਸ ਵਿੱਚ ਇੱਕ ਢੱਕਣ ਹੀ ਪਾਉਣਾ ਪੈਂਦਾ ਹੈ ਪਰ ਕਈ ਸ਼ਰਬਤ ਇਸ ਤਰ੍ਹਾਂ ਦੇ ਵੀ ਮਾਰਕੀਟ ਵਿੱਚ ਹਨ ਜਿਨ੍ਹਾਂ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ । ਸ਼ਰਬਤਾਂ ਦੀ ਕੀਮਤ 110 ਰੁਪਏ ਤੋਂ ਲੈ ਕੇ 300-350 ਰੁਪਏ ਤੱਕ ਹੈ। ਬਾਜ਼ਾਰ ‘ਚ ਜਾਂ ਰੇਹੜੀਆਂ ਤੋਂ ਸ਼ਰਬਤ ਹਮੇਸ਼ਾਂ ਤਾਜ਼ਾ ਹੀ ਪੀਉ।
          ਉਪਰੋਕਤ ਤੋਂ ਇਲਾਵਾ ਹੋਰ ਵੀ ਕਈ ਠੰਡੇ ਪੀਣ ਵਾਲੇ ਪਦਾਰਥ ਹਨ । ਲੇਖ ਲੰਮੇਰਾ ਹੋ ਜਾਣ ਕਰਕੇ ਉਹਨਾਂ ਦਾ ਇੱਥੇ ਜ਼ਿਕਰ ਨਹੀਂ ਕਰ ਰਿਹਾ ਹਾਂ । ਮਾਰਕੀਟ ਵਿੱਚ ਅੱਜ ਕੱਲ੍ਹ ਗਰਮੀ ਬਹੁਤ ਜ਼ੋਰ ਨਾਲ ਪੈਣ ਕਰਕੇ ਵੱਖ-ਵੱਖ ਕੰਪਨੀਆਂ ਵਾਲੇ ਵੀ ਠੰਡੇ ਪਦਾਰਥ ਭੇਜ ਰਹੇ ਹਨ । ਇਹਨਾਂ ਦਾ ਮਜ਼ਾ ਕੁਝ ਪਲਾਂ ਦਾ ਹੀ ਹੁੰਦਾ ਹੈ । ਆਪਣੀ ਪਿਆਸ ਜ਼ਰੂਰ ਬੁਝਾਓ ਕਿਉਂਕਿ ਸਰੀਰ ਲਈ ਪਾਣੀ ਦੀ ਵੀ ਜਰੂਰਤ ਹੈ । ਆਪਣੀ ਜੇਬ ਦੇਖ ਕੇ ਠੰਡੇ ਪਦਾਰਥਾਂ ਦਾ ਇਸਤੇਮਾਲ ਕਰੋ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਘਰ ਦਾ ਬਜਟ ਹੀ ਵਿਗੜ ਜਾਵੇ । ਸੋ ਸੋਚ ਸਮਝ ਕੇ ਤੇ ਜ਼ਰੂਰਤ ਵੇਲੇ ਹੀ ਠੰਡੇ ਪਦਾਰਥ ਖਾਓ ਤੇ ਪੀਓ ।
Previous articleਆਪਣੀ ਹੋਂਦ ਨੂੰ ਮਹਿਸੂਸ ਕਰਨ ਦੀ ਲੋੜ
Next articleਮਾਤਾ ਰਾਣੀ ਚੌਕ ਬਾਜ਼ਾਰ ਵਿੱਚ ਖੁੱਲ੍ਹੇਆਮ ਸ਼ਰਾਬ ਦਾ ਸੇਵਨ, ਸ਼ਰਾਬ ਪੀਣੋ ਰੋਕਣ ‘ਤੇ ਦਿੱਤੀਆਂ ਧਮਕੀਆਂ।