
ਰੀਵਾ ਮੱਧ ਪ੍ਰਦੇਸ਼ ਦੇ ਨਾਮੀ ਵਕੀਲ ਸ੍ਰੀ ਸਤੀਸ਼ ਮਿਸ਼ਰਾ ਜੀ ਦੀ ਲਾਡਲੀ #ਸੰਭਵੀ_ਮਿਸ਼ਰਾ ਤੋਂ ਪਲਕ ਕਿਸ਼ੋਰੀ ਬਣਨ ਦਾ ਸਫ਼ਰ ਕਾਫੀ ਦਿਲਚਸਪ ਹੈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਸੰਭਵੀ ਮਿਸ਼ਰਾ ਦੇ ਘਰ ਦਾ ਨਾਮ (ਨਿੱਕ ਨੇਮ) #ਪਲਕ ਹੈ। ਜਿੱਥੇ 2020 ਦਾ ਕਰੋਨਾ ਕਾਲ ਲੋਕਾਂ ਲਈ ਭਾਰੀ ਮੁਸੀਬਤ ਲੈਕੇ ਆਇਆ ਤਾਂ ਉੱਥੇ ਉਸਨੇ ਪਲਕ ਨੂੰ ਰਾਮਾਇਣ, ਮਹਾਂਭਾਰਤ, ਗੀਤਾ ਵਰਗੀਆਂ ਧਾਰਮਿਕ ਗ੍ਰੰਥ ਪੜ੍ਹਨ ਦਾ ਮੌਕਾ ਦਿੱਤਾ। ਇਹ੍ਹਨਾਂ ਨੇ ਉਸ ਭਿਆਨਕ ਸਮੇਂ ਦੌਰਾਨ ਇਹ੍ਹਨਾਂ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਸਰਸਵਤੀ ਜੀ ਦੀ ਸ਼ੁਰੂ ਤੋਂ ਹੀ ਪਲਕ ਤੇ ਕ੍ਰਿਪਾ ਸੀ। ਸ਼ਾਫ ਅਤੇ ਦਮਦਾਰ ਆਵਾਜ਼ ਦੀ ਬਖਸ਼ਿਸ਼ ਹੋਣ ਕਰਕੇ ਬੋਲਣ ਅਤੇ ਆਪਣੀ ਗੱਲ ਕਹਿਣ ਦੀ ਝਿਜਕ ਨਹੀਂ ਸੀ। 2021 ਵਿੱਚ ਨਰਾਤਿਆਂ ਤੋਂ ਬਾਅਦ ਸ਼ਹਿਰ ਦੀ ਪੋਸ਼ ਕਲੋਂਨੀ ਵਿੱਚ ਨਾਨੀ ਮਾਂ ਦੇ ਘਰੇ ਮਾਂ ਦੁਰਗਾ ਦਾ ਆਸ਼ਟਮੀ ਦਾ ਪ੍ਰੋਗਰਾਮ ਸੀ ਜਿਸ ਵਿੱਚ ਪਲਕ ਨੂੰ ਬੋਲਣ ਦਾ ਮੌਕਾ ਮਿਲਿਆ। ਆਪਣੇ ਪੂਰੇ ਦੋ ਘੰਟੇ ਦੇ ਪ੍ਰੋਗਰਾਮ ਵਿੱਚ ਪਲਕ ਜੀ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਹ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਸੀ ਜਿਸ ਨੂੰ ਨਾਨਕਿਆਂ ਨੇ ਆਪਣਾ ਅਸ਼ੀਰਵਾਦ ਦਿੱਤਾ ਤੇ ਫਿਰ ਅਗਲਾ ਪ੍ਰੋਗਰਾਮ ਕਿਸੇ ਪੈਲੇਸ ਵਿੱਚ ਕੀਤਾ ਗਿਆ। ਉੱਥੇ ਵੀ ਕੋਈਂ ਡੇਢ ਘੰਟਾ ਪਲਕ ਜੀ ਨੇ ਆਪਣੀ ਵਾਣੀ ਨਾਲ ਸਭ ਨੂੰ ਨਿਹਾਲ ਕੀਤਾ। ਉਸ ਸਮੇਂ ਇਹ ਸਿਰਫ ਮਾਪਿਆਂ ਦੀ ਪਲਕ ਅਤੇ ਸਕੂਲ ਵਿੱਚ ਟੀਚਰਾਂ ਦੀ ਸੰਭਵੀ ਮਿਸ਼ਰਾ ਸੀ। ਪਰਿਵਾਰ ਅਤੇ ਆਪਣਿਆਂ ਦੇ ਸਹਿਯੋਗ ਨਾਲ ਪਲਕ ਜੀ ਨੇ ਰੀਵਾ ਦੇ ਪ੍ਰਾਚੀਨ ਕ੍ਰਿਸ਼ਨ ਮੰਦਿਰ ਵਿੱਚ ਮਾਂ ਭਗਵਤ ਕਥਾ ਸ਼ੁਰੂ ਕੀਤੀ ਜੋ ਸੱਤ ਦਿਨ ਚੱਲੀ। ਇਹ ਇਹ੍ਹਨਾਂ ਦਾ ਪਹਿਲ਼ਾ ਆਯੋਜਨ ਸੀ। ਇਸ ਬਹਾਨੇ ਉਸ ਪ੍ਰਾਚੀਨ ਮੰਦਿਰ ਦੀ ਵੀ ਕਾਇਆ ਕਲਪ ਹੋ ਗਈ। ਇਹ ਉਹ ਮੰਦਿਰ ਸੀ ਜੋ ਓਥੋਂ ਦੀ ਮਹਾਂਰਾਣੀ ਨੇ ਆਪਣੇ ਪੇਕੇ ਜੈਪੁਰ ਤੋਂ ਪੱਥਰ ਅਤੇ ਸੋਨਾ ਚਾਂਦੀ ਲਿਆਕੇ ਬਣਵਾਇਆ। ਸ੍ਰੀ ਮਦਭਾਗਵਤ ਦੀ ਕਥਾ ਤੋਂ ਬਾਅਦ ਮੰਦਿਰ ਨੂੰ ਨਵਾਂ ਰੂਪ ਦਿੱਤਾ ਗਿਆ। ਭਗਵਾਨ ਜੀ ਦੀ ਮੂਰਤੀ ਦੇ ਵਸਤਰ ਬਦਲੇ ਗਏ ਅਤੇ ਮੰਦਿਰ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕੀਤਾ ਗਿਆ। ਉਸੇ ਸਾਲ ਹੀ ਪਲਕ ਜੀ ਨੇ ਆਪਣੀ ਦਸਵੀਂ ਕਲਾਸ ਪਾਸ ਕੀਤੀ। ਫਿਰ ਸ੍ਰੀ ਪਲਕ ਜੀ ਦਾ ਨਾਮ ਚਮਕਣ ਲੱਗਿਆ। ਕਥਾ ਲਈ ਦੂਰੋਂ ਦੂਰੋਂ ਬੁਲਾਵੇ ਆਉਣ ਲੱਗੇ। ਸ਼ੁਰੂ ਦੇ ਦੌਰ ਵਿੱਚ ਮੱਧ ਪ੍ਰਦੇਸ਼ ਦੇ ਕਸਬੇ ਸਤਨਾਂ, ਉੱਤਰ ਪ੍ਰਦੇਸ਼ ਤੋਂ ਇਲਾਵਾ ਨੇਪਾਲ ਵਿੱਚ ਵੀ ਕਥਾ ਕਰਨ ਦਾ ਮੌਕਾ ਮਿਲਿਆ। ਇਸੇ ਕੜੀ ਵਿੱਚ ਨੰਦੀਸ਼ਾਲਾ ਡੱਬਵਾਲੀ ਦੇ ਪ੍ਰਬੰਧਕਾਂ ਨੇ ਸ੍ਰੀ ਪਲਕ ਕਿਸ਼ੋਰੀ ਜੀ ਨਾਲ ਸੰਪਰਕ ਕੀਤਾ।
ਨਿੱਜੀ ਰੂਪ ਵਿੱਚ ਪਲਕ ਕਿਸ਼ੋਰੀ ਜੀ ਦੀ ਧਰਮ ਅਤੇ ਸਾਇੰਸ ਵਿੱਚ ਕਾਫੀ ਰੁਚੀ ਹੈ। ਅੱਜਕਲ੍ਹ ਇਹ ਆਪਣੀ ਗਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ ਹਨ ਅਤੇ ਸ਼ੁਰੂ ਤੋਂ ਹੀ ਹੁਸ਼ਿਆਰ ਹਨ। ਇਹ੍ਹਨਾਂ ਨੇ ਬੀ ਏ ਵਿੱਚ ਮਨੋਵਿਗਿਆਨ ਨੂੰ ਇੱਕ ਵਿਸ਼ੇ ਵਜੋਂ ਚੁਣਿਆ ਹੈ ਅਤੇ ਇਹ ਮਨੋਵਿਗਿਆਨ ਵਿੱਚ ਪੀ ਐਚ ਡੀ ਕਰਨਾ ਚਾਹੁੰਦੇ ਹਨ। ਸ੍ਰੀ ਪਲਕ ਜੀ ਦੀ ਮੰਮੀ ਅਰਾਧਨਾ ਮਿਸ਼ਰਾ ਜੀ ਜੋ ਇੱਕ ਘਰੇਲੂ ਔਰਤ ਹਨ ਇਹ੍ਹਨਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਆਪਣੀ ਉਮਰ ਦੇ ਲਿਹਾਜ ਨਾਲ ਇਹ੍ਹਨਾਂ ਨੂੰ ਵੀ ਆਮ ਬੱਚਿਆਂ ਵਾਂਗ ਚਟਪਟਾ ਪਸੰਦ ਹੈ। ਪਾਣੀ ਪੂਰੀ ਇਹ੍ਹਨਾਂ ਦੀ ਫੇਵਰਿਟ ਹੈ। ਪ੍ਰੰਤੂ ਕਥਾ ਦੌਰਾਨ ਉਹ ਇਹ੍ਹਨਾਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ। ਇਹ ਆਪਣਾ ਸਮਾਜਿਕ ਜੀਵਨ ਜਿਉਣਾ ਚਾਹੁੰਦੇ ਹਨ। ਸਾਧਵੀ, ਗੁਰੂ ਮਾਂ, ਦੇਵੀ ਅਤੇ ਮਾਤਾ ਵਰਗੇ ਧਾਰਮਿਕ ਰੁਤਬਿਆਂ ਤੋਂ ਇਹ ਦੂਰ ਰਹਿਣਾ ਚਾਹੁੰਦੇ ਹਨ। ਬੱਸ ਇੱਕ ਕਥਾਵਾਚਕ ਰਹਿਣਾ ਹੀ ਇਹ੍ਹਨਾਂ ਨੂੰ ਪਸੰਦ ਹੈ।
ਰੀਵਾ ਵਿੱਚ ਇਹ੍ਹਨਾਂ ਦਾ ਸੰਯੁਕਤ ਪਰਿਵਾਰ ਹੈ ਤੇ ਇਹ ਇਕੱਠੇ ਹੀ ਰਹਿੰਦੇ ਹਨ। ਡੱਬਵਾਲੀ ਦੀ ਮਹਿਮਾਨ ਨਿਵਾਜੀ ਇਹ੍ਹਨਾਂ ਨੂੰ ਇੰਨੀ ਪਸੰਦ ਆਈ ਹੈ ਕਿ ਇਹ੍ਹਨਾਂ ਦਾ ਇਥੋਂ ਜਾਣ ਨੂੰ ਦਿਲ ਨਹੀਂ ਕਰਦਾ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj